ਵਿਆਹੁਤਾ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ’ਚ ਭਾਜਪਾ ਕੌਂਸਲਰ ਤੇ ਪੱਤਰਕਾਰ ਵਿਰੁੱਧ ਪਰਚਾ

Friday, Feb 07, 2025 - 12:02 AM (IST)

ਵਿਆਹੁਤਾ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ’ਚ ਭਾਜਪਾ ਕੌਂਸਲਰ ਤੇ ਪੱਤਰਕਾਰ ਵਿਰੁੱਧ ਪਰਚਾ

ਫਗਵਾੜਾ (ਜਲੋਟਾ) - ਪੁਲਸ ਨੇ ਇਕ ਵਿਆਹੁਤਾ ਔਰਤ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ’ਚ ਭਾਜਪਾ ਮੰਡਲ ਫਗਵਾੜਾ ਦੇ ਪ੍ਰਧਾਨ ਅਤੇ ਮੌਜੂਦਾ ਕੌਂਸਲਰ ਸਮੇਤ ਇਕ ਹਿੰਦੀ ਅਖ਼ਬਾਰ ਦੇ ਪੱਤਰਕਾਰ ਵਿਰੁੱਧ ਵੱਖ-ਵੱਖ ਕਾਨੂੰਨੀ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।

ਜਾਣਕਾਰੀ ਅਨੁਸਾਰ ਥਾਣਾ ਸਿਟੀ ਵਿਖੇ ਦਰਜ ਪੁਲਸ ਐੱਫ. ਆਈ. ਆਰ. ਨੰਬਰ 31 ਮਿਤੀ 6 ਫਰਵਰੀ 2025 ’ਚ ਪੀੜਤਾ ਹਰਸ਼ਦੀਪ ਕੌਰ ਵਾਸੀ ਜ਼ਿਲਾ ਜਲੰਧਰ ਨੇ ਖੁਲਾਸਾ ਕੀਤਾ ਕਿ ਉਹ ਘਰੇਲੂ ਕੰਮ ਕਰਦੀ ਹੈ। 5 ਫਰਵਰੀ ਨੂੰ ਸ਼ਾਮ ਕਰੀਬ 4.12 ਵਜੇ ਫਗਵਾੜਾ ਦੇ ਰਹਿਣ ਵਾਲੇ ਅਨੁਰਾਗ ਮਨਖੰਡ ਨੇ ਉਸ ਦੇ ਮੋਬਾਈਲ ਨੰਬਰ ’ਤੇ ਫੋਨ ਕੀਤਾ ਅਤੇ ਕਿਹਾ ਕਿ ਉਹ ਹਰਗੋਬਿੰਦ ਨਗਰ ਦਾ ਮੌਜੂਦਾ ਭਾਜਪਾ ਕੌਂਸਲਰ ਹੈ ਅਤੇ ਉਸ ਨੇ ਉਸਦਾ ਮੋਬਾਈਲ ਫੋਨ ਨੰਬਰ ਅਮਿਤ ਓਹਰੀ ਵਾਸੀ ਨਿਊ ਮਨਸਾ ਦੇਵੀ ਨਗਰ ਤੋਂ ਲੈ ਲਿਆ ਹੈ, ਜੋ ਰਿਸ਼ਤੇ ’ਚ ਉਸ ਦਾ ਮੂੰਹ ਬੋਲਿਆ ਮਾਸੜ ਹੈ।

ਭਾਜਪਾ ਕੌਂਸਲਰ ਅਨੁਰਾਗ ਮਨਖੰਡ ਨੇ ਕਿਹਾ ਕਿ ਉਹ ਉਸ ਨੂੰ ਬਰਿਸਤਾ ਜਲੰਧਰ ਰੋਡ ’ਤੇ ਮਿਲਣਾ ਚਾਹੁੰਦਾ ਹੈ, ਜਿੱਥੇ ਉਸਨੇ ਉਸ ਨਾਲ ਬਿਜ਼ਨੈੱਸ ਦੀ ਗੱਲ ਕਰਨੀ ਹੈ, ਜਿਸ ਤੋਂ ਬਾਅਦ ਉਸ ਨੇ ਉਸ ਨੂੰ ਕਿਹਾ ਕਿ ਉਹ ਇਕੱਲੀ ਨਹੀਂ ਆ ਸਕੇਗੀ ਕਿਉਂਕਿ ਉਸ ਦਾ ਪਤੀ ਮੌਜੂਦ ਨਹੀਂ ਹੈ ਪਰ ਅਨੁਰਾਗ ਮਾਨਖੰਡ ਨੇ ਅਮਿਤ ਓਹਰੀ ਦਾ ਭਰੋਸਾ ਦਿੱਤਾ, ਜਿਸ ਤੋਂ ਬਾਅਦ ਉਹ ਆਉਣ ਲਈ ਸਹਿਮਤ ਹੋ ਗਈ।

