ਜੇਬ ''ਚੋਂ ਰੁਪਏ ਕੱਢਣ ''ਤੇ ਵਿਅਕਤੀ ਵਿਰੁੱਧ ਪਰਚਾ ਦਰਜ
Thursday, Dec 21, 2017 - 05:37 PM (IST)
ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਸਵਾਗਤ ਲਈ ਸ਼੍ਰੋਮਣੀ ਅਕਾਲੀ ਦਲ (ਬ) ਦੇ ਦਫਤਰ ਸੁਨਾਮ 'ਚ ਗਏ ਇਕ ਵਿਅਕਤੀ ਦੀ ਜੇਬ 'ਚੋਂ ਰੁਪਏ ਕੱਢਣ 'ਤੇ ਇਕ ਵਿਅਕਤੀ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਹੈ। ਸਹਾਇਕ ਥਾਣੇਦਾਰ ਗੁਰਚਰਨ ਸਿੰਘ ਨੇ ਦੱਸਿਆ ਕਿ ਮੁੱਦਈ ਭੁਪਿੰਦਰ ਸਿੰਘ ਪੁੱਤਰ ਕੁੰਦਨ ਸਿੰਘ ਵਾਸੀ ਢੰਢਰੀਆਂ ਥਾਣਾ ਲੌਂਗੋਵਾਲ 1 ਦਸੰਬਰ 2017 ਨੂੰ ਆਪਣੇ ਸਾਥੀਆਂ ਸਮੇਤ ਭਾਈ ਲੌਂਗੋਵਾਲ ਦੇ ਸਵਾਗਤ ਲਈ ਦਫਤਰ ਪਹੁੰਚਿਆ ਸੀ, ਜਿਥੇ ਉਸ ਦੀ ਜੇਬ 'ਚੋਂ 74,200 ਰੁਪਏ ਚੋਰੀ ਹੋ ਗਏ। ਉਸ ਵੱਲੋਂ ਕਵਰੇਜ ਕਰ ਰਹੇ ਪੱਤਰਕਾਰਾਂ ਨਾਲ ਤਾਲਮੇਲ ਕਰ ਕੇ ਵੀਡੀਓ ਦੇਖਣ 'ਤੇ ਦੋਸ਼ੀ ਭੁਪਿੰਦਰ ਸਿੰਘ ਉਰਫ ਰਾਜੂ ਪੁੱਤਰ ਮੁਖਤਿਆਰ ਸਿੰਘ ਵਾਸੀ ਸੁਨਾਮ ਪੈਸੇ ਕਢਦਾ ਹੋਇਆ ਨਜ਼ਰ ਆਇਆ। ਪੁਲਸ ਨੇ ਮੁੱਦਈ ਦੇ ਬਿਆਨਾਂ ਦੇ ਆਧਾਰ 'ਤੇ ਮੁਲਜ਼ਮ ਵਿਰੁੱਧ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
