ਵਿਆਹੁਤਾ ਦੀ ਸ਼ਿਕਾਇਤ ’ਤੇ ਪਤੀ ਸਮੇਤ 4 ਖਿਲਾਫ਼ ਮਾਮਲਾ ਦਰਜ

Monday, Jul 30, 2018 - 01:30 AM (IST)

ਵਿਆਹੁਤਾ ਦੀ ਸ਼ਿਕਾਇਤ ’ਤੇ ਪਤੀ ਸਮੇਤ 4 ਖਿਲਾਫ਼ ਮਾਮਲਾ ਦਰਜ

ਫ਼ਰੀਦਕੋਟ, (ਰਾਜਨ)- ਇਕ ਵਿਆਹੁਤਾ ਦੀ ਜਾਨ-ਮਾਲ ਲਈ ਖਤਰਾ ਬਣੇ ਉਸ ਦੇ ਪਤੀ ਅਤੇ ਤਿੰਨ ਹੋਰਨਾਂ ਖਿਲਾਫ਼ ਥਾਣਾ ਸਿਟੀ ਕੋਟਕਪੂਰਾ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। 
ਦੱਸਣਯੋਗ ਹੈ ਕਿ ਜਸਵੀਰ ਕੌਰ ਨਿਵਾਸੀ ਖਰਡ਼ ਨੇ ਥਾਣਾ ਸਿਟੀ ਕੋਟਕਪੂਰਾ ਵਿਖੇ ਸ਼ਿਕਾਇਤ ਕੀਤੀ ਸੀ ਕਿ ਉਸ ਦਾ ਵਿਆਹ ਸਾਲ 2004 ਵਿਚ ਕੋਟਕਪੂਰਾ ਨਿਵਾਸੀ ਵਿਅਕਤੀ, ਜੋ ਸਰੀਰਕ ਤੌਰ ’ਤੇ ਹੈਂਡੀਕੈਪਡ ਸੀ, ਨਾਲ ਹੋਇਆ ਸੀ। ਉਸ ਦਾ ਪਤੀ ਸਰੀਰਕ ਤੌਰ ’ਤੇ ਬੀਮਾਰ ਵੀ ਰਹਿੰਦਾ ਸੀ। ਇਸ ਲਈ ਬਾਅਦ ’ਚ ਸਾਰਿਆਂ ਦੀ ਸਹਿਮਤੀ ਨਾਲ ਉਸ ਨੂੰ ਉਸ ਦੇ ਪਤੀ ਦੇ ਚਾਚੇ ਦੇ ਲਡ਼ਕੇ ਜਗਸੀਰ ਸਿੰਘ ਉਰਫ਼ ਬੰਟੀ ਨਾਲ ਵਿਆਹ ਦਿੱਤਾ ਗਿਆ ਸੀ। 
ਜਸਵੀਰ ਕੌਰ ਨੇ ਦੱਸਿਆ ਕਿ ਜਗਸੀਰ ਸਿੰਘ ਨਸ਼ਾ ਕਰਨ ਦਾ ਆਦੀ ਸੀ, ਜਿਸ ਕਰ ਕੇ ਦੋਵਾਂ ਦੀ ਆਪਸ ਵਿਚ ਨਹੀਂ ਬਣੀ ਅਤੇ ਰੋਜ਼ਾਨਾ ਉਸ ਵੱਲੋਂ ਕੀਤੀ ਜਾਂਦੀ ਕੁੱਟ-ਮਾਰ ਤੋਂ ਤੰਗ ਆ ਕੇ ਉਸ ਨੇ ਇਕੱਲੇ ਹੀ ਰਹਿਣਾ ਸ਼ੁਰੂ ਕਰ ਦਿੱਤਾ। ਉਸ ਨੇ ਆਪਣੇ ਪਤੀ ਜਗਸੀਰ ਸਿੰਘ ਤੋਂ ਤਲਾਕ ਲੈਣ ਲਈ ਅਦਾਲਤ ਵਿਚ ਕੇਸ ਵੀ ਦਾਇਰ ਕੀਤਾ ਹੋਇਆ ਹੈ, ਜੋ ਅਜੇ ਪੈਂਡਿੰਗ ਹੈ। 
ਸ਼ਿਕਾਇਤਕਰਤਾ ਨੇ ਦੱਸਿਆ ਕਿ ਅਜਿਹੀ ਸਥਿਤੀ ’ਚ ਉਹ ਹੁਣ ਖਰਡ਼ ਵਿਖੇ ਰਹਿ ਰਹੀ ਹੈ ਅਤੇ ਕਿਸੇ ਵੇਲੇ ਕੋਟਕਪੂਰਾ ਵਿਖੇ ਆਪਣੀ ਸੱਸ ਕੋਲ ਕੋਟਕਪੂਰਾ ਵਿਖੇ ਆਉਂਦੀ-ਜਾਂਦੀ ਰਹਿੰਦੀ ਹੈ। ਬੀਤੇ ਦਿਨੀਂ ਜਗਸੀਰ ਸਿੰਘ ਉਰਫ ਬੰਟੀ ਆਪਣੀ ਭੈਣ ਜਸਵਿੰਦਰ ਕੌਰ ਅਤੇ ਕੁਝ ਹੋਰ ਅਣਪਛਾਤੇ ਵਿਅਕਤੀਆਂ ਨਾਲ ਉਸ ਦੀ ਸੱਸ ਦੇ ਘਰ ਉਸ ਨੂੰ ਮਾਰ ਦੇਣ ਦੀ ਨੀਅਤ ਨਾਲ ਹਥਿਆਰਾਂ ਨਾਲ ਲੈਸ ਹੋ ਕੇ ਆਏ ਪਰ ਉਹ ਘਰ ਮੌਜੂਦ ਨਹੀਂ ਸੀ। ਉਸ ਨੂੰ ਜਗਸੀਰ ਸਿੰਘ ਅਤੇ ਉਕਤ ਸਾਰਿਆਂ ਤੋਂ ਜਾਨ-ਮਾਲ ਦਾ ਖਤਰਾ ਹੈ।
 ਇਸ ਲਈ ਉਸ ਨੇ ਇਨ੍ਹਾਂ ਸਾਰਿਆਂ ’ਤੇ ਮਾਮਲਾ ਦਰਜ ਕਰ ਕੇ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਸੀ, ਜਿਸ ’ਤੇ ਥਾਣਾ ਸਿਟੀ ਵਿਖੇ ਉਕਤ ਸਾਰਿਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ, ਜਦਕਿ ਇਸ ਮਾਮਲੇ ਦੀ ਜਾਂਚ ਏ. ਐੱਸ. ਆਈ ਨਗਿੰਦਰ ਸਿੰਘ ਵੱਲੋਂ ਜਾਰੀ ਹੈ।


Related News