ਸਰਹਿੰਦ ਫੀਡਰ ਟੁੱਟਣ ਦਾ ਮਾਮਲਾ, ਜਾਂਚ ਅਧਿਕਾਰੀ ਨੇ 7 ਇੰਜੀਨੀਅਰਾਂ ਨੂੰ ਕੀਤਾ ਤਲਬ

Tuesday, Nov 15, 2022 - 05:46 PM (IST)

ਸਰਹਿੰਦ ਫੀਡਰ ਟੁੱਟਣ ਦਾ ਮਾਮਲਾ, ਜਾਂਚ ਅਧਿਕਾਰੀ ਨੇ 7 ਇੰਜੀਨੀਅਰਾਂ ਨੂੰ ਕੀਤਾ ਤਲਬ

ਜਲੰਧਰ (ਨਰਿੰਦਰ ਮੋਹਨ) : ਇਸ ਸਾਲ ਅਪ੍ਰੈਲ ਅਤੇ ਮਈ ’ਚ ਇਕ ਹੀ ਥਾਂ ਤੋਂ ਦੋ ਵਾਰ ਟੁੱਟੀ ਸਰਹਿੰਦ ਫੀਡਰ ਦੀ ਜਾਂਚ ਦਾ ਕੰਮ ਸ਼ੁਰੂ ਹੋ ਗਿਆ ਹੈ। ਪੰਜਾਬ ਸਰਕਾਰ ਵੱਲੋਂ ਸੇਵਾਮੁਕਤ ਪੀ.ਸੀ.ਐੱਸ. ਅਧਿਕਾਰੀ ਐੱਨ.ਐੱਸ. ਬਰਾੜ ਦੀ ਇਕ ਮੈਂਬਰੀ ਕਮੇਟੀ ਦੀ ਪ੍ਰਧਾਨਗੀ ’ਚ ਸ਼ੁਰੂ ਕੀਤੀ ਗਈ ਪੜਤਾਲ ’ਚ ਦੂਜੀ ਪੇਸ਼ੀ ਦੇ ਤੌਰ ’ਤੇ ਜਲ ਸਰੋਤ ਵਿਭਾਗ ਦੇ ਇਕ ਐੱਸ.ਈ., ਦੋ ਕਾਰਜਕਾਰੀ ਇੰਜੀਨੀਅਰ, ਦੋ ਐੱਸ.ਡੀ.ਓਜ਼ ਅਤੇ ਦੋ ਜੇ.ਈਜ਼ ਨੂੰ 21 ਨਵੰਬਰ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ। ਸਰਕਾਰ ਨੇ ਇਸ ਮਾਮਲੇ ਦੀ ਜਾਂਚ ਤੇਜ਼ੀ ਨਾਲ ਕਰਨ ਨੂੰ ਕਿਹਾ ਹੈ ਤਾਂ ਉਥੇ ਹੀ ਇਸ ਮਾਮਲੇ ਦਾ ਦੂਸਰਾ ਪਹਿਲੂ ਇਹ ਵੀ ਹੈ ਕਿ ਸਰਕਾਰ ਨੇ ਜਿਸ ਚਾਰਜਸ਼ੀਟਡ ਇਕ ਕਾਰਜਕਾਰੀ ਇੰਜੀਨੀਅਰ ਅਬੋਹਰ ਨੂੰ ਸਰਹਿੰਦ ਫੀਡਰ ਦੇ ਕੰਮ ਤੋਂ ਹਟਾ ਦਿੱਤਾ ਸੀ, ਹੁਣ ਯੂ-ਟਰਨ ਲੈਂਦਿਆਂ ਉਸੇ ਕਾਰਜਕਾਰੀ ਅਧਿਕਾਰੀ ਨੂੰ ਅਬੋਹਰ ਕੈਨਾਲ ਡਵੀਜ਼ਨ ’ਚ ਕਰੋੜਾਂ ਰੁਪਏ ਦੇ ਕੰਮ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਸਰਕਾਰ ਨੇ ਇਕ ਸੇਵਾਮੁਕਤ ਪੀ.ਸੀ.ਐੱਸ. ਅਧਿਕਾਰੀ ਨੂੰ ਜਾਂਚ ਲਈ ਤਾਇਨਾਤ ਕੀਤਾ ਹੈ। ਪਹਿਲੀ ਪੇਸ਼ੀ ਤੋਂ ਬਾਅਦ ਹੁਣ ਦੂਜੀ ਪੇਸ਼ੀ 21 ਨਵੰਬਰ ਲਈ ਤੈਅ ਕੀਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ਕੈਨੇਡਾ ਤੋਂ ਆਈ ਦੁੱਖਭਰੀ ਖ਼ਬਰ, ਅੰਤਰਰਾਸ਼ਟਰੀ ਕਬੱਡੀ ਖਿਡਾਰੀ ਦੀ ਹੋਈ ਮੌਤ

