ਗੈਂਗਸਟਰ ਵਿੱਕੀ ਗੌਂਡਰ ਦੇ ਸਮਰਥਕ ਨੂੰ ਅਗਵਾ ਕਰਵਾਉਣ ਵਾਲੀ ਮਨੀਕਸ਼ਾ ਪੁੱਜੀ ਜੇਲ, ਪੁਲਸ ਨੇ ਰੱਖਿਆ ਮੀਡੀਆ ਤੋਂ ਦੂਰ

07/18/2017 6:52:53 PM

ਜਲੰਧਰ(ਰਾਜੇਸ਼)— ਗੈਂਗਸਟਰਾਂ ਨਾਲ ਸੰਬੰਧ ਰੱਖਣ ਵਾਲੀ ਲੜਕੀ ਮਨੀਕਸ਼ਾ ਨੂੰ ਸੋਮਵਾਰ ਨੂੰ ਪੁਲਸ ਰਿਮਾਂਡ ਖਤਮ ਹੋਣ 'ਤੇ ਜੇਲ ਭੇਜ ਦਿੱਤਾ ਗਿਆ। ਆਮ ਤੌਰ 'ਤੇ ਵਾਰਦਾਤਾਂ ਵਿਚ ਸ਼ਾਮਲ ਔਰਤਾਂ ਦੇ ਫੜੇ ਜਾਣ 'ਤੇ ਪੁਲਸ ਪ੍ਰੈੱਸ ਕਾਨਫਰੰਸ ਕਰਕੇ ਮੀਡੀਆ ਸਾਹਮਣੇ ਆਪਣੀਆਂ ਅਤੇ ਕੇਸ ਵਿਚ ਫੜੀ ਗਈ ਔਰਤ ਦੀਆਂ ਤਸਵੀਰਾਂ ਖਿੱਚਵਾਉਣ ਲੱਗ ਪੈਂਦੀ ਹੈ, ਜਦੋਂਕਿ ਗੈਂਗਸਟਰਾਂ ਨਾਲ ਸੰਬੰਧ ਰੱਖਣ ਵਾਲੀ ਲੜਕੀ ਨੂੰ ਫੜਨ ਤੋਂ ਬਾਅਦ ਉਸਦੀਆਂ ਤਸਵੀਰਾਂ ਨਾ ਖਿੱਚਣ ਦੇਣਾ ਅਤੇ ਮੀਡੀਆ ਤੋਂ ਦੂਰੀ ਬਣਾਈ ਰੱਖਣਾ ਸਮੇਤ ਲੜਕੀ ਨੂੰ ਫੜਨ ਦੇ ਮਾਮਲੇ ਵਿਚ ਬਿਨਾਂ ਕੋਈ ਪ੍ਰੈੱਸ ਕਾਨਫਰੰਸ ਕੀਤੇ ਲੜਕੀ ਨੂੰ ਜੇਲ ਭੇਜ ਦੇਣਾ ਥਾਣਾ-6 ਦੀ ਪੁਲਸ ਦੀ ਕਾਰਜਪ੍ਰਣਾਲੀ 'ਤੇ ਸਵਾਲੀਆ ਨਿਸ਼ਾਨ ਲਗਾਉਂਦੀ ਹੈ। 
ਗੈਂਗਸਟਰ ਵਿੱਕੀ ਗੌਂਡਰ ਦੇ ਸਮਰਥਕ ਦਾ ਅਗਵਾ ਕਰਵਾ ਕੇ ਉਸ ਨੂੰ ਨੰਗਾ ਕਰਕੇ ਉਸ ਦੀ ਵੀਡੀਓ ਬਣਾਉਣ ਦੇ ਮਾਮਲੇ ਵਿਚ ਪੁਲਸ ਨੇ ਨਰਸਿੰਗ ਕਰ ਰਹੀ ਲੜਕੀ ਨੂੰ ਮੁਕੇਰੀਆਂ ਤੋਂ ਗ੍ਰਿਫਤਾਰ ਕੀਤਾ ਸੀ। ਉਥੇ ਥਾਣਾ-6 ਦੇ ਇੰਚਾਰਜ ਨੇ ਬੇਅੰਤ ਮੰਗਾ ਵਾਲੇ ਦੇ ਅਗਵਾ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਕਾਰ ਦਾ ਨੰਬਰ ਮਿਲਣ ਦੇ ਬਾਵਜੂਦ ਕੋਈ ਕਾਰਵਾਈ ਨਾ ਕਰਨਾ ਵੀ ਕਿਸੇ ਵੱਡੇ ਹਾਦਸੇ ਨੂੰ ਸੱਦਾ ਦੇਣ ਦੇ ਬਰਾਬਰ ਸੀ ਪਰ ਬਾਅਦ ਵਿਚ ਜਦੋਂ ਗੈਂਗਸਟਰਾਂ ਨੇ ਥਾਣਾ-6 ਦੀ ਪੁਲਸ ਨੂੰ ਫੇਸਬੁੱਕ 'ਤੇ ਧਮਕੀ ਦਿੱਤੀ ਤਾਂ ਪੁਲਸ ਕਮਿਸ਼ਨਰ ਪੀ. ਕੇ. ਸਿਨਹਾ ਨੇ ਥਾਣਾ -6 ਦੇ ਇੰਸਪੈਕਟਰ ਨੂੰ ਤੁਰੰਤ ਮਾਮਲਾ ਦਰਜ ਕਰਨ ਨੂੰ ਕਿਹਾ। 