5 ਫਰਵਰੀ ਨੂੰ ਸ਼ਾਮ ਕਰੀਬ 4.30 ਵਜੇ ਅਮਿਤ ਓਹਰੀ ਨੇ ਡਰਾਈਵਰ ਨਾਲ ਆਪਣੀ ਕਾਰ ਉਸ ਨੂੰ ਲੈਣ ਲਈ ਉਸਦੇ ਘਰ ਭੇਜੀ ਪਰ ਗੱਡੀ ਦਾ ਡਰਾਈਵਰ ਉਸ ਨੂੰ ਬਰਿਸਤਾ ਕੈਫੇ ਲਿਜਾਣ ਦੀ ਬਜਾਏ ਇੰਡੀਅਨ ਲੀਡਜ਼ ਗੈਸ ਏਜੰਸੀ ਦੇ ਬੈਕਸਾਈਡ ਦਾਣਾ ਮੰਡੀ, ਹੁਸ਼ਿਆਰਪੁਰ ਰੋਡ, ਫਗਵਾੜਾ ਲੈ ਗਿਆ। ਜਦੋਂ ਉਸਨੇ ਪੁੱਛਿਆ ਕਿ ਉਹ ਉਸਨੂੰ ਇੱਥੇ ਕਿਉਂ ਲੈ ਕੇ ਆਇਆ ਹੈ ਤਾਂ ਉਸਨੇ ਕਿਹਾ ਕਿ ਉਸਨੂੰ ਇੱਥੇ ਹੀ ਲਿਆਉਣ ਲਈ ਕਿਹਾ ਗਿਆ ਸੀ। ਪੀੜਤਾ ਨੇ ਕਿਹਾ ਕਿ ਜਦੋਂ ਉਹ ਗੈਸ ਏਜੰਸੀ ਦੇ ਦਫ਼ਤਰ ਪਹੁੰਚੀ ਤਾਂ ਭਾਜਪਾ ਕੌਂਸਲਰ ਅਨੁਰਾਗ ਮਨਖੰਡ ਅਤੇ ਅਮਿਤ ਓਹਰੀ ਉੱਥੇ ਮੌਜੂਦ ਸਨ। ਇਸ ਤੋਂ ਬਾਅਦ ਉਹ ਕੈਬਿਨ ’ਚ ਬੈਠ ਗਈ ਪਰ ਇਸੇ ਦੌਰਾਨ ਅਨੁਰਾਗ ਮਾਨਖੰਡ ਨੇ ਕਿਹਾ ਕਿ ਉਸ ਨੂੰ ਉਸ ਨਾਲ ਬਿਜ਼ਨੈੱਸ ਮੀਟਿੰਗ ਕਰਨੀ ਹੈ, ਇਸ ਲਈ ਦੂਸਰੇ ਕੈਬਿਨ (ਕਮਰੇ) ’ਚ ਚਲੇ ਜਾਈਏ।

PunjabKesari

ਇੱਥੇ ਪਹੁੰਚਣ ਤੋਂ ਬਾਅਦ ਅਨੁਰਾਗ ਮਨਖੰਡ ਨੇ ਉਸ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ ਅਤੇ ਅਚਾਨਕ ਕਮਰੇ ਤੋਂ ਬਾਹਰ ਚਲਾ ਗਿਆ ਅਤੇ ਜਿਵੇਂ ਹੀ ਉਹ ਕਮਰੇ ਵਿਚ ਮੁੜ ਵਾਪਸ ਆਇਆ ਤਾਂ ਉਸ ਨੇ ਉਸ ਦੀ ਸਹਿਮਤੀ ਤੋਂ ਬਿਨਾਂ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ, ਜਿਸ ਦਾ ਉਸ ਨੇ ਵਿਰੋਧ ਕੀਤਾ। ਇਸ ਦੌਰਾਨ ਉਸਦੀ ਉਸ ਨਾਲ ਹੱਥੋਪਾਈ ਵੀ ਹੋਈ। ਪੀੜਤਾ ਨੇ ਕਿਹਾ ਕਿ ਉਹ ਦੌੜ ਕੇ ਕਮਰੇ ਤੋਂ ਬਾਹਰ ਭੱਜੀ ਅਤੇ ਆਪਣੇ ਮੂੰਹ ਬੋਲੇ ਮਾਸੜ ਅਮਿਤ ਓਹਰੀ ਨੂੰ ਸਾਰੀ ਸੱਚਾਈ ਦੱਸੀ ਪਰ ਅਮਿਤ ਨੇ ਉਸ ਨੂੰ ਚੁੱਪ ਰਹਿਣ ਅਤੇ ਇਸ ਮਾਮਲੇ ਬਾਰੇ ਕਿਸੇ ਨੂੰ ਕੁਝ ਨਾ ਦੱਸਣ ਲਈ ਕਿਹਾ।

