ਕੈਸ਼ ਵੈਨ ''ਚੋਂ 1.14 ਕਰੋੜ ਲੁੱਟਣ ਦਾ ਮਾਮਲਾ, ਭੋਗਪੁਰ ਵਿਚ ਇਕ ਡੇਰਾ ਸੰਚਾਲਕ ਦੇ ਕਾਤਲ ਨਿਕਲੇ ਲੁਟੇਰੇ, ਨਗਦੀ ਤੇ ਪਿਸਤੌਲ ਬਰਾਮਦ

11/20/2017 10:35:30 PM

ਕਪੂਰਥਲਾ (ਭੂਸ਼ਣ, ਮਲਹੋਤਰਾ)— 10 ਨਵੰਬਰ ਨੂੰ ਆਦਮਪੁਰ-ਭੋਗਪੁਰ ਮਾਰਗ 'ਤੇ ਇਕ ਬੈਂਕ ਦੀ ਕੈਸ਼ ਵੈਨ 'ਚੋਂ ਪਿਸਤੌਲ ਦੀ ਨੋਕ 'ਤੇ 1.14 ਕਰੋੜ ਰੁਪਏ ਲੁੱਟਣ ਵਾਲੇ ਲੁਟੇਰਾ ਗੈਂਗ ਦੇ ਇਕ ਮੈਂਬਰ ਸਮੇਤ 2 ਮੁਲਜ਼ਮਾਂ ਨੂੰ ਕਾਬੂ ਕਰ ਕੇ ਥਾਣਾ ਕੋਤਵਾਲੀ ਪੁਲਸ ਕਪੂਰਥਲਾ ਨੇ 10.80 ਲੱਖ ਰੁਪਏ ਦੀ ਲੁੱਟੀ ਗਈ ਰਕਮ, ਇਕ ਪਿਸਤੌਲ ਅਤੇ ਵੱਡੀ ਮਾਤਰਾ 'ਚ ਨਸ਼ੀਲੇ ਕੈਪਸੂਲ ਬਰਾਮਦ ਕੀਤੇ ਹਨ। 
8 ਜੂਨ 2016 ਨੂੰ ਭੋਗਪੁਰ ਦੇ ਇਕ ਡੇਰਾ ਸੰਚਾਲਕ ਦੀ ਕੀਤੀ ਸੀ ਹੱਤਿਆ 
ਉੱਥੇ ਹੀ ਗ੍ਰਿਫਤਾਰ ਮੁਲਜ਼ਮ ਨੇ ਭੋਗਪੁਰ ਖੇਤਰ ਵਿਚ ਇਕ ਡੇਰੇ ਦੇ ਸੰਚਾਲਕ ਦਾ ਕਤਲ ਕਰਨ ਦਾ ਖੁਲਾਸਾ ਕੀਤਾ ਹੈ, ਜਿਸ ਨੂੰ ਲੈ ਕੇ ਥਾਣਾ ਕੋਤਵਾਲੀ ਦੀ ਪੁਲਸ ਨੇ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਹੈ। ਇਸ ਸੰਬੰਧੀ ਜ਼ਿਲਾ ਪੁਲਸ ਲਾਈਨ ਵਿਚ ਬੁਲਾਏ ਗਏ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਐੱਸ. ਐੱਸ. ਪੀ. ਸੰਦੀਪ ਸ਼ਰਮਾ ਨੇ ਦੱਸਿਆ ਕਿ ਡੀ. ਐੱਸ. ਪੀ. ਸਬ-ਡਵੀਜ਼ਨ ਕਪੂਰਥਲਾ ਗੁਰਮੀਤ ਸਿੰਘ ਦੀ ਨਿਗਰਾਨੀ ਵਿਚ ਥਾਣਾ ਕੋਤਵਾਲੀ ਦੇ ਐੱਸ. ਐੱਚ. ਓ. ਇੰਸਪੈਕਟਰ ਹਰਗੁਰਦੇਵ ਸਿੰਘ ਅਤੇ ਥਾਣਾ ਸੁਲਤਾਨਪੁਰ ਲੋਧੀ ਦੇ ਐੱਸ. ਐੱਚ. ਓ. ਸਰਬਜੀਤ ਸਿੰਘ ਨੇ ਪੁਲਸ ਪਾਰਟੀ ਸਮੇਤ ਬਹੁਈ ਨੇੜੇ ਨਾਕਾਬੰਦੀ ਕੀਤੀ ਹੋਈ ਸੀ ਕਿ ਇਸ ਦੌਰਾਨ ਪੁਲਸ ਪਾਰਟੀ ਨੂੰ ਸੂਚਨਾ ਮਿਲੀ ਕਿ 10 ਨਵੰਬਰ ਨੂੰ ਆਦਮਪੁਰ-ਭੋਗਪੁਰ ਰੋਡ 'ਤੇ ਇਕ ਬੈਂਕ ਦੀ ਕੈਸ਼ ਵੈਨ ਵਿਚੋਂ 1.14 ਕਰੋੜ ਰੁਪਏ ਦੀ ਰਕਮ ਲੁੱਟਣ ਦੀ ਵਾਰਦਾਤ ਵਿਚ ਸ਼ਾਮਲ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਮੰਗਤ ਰਾਮ ਵਾਸੀ ਪਿੰਡ ਕਮਰਾਵਾਂ ਤੇ ਕੁਲਦੀਪ ਉਰਫ ਯੋਧਾ ਪੁੱਤਰ ਅਰਜਨ ਸਿੰਘ ਵਾਸੀ ਪਿੰਡ ਬੂਸੋਵਾਲ ਥਾਣਾ ਕਬੀਰਪੁਰ ਨਾਲ ਮੋਟਰਸਾਈਕਲ 'ਤੇ ਕਪੂਰਥਲਾ ਵੱਲ ਆ ਰਹੇ ਹਨ।
ਇਸ ਦੀ ਸੂਚਨਾ ਮਿਲਦੇ ਹੀ ਕੋਤਵਾਲੀ ਪੁਲਸ ਨੇ ਨਾਕਾਬੰਦੀ ਕਰਦੇ ਹੋਏ ਦੋਹਾਂ ਮੁਲਜ਼ਮਾਂ ਨੂੰ ਘੇਰਾਬੰਦੀ ਕਰਕੇ ਗ੍ਰਿਫਤਾਰ ਕਰ ਲਿਆ। ਪੁੱਛਗਿਛ ਦੌਰਾਨ ਮੁਲਜ਼ਮ ਗੁਰਪ੍ਰੀਤ ਸਿੰਘ ਉਰਫ ਗੋਪੀ ਦੀ ਨਿਸ਼ਾਨਦੇਹੀ 'ਤੇ ਕੈਸ਼ਵੈਨ ਵਿਚੋਂ ਲੁੱਟੀ ਗਈ 10.80 ਲੱਖ ਰੁਪਏ ਦੀ ਰਕਮ, ਵਾਰਦਾਤ ਦੌਰਾਨ ਇਸਤੇਮਾਲ ਕੀਤੀ ਗਈ 2.12 ਬੋਰ ਦੀ ਦੇਸੀ ਪਿਸਤੌਲ ਸਮੇਤ 21 ਜ਼ਿੰਦਾ ਰੌਂਦ ਅਤੇ 400 ਨਸ਼ੀਲੇ ਕੈਪਸੂਲ ਬਰਾਮਦ ਹੋਏ, ਉੱਥੇ ਹੀ ਗੋਪੀ ਦੇ ਸਾਥੀ ਕੁਲਦੀਪ ਸਿੰਘ ਉਰਫ ਯੋਧਾ ਪਾਸੋਂ 200 ਨਸ਼ੀਲੇ ਕੈਪਸੂਲ ਬਰਾਮਦ ਹੋਏ। ਪੁੱਛਗਿੱਛ ਦੌਰਾਨ ਮੁਲਜ਼ਮ ਗੋਪੀ ਨੇ ਖੁਲਾਸਾ ਕੀਤਾ ਕਿ ਉਸ ਨੇ 8 ਜੂਨ 2016 ਨੂੰ ਭੋਗਪੁਰ ਖੇਤਰ ਵਿਚ ਆਪਣੇ ਸਾਥੀਆਂ ਸਮੇਤ ਬਾਬਾ ਬਾਲਕ ਨਾਥ ਡੇਰਾ ਬਰਚੁਈ ਦੇ ਸੰਚਾਲਕ ਬਾਬਾ ਪ੍ਰੀਤਮ ਸਿੰਘ ਦਾ ਕਤਲ ਕੀਤਾ ਸੀ, ਜਿਸ ਨੂੰ ਲੈ ਕੇ ਭੋਗਪੁਰ ਥਾਣੇ 'ਚ ਕਤਲ ਦਾ ਮਾਮਲਾ ਦਰਜ ਹੈ।
ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਕੈਸ਼ ਵੈਨ ਦੀ ਲੁੱਟ ਵੇਲੇ ਗੁਰਪ੍ਰੀਤ ਸਿੰਘ ਗੋਪੀ ਦੇ ਹਿੱਸੇ 15 ਲੱਖ ਰੁਪਏ ਦੀ ਰਕਮ ਆਈ ਸੀ। ਮੁਲਜ਼ਮ ਕੋਲੋਂ ਬਾਕੀ ਰਕਮ ਬਰਾਮਦ ਕਰਨ ਲਈ ਪੁੱਛਗਿੱਛ ਦਾ ਦੌਰ ਜਾਰੀ ਹੈ। ਇਸ ਪੱਤਰਕਾਰ ਸੰਮੇਲਨ 'ਚ ਡੀ. ਐੱਸ. ਪੀ. ਸੁਲਤਾਨਪੁਰ ਲੋਧੀ ਵਰਿਆਮ ਸਿੰਘ, ਡੀ. ਐੱਸ. ਪੀ. ਹੈੱਡਕੁਆਰਟਰ ਅਮਰੀਕ ਸਿੰਘ ਚਾਹਲ ਆਦਿ ਮੌਜੂਦ ਸਨ। 


Related News