ਪਾਕਿ ਤੋਂ ਡਰੋਨ ਰਾਹੀਂ ਹੈਰੋਇਨ ਤੇ ਹਥਿਆਰ ਮੰਗਵਾਉਣ ਵਾਲਿਆਂ ਦੀ ਹੋਈ ਪਛਾਣ, ਫਿਰੋਜ਼ਪੁਰ ਪੁਲਸ ਨੇ ਸ਼ੁਰੂ ਕੀਤੀ ਛਾਪੇਮਾਰੀ
Monday, Jan 23, 2023 - 12:21 PM (IST)
ਫਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ ਦੇ ਸਰਹੱਦੀ ਪਿੰਡ ਲੱਖਾ ਸਿੰਘ ਵਾਲਾ ਵਿਖੇ ਸਰਚ ਆਪ੍ਰੇਸ਼ਨ ਦੌਰਾਨ ਪੁਲਸ ਥਾਣਾ ਮਮਦੋਟ ਨਿਸ਼ਾਨ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਸਾਹਾਕੇ, ਕੁਲਬੀਰ ਸਿੰਘ ਪੁੱਤਰ ਪਾਲਾ ਸਿੰਘ ਵਾਸੀ ਪਿੰਡ ਚੱਕ ਘੁਭਾਈ ਅਤੇ ਅਣਪਛਾਤੇ ਵਿਅਕਤੀਆਂ ਵੱਲੋਂ ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਦੀ ਤਸਕਰੀ ਕਰਨ ਦੇ ਦੋਸ਼ ਹੇਠਾਂ ਏਅਰਕ੍ਰਾਫਟ ਐਕਟ, ਗੈਰ-ਕਾਨੂੰਨੀ ਗਤੀਵਿਧੀਆਂ ਐਕਟ ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ ਅਤੇ ਪੁਲਸ ਵੱਲੋਂ ਨਾਮਜ਼ਦ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਭਿਆਨਕ ਹਾਦਸੇ ਨੇ ਘਰ 'ਚ ਪੁਆਏ ਵੈਣ, ਵਿਆਹ ਸਮਾਗਮ ਤੋਂ ਪਰਤ ਰਹੇ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮਮਦੋਟ ਦੇ ਐੱਸ. ਐੱਚ .ਓ. ਇੰਸਪੈਕਟਰ ਲੇਖਰਾਜ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਕਮਾਂਡਰ ਆਫ਼ ਕੰਪਨੀ ਲਖਾ ਸਿੰਘ ਵਾਲਾ ਵੱਲੋਂ ਭੇਜੇ ਗਏ ਲਿਖਤੀ ਪੱਤਰ ਤੇ ਪੁਲਸ ਵੱਲੋਂ ਚਲਾਏ ਗਏ ਸਰਚ ਆਪ੍ਰੇਸ਼ਨ ਦੇ ਆਧਾਰ 'ਤੇ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 21/22 ਜਨਵਰੀ 2023 ਦੀ ਦਰਮਿਆਨੀ ਰਾਤ ਨੂੰ ਇਸ ਇਲਾਕੇ ’ਚ ਡਰੋਨ ਉਡੱਣ ਦੀ ਕਾਰਵਾਈ ਦੇਖੀ ਗਈ ਸੀ, ਜਿਸ ’ਤੇ ਥਾਣਾ ਮਮਦੋਟ ਦੀ ਪੁਲਸ ਨੇ ਉਨ੍ਹਾਂ ਦੀ ਅਗਵਾਈ ’ਚ ਇਸ ਇਲਾਕੇ ’ਚ ਸਰਚ ਅਭਿਆਨ ਸ਼ੁਰੂ ਕੀਤਾ ਅਤੇ ਆਸ-ਪਾਸ ਦੇ ਖੇਤਰ 'ਚ ਲੱਗੇ ਕੈਮਰਿਆਂ ਦੀ ਚੈਕਿੰਗ ਕਰਨ ’ਤੇ ਦੋ ਵਿਅਕਤੀ ਪੈਦਲ ਦੌੜਦੇ ਦੇਖੇ ਗਏ, ਜਿਨ੍ਹਾਂ ਦੇ ਪਿੱਛੇ ਬੀ. ਐੱਸ. ਐੱਫ. ਦੀ ਗੱਡੀ ਲੱਗੀ ਹੋਈ ਸੀ ਅਤੇ ਆਸਪਾਸ ਦੇ ਲੋਕਾਂ ਤੋਂ ਇਨ੍ਹਾਂ ਦੋਵਾਂ ਵਿਅਕਤੀਆਂ ਦੀ ਪਛਾਣ ਕੀਤੀ ਗਈ।
ਇਹ ਵੀ ਪੜ੍ਹੋ- ਛਪੇ ਰਹਿ ਗਏ ਵਿਆਹ ਦੇ ਕਾਰਡ, ਕਰਜ਼ਾ ਚੁੱਕ ਕੈਨੇਡਾ ਭੇਜੀ ਮੰਗੇਤਰ ਦੇ ਸੁਨੇਹੇ ਨੇ ਮੁੰਡੇ ਨੂੰ ਕੀਤਾ ਕੱਖੋਂ ਹੌਲਾ
ਲੋਕਾਂ ਨੇ ਦੱਸਿਆ ਕਿ ਕੈਮਰਿਆਂ ’ਚ ਦੌੜਦੇ ਦਿਖਾਈ ਦੇਣ ਵਾਲੇ ਨੌਜਵਾਨ ਨਿਸ਼ਾਨ ਸਿੰਘ ਅਤੇ ਕੁਲਬੀਰ ਸਿੰਘ ਹਨ ਅਤੇ ਇਹ ਵਿਅਕਤੀ ਪਹਿਲਾਂ ਵੀ ਪਾਕਿਸਤਾਨ ਤੋਂ ਪੰਜਾਬ ਦੇ ਏਰੀਆ ਵਿੱਚ ਤਸਕਰੀ ਕਰਨ ਵਿੱਚ ਪੂਰੀ ਤਰ੍ਹਾਂ ਸਰਗਰਮਰ ਹਨ ਅਤੇ ਪਾਕਿਸਤਾਨ ਤੋਂ ਡਰੋਨ ਰਾਹੀਂ ਨਸ਼ੀਲੇ ਪਦਾਰਥ ਅਤੇ ਹਥਿਆਰ ਮੰਗਵਾਉਂਦੇ ਹਨ। ਉਨ੍ਹਾਂ ਦੱਸਿਆ ਕਿ ਪੁਲਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।