ਇਸ ਦੌਰਾਨ ਅਨੁਰਾਗ ਮਾਨਖੰਡ ਵੀ ਕਮਰੇ ਤੋਂ ਬਾਹਰ ਆ ਗਿਆ ਅਤੇ ਧਮਕੀ ਦਿੱਤੀ ਕਿ ਜੇਕਰ ਉਸ ਨੇ ਇਸ ਮਾਮਲੇ ਬਾਰੇ ਕਿਸੇ ਨੂੰ ਦੱਸਿਆ ਤਾਂ ਉਹ ਉਸ ਨੂੰ ਜਾਨੋ ਮਾਰ ਦੇਵੇਗਾ। ਫਿਰ ਉਹ ਚੁੱਪਚਾਪ ਅਮਿਤ ਓਹਰੀ ਦੀ ਕਾਰ ਵਿਚ ਹੀ ਡਰਾਈਵਰ ਨਾਲ ਆਪਣੇ ਘਰ ਵਾਪਸ ਆਈ ਅਤੇ ਆਪਣੇ ਪਤੀ ਅਤੇ ਮਾਤਾ ਪਿਤਾ ਨੂੰ ਵਾਪਰੀ ਘਟਨਾ ਬਾਰੇ ਦੱਸਿਆ। ਪੀੜਤਾ ਹਰਸ਼ਦੀਪ ਕੌਰ ਦੀ ਸ਼ਿਕਾਇਤ ’ਤੇ ਪੁਲਸ ਨੇ ਮੰਡਲ ਭਾਜਪਾ ਫਗਵਾੜਾ ਦੇ ਪ੍ਰਧਾਨ ਅਤੇ ਮੌਜੂਦਾ ਭਾਜਪਾ ਕੌਂਸਲਰ ਅਨੁਰਾਗ ਮਨਖੰਡ ਅਤੇ ਇਕ ਹਿੰਦੀ ਅਖਬਾਰ ਦੇ ਪੱਤਰਕਾਰ ਅਮਿਤ ਓਹਰੀ ਖ਼ਿਲਾਫ਼ ਪੁਲਸ ਕੇਸ ਦਰਜ ਕੀਤਾ ਹੈ। ਖ਼ਬਰ ਲਿਖੇ ਜਾਣ ਤੱਕ ਦੋਵੇਂ ਮੁਲਜ਼ਮ ਪੁਲਸ ਹਿਰਾਸਤ ਤੋਂ ਬਾਹਰ ਹਨ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਅਮਿਤ ਓਹਰੀ ਅਤੇ ਅਨੁਰਾਗ ਮਾਨਖੰਡ ਨੇ ਕਿਹਾ ਹੈ ਕਿ ਥਾਣਾ ਸਿਟੀ ਵਿਚ ਹਰਸ਼ਦੀਪ ਕੌਰ ਦੀ ਸ਼ਿਕਾਇਤ ’ਤੇ ਉਨ੍ਹਾਂ ਵਿਰੁੱਧ ਦਰਜ ਕੀਤਾ ਗਿਆ ਪੁਲਸ ਕੇਸ ਪੂਰੀ ਤਰ੍ਹਾਂ ਝੂਠਾ, ਤੱਥ ਰਹਿਤ, ਬੇਬੁਨਿਆਦ ਅਤੇ ਗਲਤ ਹੈ। ਅਮਿਤ ਓਹਰੀ ਨੇ ਕਿਹਾ ਕਿ ਉਹ ਹਰਸ਼ਦੀਪ ਕੌਰ ਦੇ ਪਰਿਵਾਰ ਨੂੰ ਪਹਿਲਾਂ ਤੋਂ ਜਾਣਦੇ ਹਨ, ਉਸ ਦਾ ਪਤੀ ਅਨੂਦੀਪ ਸਿੰਘ ਵਿਆਹ ਤੋਂ ਬਾਅਦ ਹਰਸ਼ਦੀਪ ਕੌਰ ਨੂੰ ਬੇਰਹਿਮੀ ਨਾਲ ਕੁੱਟਦਾ ਮਾਰਦਾ ਰਿਹਾ ਹੈ, ਜਿਸ ਦੀ ਸਿਵਲ ਹਸਪਤਾਲ ਵਿਚ ਐੱਮ. ਐੱਲ. ਆਰ. ਆਦਿ ਵੀ ਕੱਟੀ ਗਈ ਹੈ। ਪਤੀ-ਪਤਨੀ ਵਿਚਾਲੇ ਘਰੇਲੂ ਝਗੜੇ ਤੋਂ ਬਾਅਦ ਉਸ ਨੇ ਹੀ ਇਨ੍ਹਾਂ ਦਾ ਆਪਸੀ ਸਮਝੌਤਾ ਕਰਵਾਇਆ ਸੀ। ਇਸ ਤੋਂ ਤੰਗ ਆ ਕੇ ਉਸ ਦੇ ਪਤੀ ਅਨੂਦੀਪ ਸਿੰਘ ਨੇ ਜਾਣਬੁੱਝ ਕੇ ਦਿਲ ’ਚ ਰੰਜਿਸ਼ ਰੱਖਦੇ ਹੋਏ ਇਹ ਸਭ ਕਰਵਾਇਆ ਹੈ, ਉਹ ਦੋਵੇਂ ਬੇਕਸੂਰ ਹਨ।


author

Inder Prajapati

Content Editor

Related News