ਸਰਹਿੰਦ ਫੀਡਰ ਨਹਿਰ ਦੀ ਰੀ-ਲਾਈਨਿੰਗ ਦਾ ਕੰਮ 30 ਨਵੰਬਰ ਤੋਂ ਅਗਲੇ ਸਾਲ 3 ਜਨਵਰੀ ਤੱਕ ਜਾਰੀ ਰਹੇਗਾ ਅਤੇ ਉਦੋਂ ਤੱਕ ਇਸ ਨਹਿਰ ’ਚ ਪਾਣੀ ਬੰਦ ਰਹੇਗਾ। ਸਰਹਿੰਦ ਫੀਡਰ ਦਾ ਪਿਛਲੇ ਦੋ ਸਾਲਾਂ ਤੋਂ ਰੁਕ-ਰੁਕ ਕੇ ਪੁਨਰ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਵਾਰ ਉਸਾਰੀ ਦਾ ਕੰਮ 35 ਦਿਨਾਂ ਦਾ ਹੈ, ਜਿਸ ’ਚੋਂ 35 ਕੰਮ ਕੀਤੇ ਜਾਣੇ ਹਨ, ਜਿਸ ’ਤੇ ਤਕਰੀਬਨ 100 ਕਰੋੜ ਰੁਪਏ ਦੀ ਲਾਗਤ ਆਵੇਗੀ ਪਰ ਸਰਹਿੰਦ ਫੀਡਰ ਦੇ ਰੀ ਲਾਈਨਿੰਗ ਕੰਮ ’ਚ ਵੀ ਅੜਿੱਕੇ ਆ ਰਹੇ ਹਨ। ਪਹਿਲਾਂ ਤਾਂ ਠੇਕੇਦਾਰ ਬਹੁਤ ਜ਼ਿਆਦਾ ਰੇਟ ’ਤੇ ਟੈਂਡਰ ਪਾ ਰਹੇ ਹਨ, ਜਿਸ ਕਾਰਨ 35 ’ਚੋਂ 25 ਟੈਂਡਰ ਦੋ ਵਾਰ ਰੱਦ ਹੋ ਚੁੱਕੇ ਹਨ, ਹੁਣ ਕੁਝ ਦਿਨਾਂ ’ਚ ਟੈਂਡਰ ਖੋਲ੍ਹੇ ਜਾਣੇ ਹਨ। ਸਰਹਿੰਦ ਫੀਡਰ ਦੇ ਰਾਹ ਵਿਚ ਵੀ ਕਿਸਾਨਾਂ ਦੀ ਆਵਾਜਾਈ ਅੜਿੱਕਾ ਬਣ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਕੱਚੀ ਨਹਿਰ ਕਾਰਨ ਧਰਤੀ ਹੇਠਲੇ ਪਾਣੀ ਦਾ ਪੱਧਰ ਠੀਕ ਹੋਣਾ ਸ਼ੁਰੂ ਹੋ ਗਿਆ ਹੈ ਪਰ ਸਰਹਿੰਦ ਫੀਡਰ ਦੇ ਪੱਕੇ ਹੋਣ ਤੋਂ ਬਾਅਦ ਪਾਣੀ ਫਿਰ ਹੇਠਾਂ ਚਲਾ ਜਾਵੇਗਾ।ਸਰਹਿੰਦ ਫੀਡਰ ਦੀ ਰੀ-ਲਾਈਨਿੰਗ ਦੇ ਕੰਮ ’ਚ ਅਬੋਹਰ ਅਤੇ ਫਿਰੋਜ਼ਪੁਰ ਦੇ ਕਾਰਜਕਾਰੀ ਇੰਜੀਨੀਅਰ ਉਸੇ ਕੰਕਰੀਟ ਲਾਈਨਿੰਗ ਦੇ ਮਾਮਲੇ ’ਚ ਚਾਰਜਸ਼ੀਟਡ ਹੈ, ਇਸ ਲਈ ਅਬੋਹਰ ਦੇ ਕਾਰਜਕਾਰੀ ਇੰਜੀਨੀਅਰ ਨੂੰ ਸਰਹਿੰਦ ਫੀਡਰ ਦੀ ਕੰਕਰੀਟ ਲਾਈਨਿੰਗ ਦੇ ਕੰਮ ਤੋਂ ਹਟਾ ਦਿੱਤਾ ਗਿਆ ਹੈ ਪਰ ਵਿਭਾਗ ਦੇ ਅਧਿਕਾਰੀਆਂ ਨੇ ਉਸ ਨੂੰ ਅਬੋਹਰ ਡਵੀਜ਼ਨ ਦੀਆਂ ਵੱਖ-ਵੱਖ ਨਹਿਰਾਂ ਦੀ ਕੰਕਰੀਟ ਲਾਈਨਿੰਗ ਦਾ ਕੰਮ ਸੌਂਪ ਦਿੱਤਾ ਹੈ, ਜਿਸ ਦੇ ਟੈਂਡਰ 17 ਤੋਂ 21 ਨਵੰਬਰ ਤੱਕ ਖੋਲ੍ਹੇ ਜਾਣੇ ਹਨ।

ਇਹ ਖ਼ਬਰ ਵੀ ਪੜ੍ਹੋ : ਸਾਊਦੀ ਅਰਬ ’ਚ ਵਾਪਰੇ ਭਿਆਨਕ ਹਾਦਸੇ ’ਚ ਪੰਜਾਬੀ ਨੌਜਵਾਨ ਦੀ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ


author

Manoj

Content Editor

Related News