ਉਥੇ ਫੜੀ ਗਈ ਲੜਕੀ ਮਨੀਕਸ਼ਾ ਦੇ ਸੰਬੰਧ 'ਚ ਸੁੱਖਾ ਕਾਹਲਵਾਂ ਗਰੁੱਪ ਦੇ ਪ੍ਰੀਤ ਫਗਵਾੜਾ, ਪੰਚਮ ਅਤੇ ਰਾਜਾ ਪਹਾੜੀ ਦੇ ਨਾਲ ਨਿਕਲੇ, ਜਿਸ ਨੂੰ ਪੁਲਸ ਗ੍ਰਿਫਤਾਰ ਕਰਕੇ ਮੀਡੀਆ ਸਾਹਮਣੇ ਨਹੀਂ ਲਿਆਈ। ਪੁਲਸ ਨੇ ਮਨੀਕਸ਼ਾ ਨੂੰ 4 ਦਿਨਾਂ ਤਕ ਪੁਲਸ ਰਿਮਾਂਡ 'ਤੇ ਰੱਖਿਆ। ਉਸ ਨੂੰ ਹਵਾਲਾਤ ਵਿਚ ਵੀ ਨਹੀਂ ਰੱਖਿਆ ਅਤੇ ਨਾ ਹੀ ਉਸ ਨੂੰ ਮੀਡੀਆ ਸਾਹਮਣੇ ਲਿਆਂਦਾ ਗਿਆ ਅਤੇ ਨਾ ਹੀ ਉਸ ਦੀ ਕੋਈ ਤਸਵੀਰ ਮੀਡੀਆ 'ਚ ਛਪਣ ਦਿੱਤੀ। ਇੰਨਾ ਹੀ ਨਹੀਂ ਪੁਲਸ ਨੇ ਉਸ ਤੋਂ ਸਿਰਫ ਉਸ ਦਾ ਮੋਬਾਈਲ ਫੋਨ ਹੀ ਬਰਾਮਦ ਕੀਤਾ ਅਤੇ ਪੁਲਸ ਉਸ ਨੂੰ ਪ੍ਰੀਤ ਫਗਵਾੜਾ ਦਾ ਪਤਾ ਵੀ ਨਹੀਂ ਲਗਵਾ ਸਕੀ।
ਹਾਲਾਂਕਿ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਨੀਕਸ਼ਾ ਦੇ ਸੰਬੰਧ ਗੈਂਗਸਟਰਾਂ ਨਾਲ ਹਨ ਜੋ ਉਸ ਦੇ ਮੋਬਾਈਲ ਦੀ ਡਿਟੇਲ ਤੋਂ ਵੀ ਸਾਬਤ ਹੋ ਰਿਹਾ ਹੈ। ਮਨੀਕਸ਼ਾ ਸ਼ਰਮਾ ਨੂੰ ਹਵਾਲਾਤ ਦੀ ਬਜਾਏ ਬਾਹਰ ਹੀ ਬਿਠਾਈ ਰੱਖਿਆ। ਇਸ ਗੱਲ ਦੀ ਪੁਸ਼ਟੀ 'ਜਗ ਬਾਣੀ' ਨੇ ਪਹਿਲਾਂ ਹੀ ਕਰ ਦਿੱਤੀ ਸੀ, ਕਿਉਂਕਿ ਥਾਣੇ ਵਿਚ ਮਹਿਲਾ ਹਵਾਲਾਤ ਵਿਚ ਪੁਲਸ ਨੇ ਕਬਾੜ ਦਾ ਸਾਮਾਨ ਰੱਖਿਆ ਹੋਇਆ ਹੈ। 
ਮਾਮਲੇ ਨੂੰ ਦਬਾਉਣ 'ਚ ਲੱਗੇ ਥਾਣਾ ਮੁਖੀ
ਪੰਜਾਬ ਦੇ ਮਸ਼ਹੂਰ ਗੈਂਗਸਟਰ ਸੁੱਖਾ ਕਾਹਲਵਾਂ ਦੇ ਸਮਰਥਕਾਂ ਪ੍ਰੀਤ ਫਗਵਾੜਾ, ਪੰਚਮ ਅਤੇ ਰਾਜਾ ਪਹਾੜੀ ਵਲੋਂ ਸ਼ਰੇਆਮ ਮਾਡਲ ਟਾਊਨ ਤੋਂ ਵਿੱਕੀ ਗੌਂਡਰ ਦੇ ਸਮਰਥਕ ਨੌਜਵਾਨ ਬੇਅੰਤ ਮੋਗਾ ਨੂੰ ਅਗਵਾ ਕਰਨ ਦੇ ਮਾਮਲੇ 'ਚ ਫੜੀ ਗਈ ਮਨੀਕਸ਼ਾ ਸ਼ਰਮਾ ਦਾ ਮਾਮਲਾ ਥਾਣਾ-6 ਦੇ ਮੁਖੀ ਦਬਾਉਣ 'ਚ ਲੱਗੇ ਹਨ। ਪੁਲਸ ਨੇ ਇਸ ਬਾਰੇ 'ਚ ਕੋਈ ਪ੍ਰੈੱਸ ਕਾਨਫਰੰਸ ਤੱਕ ਨਹੀਂ ਕੀਤੀ ਅਤੇ ਨਾ ਹੀ ਮੀਡੀਆ ਕਰਮੀਆਂ ਦੇ ਫੋਨ ਚੁੱਕੇ।


Related News