ਮਲੇਸ਼ੀਆ ਭੇਜਣ ਦੀ ਥਾਂ ਸਾਊਦੀ ਅਰਬ ਭੇਜਣ ਵਾਲੇ ਏਜੰਟਾਂ ''ਤੇ ਕੇਸ

Monday, Oct 30, 2017 - 03:56 AM (IST)

ਮਲੇਸ਼ੀਆ ਭੇਜਣ ਦੀ ਥਾਂ ਸਾਊਦੀ ਅਰਬ ਭੇਜਣ ਵਾਲੇ ਏਜੰਟਾਂ ''ਤੇ ਕੇਸ

ਰਾਹੋਂ, (ਪ੍ਰਭਾਕਰ)— ਵਿਦੇਸ਼ ਭੇਜਣ ਦੇ ਨਾਂ 'ਤੇ ਠੱਗੀ ਕਰਨ ਵਾਲੇ ਏਜੰਟਾਂ ਖਿਲਾਫ ਮਾਮਲਾ ਦਰਜ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਰਾਹੋਂ ਦੇ ਐੱਸ. ਐੱਚ. ਓ. ਸੁਭਾਸ਼ ਬਾਠ ਨੇ ਦੱਸਿਆ ਕਿ ਪਿੰਡ ਗੜ੍ਹੀ ਫਤਿਹ ਖਾਂ ਦੇ ਰਹਿਣ ਵਾਲੇ ਗੁਰਮੇਲ ਰਾਮ ਪੁੱਤਰ ਸੰਤ ਰਾਮ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਉਸ ਨੇ ਆਪਣੀ ਪਤਨੀ ਤੇ ਲੜਕੀ ਨੂੰ ਮਲੇਸ਼ੀਆ (ਵਿਦੇਸ਼) ਭੇਜਣ ਲਈ ਕੁਲਵਿੰਦਰ ਸਿੰਘ ਪੁੱਤਰ ਹਰਬੰਸ ਸਿੰਘ ਪਿੰਡ ਅੰਗਾ ਕਿਰੀ ਡਾਕਖਾਨਾ ਮਹਿਤਪੁਰ ਤਹਿਸੀਲ ਨਕੋਦਰ ਤੇ ਸੀਮਾ ਉਰਫ ਸੰਦੀਪ ਪੁੱਤਰੀ ਬੁੱਧਰਾਜ ਵਾਸੀ ਪਿੰਡ ਚੁਚੇਕੀ (ਫਿਲੌਰ) ਤੇ ਨੇਹਾ ਵਾਸੀ ਦਿੱਲੀ ਨੂੰ 1 ਲੱਖ 20 ਹਜ਼ਾਰ ਰੁਪਏ ਦਿੱਤੇ ਸੀ। 
ਇਨ੍ਹਾਂ ਨੇ ਮੇਰੀ ਪਤਨੀ ਤੇ ਲੜਕੀ ਨੂੰ ਮਲੇਸ਼ੀਆ ਘਰ ਦੇ ਕੰਮ ਕਰਨ ਲਈ ਭੇਜਣਾ ਸੀ ਪਰ ਉਨ੍ਹਾਂ ਨੂੰ ਸਾਊਦੀ ਅਰਬ ਭੇਜ ਦਿੱਤਾ ਸੀ ਤੇ ਹੁਣ ਉਥੋਂ ਵਾਪਸ ਲਿਆਉਣ ਲਈ 1 ਲੱਖ ਰੁਪਏ ਤੇ ਟਿਕਟ ਦਾ ਖਰਚਾ ਵੱਖਰੇ ਤੌਰ 'ਤੇ ਮੰਗ ਰਹੇ ਹਨ। ਮੇਰੀ ਲੜਕੀ ਤੇ ਪਤਨੀ ਨੂੰ ਭੇਜਿਆਂ ਦੋ ਮਹੀਨਿਆਂ ਤੋਂ ਵੱਧ ਸਮਾਂ ਹੋ ਚੁੱਕਾ ਹੈ। ਜਦੋਂ ਮੈਂ ਇਨ੍ਹਾਂ ਦੇ ਦਫਤਰ, ਜੋ ਦਿੱਲੀ 'ਚ ਦੱਸਿਆ ਗਿਆ ਸੀ, ਗਿਆ ਤਾਂ ਉਥੇ ਇਨ੍ਹਾਂ ਦਾ ਕੋਈ ਦਫਤਰ ਨਹੀਂ ਸੀ। ਇਨ੍ਹਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਐੱਸ. ਐੱਚ. ਓ. ਸੁਭਾਸ਼ ਬਾਠ ਨੇ ਦੱਸਿਆ ਕਿ ਗੁਰਮੇਲ ਦੇ ਬਿਆਨਾਂ ਦੇ ਆਧਾਰ 'ਤੇ ਧੋਖਾਦੇਹੀ ਕਰਨ ਵਾਲੇ ਤਿੰਨਾਂ ਏਜੰਟਾਂ ਖਿਲਾਫ ਧਾਰਾ 420, 406, 120 ਬੀ. ਅਧੀਨ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


Related News