ਮਾਮਲਾ ਖੁਦਕੁਸ਼ੀ ਦਾ, ਭਰਾ ਨੇ ਲਾਸ਼ ਨੂੰ ਪਛਾਨਣ ਤੋਂ ਕੀਤਾ ਇਨਕਾਰ

Sunday, Dec 24, 2017 - 02:16 PM (IST)

ਮਾਮਲਾ ਖੁਦਕੁਸ਼ੀ ਦਾ, ਭਰਾ ਨੇ ਲਾਸ਼ ਨੂੰ ਪਛਾਨਣ ਤੋਂ ਕੀਤਾ ਇਨਕਾਰ


ਗਿੱਦੜਬਾਹਾ (ਕੁਲਭੂਸ਼ਨ) - ਸਿਵਲ ਹਸਪਤਾਲ ਵਿਖੇ ਅੱਜ ਇਕ ਵੱਖਰੀ ਕਿਸਮ ਦੀ ਅਜੀਬ ਜਿਹੀ ਸਥਿਤੀ ਉਸ ਸਮੇਂ ਪੈਦਾ ਹੋ ਗਈ, ਜਦੋਂ ਨਹਿਰ 'ਚੋਂ ਬਰਾਮਦ ਲਾਸ਼ ਨੂੰ ਇਕ ਵਿਅਕਤੀ ਨੇ ਪਹਿਲਾਂ ਆਪਣੇ ਭਰਾ ਦੀ ਕਹਿ ਕੇ ਹਸਤਪਾਲ ਦੀ ਕਾਰਵਾਈ ਮੁਕੰਮਲ ਕਰਵਾ ਲਈ ਅਤੇ ਬਾਅਦ 'ਚ ਉਕਤ ਲਾਸ਼ ਨੂੰ ਆਪਣੇ ਭਰਾ ਦੀ ਲਾਸ਼ ਨਾ ਕਹਿੰਦੇ ਹੋਏ ਅਣਪਛਾਤੀ ਕਰਾਰ ਦੇ ਦਿੱਤਾ। 
ਐੱਸ. ਐੱਚ. ਓ. ਧਰਮਪਾਲ ਸ਼ਰਮਾ ਨੇ ਦੱਸਿਆ ਕਿ ਬੀਤੀ 13 ਦਸੰਬਰ ਦੀ ਸਵੇਰ ਨੂੰ ਗਿੱਦੜਬਾਹਾ ਮਲੋਟ ਰੋਡ 'ਤੇ ਸਥਿਤ ਜੌੜੀਆਂ ਨਹਿਰਾਂ 'ਚੋਂ ਰਾਜਸਥਾਨ ਫੀਡਰ ਵਿਚ ਸੁਰੇਸ਼ ਕੁਮਾਰ ਉਰਫ ਹੈਪੀ ਪੁੱਤਰ ਵੇਦ ਪ੍ਰਕਾਸ਼ ਵਾਸੀ ਮਲੋਟ ਨੇ ਛਾਲ ਮਾਰ ਦਿੱਤੀ ਸੀ, ਦੇ ਸਬੰਧ 'ਚ ਮ੍ਰਿਤਕ ਦੇ ਭਰਾ ਨਰੇਸ਼ ਕੁਮਾਰ ਨੂੰ ਅੱਜ ਸਵੇਰੇ ਸੂਚਨਾ ਪ੍ਰਾਪਤ ਹੋਈ ਕਿ ਪਿੰਡ ਪੰਜਾਵਾ 'ਚੋਂ ਲੰਘਦੀ ਉਕਤ ਨਹਿਰ ਵਿਚੋਂ ਇਕ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ, ਜਿਸ 'ਤੇ ਨਰੇਸ਼ ਕੁਮਾਰ ਨੇ ਥਾਣਾ ਗਿੱਦੜਬਾਹਾ ਦੀ ਪੁਲਸ ਨੂੰ ਨਾਲ ਲੈ ਕੇ ਉਕਤ ਲਾਸ਼ ਦੀ ਪਛਾਣ ਆਪਣੇ ਭਰਾ ਸੁਰੇਸ਼ ਕੁਮਾਰ ਉਰਫ ਹੈਪੀ ਦੀ ਦੱਸਿਆ, ਉਸ ਨੂੰ ਸਿਵਲ ਹਸਪਤਾਲ ਵਿਖੇ ਲਿਆਂਦਾ। 
ਡੁੱਬ ਕੇ ਮਰ ਗਏ ਵਿਅਕਤੀਆਂ ਦੇ ਪੋਸਟਮਾਰਟਮ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ, ਫਰੀਦਕੋਟ ਵਿਖੇ ਹੋਣ ਕਰ ਕੇ ਡਿਊਟੀ 'ਤੇ ਤਾਇਨਾਤ ਡਾ. ਨਿਤਿਸ਼ ਗੋਇਲ ਵੱਲੋਂ ਪੁਲਸ ਦੀ ਮਦਦ ਨਾਲ ਉਕਤ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਲਗਭਗ ਸਾਰੀ ਤਿਆਰੀ ਮੁਕੰਮਲ ਕਰ ਲਈ ਗਈ।
ਫਿਰ ਮ੍ਰਿਤਕ ਦੀ ਪਤਨੀ ਗੀਤਾ ਰਾਣੀ ਨੂੰ ਸਿਵਲ ਹਸਪਤਾਲ ਵਿਖੇ ਉਕਤ ਲਾਸ਼ ਦੀ ਪਛਾਣ ਕਰਨ ਲਈ ਲਿਆਂਦਾ ਗਿਆ, ਜਿਸ ਨੇ ਵੀ ਉਕਤ ਲਾਸ਼ ਆਪਣੇ ਪਤੀ ਸੁਰੇਸ਼ ਕੁਮਾਰ ਉਰਫ ਹੈਪੀ ਦੀ ਨਾ ਹੋਣ ਬਾਰੇ ਕਿਹਾ। ਐੱਸ. ਐੱਚ. ਓ. ਨੇ ਦੱਸਿਆ ਕਿ ਉਕਤ ਲਾਸ਼ ਨੂੰ ਪਛਾਣ ਲਈ ਅਗਲੇ 72 ਘੰਟਿਆਂ ਤੱਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫਰੀਦਕੋਟ ਵਿਖੇ ਪਹੁੰਚਾ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News