ਕਪੂਰਥਲਾ 'ਚ ਓਵਰਟੇਕ ਨੂੰ ਲੈ ਕੇ ਹੋਏ ਝਗੜੇ ਨੇ ਧਾਰਿਆ ਖ਼ੂਨੀ ਰੂਪ, ਪੁਲਸ ਮੁਲਾਜ਼ਮ ਦੀ ਮੌਤ
Sunday, Jan 22, 2023 - 12:45 PM (IST)
ਕਪੂਰਥਲਾ (ਓਬਰਾਏ)- ਕਾਰ ਨੂੰ ਓਵਰਟੇਕ ਕਰਨ 'ਤੇ ਲੋਕਾਂ ਨੇ ਪੁਲਸ ਮੁਲਾਜ਼ਮ ਦੀ ਕੁੱਟਮਾਰ ਕਰ ਦਿੱਤੀ ਸੀ। ਜ਼ਖ਼ਮਾਂ ਦੀ ਤਾਬ ਨਾ ਝਲਦੇ ਹੋਏ ਪੁਲਸ ਮੁਲਾਜ਼ਮ ਪਰਮਿੰਦਰ ਸਿੰਘ ਨੇ ਜਲੰਧਰ ਦੇ ਨਿੱਜੀ ਹਸਪਤਾਲ ਵਿਚ ਇਲਾਜ ਦੌਰਾਨ ਅੱਜ ਦਮ ਤੋੜ ਦਿੱਤਾ। ਮੁਲਾਜ਼ਮ ਤਿੰਨ ਮਹੀਨਿਆਂ ਤੋਂ ਕੋਮਾ 'ਚ ਸੀ। ਇਸ ਕੁੱਟਮਾਰ ਦੀ ਵੀਡੀਓ ਵੀ ਕਾਫ਼ੀ ਵਾਇਰਲ ਹੋਈ ਸੀ। ਪਿਛਲੇ ਸਾਲ ਅਕਤੂਬਰ 'ਚ ਕਪੂਰਥਲਾ-ਨਕੋਦਰ ਰੋਡ 'ਤੇ ਪਿੰਡ ਤਲਵੰਡੀ ਮਹਿਮਾ ਨੇੜੇ ਓਵਰਟੇਕ ਨੂੰ ਲੈ ਕੇ ਦੋ ਕਾਰ ਚਾਲਕਾਂ ਵਿਚਾਲੇ ਹੋਏ ਮਾਮੂਲੀ ਝਗੜੇ ਨੇ ਤਿੱਖਾ ਰੂਪ ਧਾਰ ਲਿਆ ਸੀ, ਜਿਸ ਕਾਰਨ ਦੋ ਪੁਲਸ ਮੁਲਾਜ਼ਮਾਂ ਸਮੇਤ ਤਿੰਨ ਵਿਅਕਤੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਸਨ। ਜਿਸ ਦੇ ਬਾਅਦ ਡਿਊਟੀ ਡਾਕਟਰ ਨੇ ਇਕ ਪੁਲਸ ਮੁਲਾਜ਼ਮ ਅਤੇ ਰਾਹਗੀਰ ਦੀ ਹਾਲਤ ਗੰਭੀਰ ਦੱਸਦਿਆਂ ਉਨ੍ਹਾਂ ਨੂੰ ਜਲੰਧਰ ਰੈਫਰ ਕਰ ਦਿੱਤਾ, ਜਦਕਿ ਇਕ ਪੁਲਸ ਮੁਲਾਜ਼ਮ ਸਿਵਲ ਵਿੱਚ ਜ਼ੇਰੇ ਇਲਾਜ ਹੈ।
ਜ਼ਖ਼ਮੀਆਂ ਦੀ ਪਛਾਣ ਕਾਂਸਟੇਬਲ ਪਰਮਿੰਦਰ ਸਿੰਘ ਵਾਸੀ ਪਿੰਡ ਧੰਦਲ ਥਾਣਾ ਸਦਰ, ਕਾਂਸਟੇਬਲ ਨਵਦੀਪ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਸੈਦੋਵਾਲ ਅਤੇ ਤੀਜੇ ਜ਼ਖ਼ਮੀ ਦੀ ਪਛਾਣ ਮਨਪ੍ਰੀਤ ਸਿੰਘ ਪੁੱਤਰ ਇੰਦਰਜੀਤ ਸਿੰਘ ਵਾਸੀ ਕਪੂਰਥਲਾ ਵਜੋਂ ਹੋਈ ਸੀ। ਇਸ ਮਾਮਲੇ 'ਚ ਪੁਲਸ ਪਾਰਟੀ ਨਾਲ ਨੌਜਵਾਨਾਂ ਦੀ ਝੜਪ 'ਚ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਸੀ. ਆਈ. ਏ. ਸਟਾਫ਼ 'ਚ ਤਾਇਨਾਤ ਹੌਲਦਾਰ ਪਰਮਿੰਦਰ ਸਿੰਘ ਦੀ ਅੱਜ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ : CM ਭਗਵੰਤ ਮਾਨ ਵੱਲੋਂ ਸ਼ਹਿਰੀ ਵਿਕਾਸ ਨੂੰ ਲੈ ਕੇ ਮਾਡਲ ਤਿਆਰ, ਫਰਵਰੀ ਤੋਂ ਹਰ ਹਫ਼ਤੇ ਸ਼ਹਿਰਾਂ ਦਾ ਕਰਨਗੇ ਦੌਰਾ
ਕੀ ਹੈ ਪੂਰਾ ਮਾਮਲਾ
ਜਾਣਕਾਰੀ ਅਨੁਸਾਰ 15 ਅਕਤੂਬਰ ਨੂੰ ਕਾਂਸਟੇਬਲ ਪਰਮਿੰਦਰ ਸਿੰਘ ਡਿਊਟੀ ਦੌਰਾਨ ਆਪਣੀ ਨਿੱਜੀ ਕਾਰ ਵਿੱਚ ਨਕੋਦਰ ਵੱਲ ਜਾ ਰਹੇ ਸਨ। ਜਦੋਂ ਉਹ ਪਿੰਡ ਤਲਵੰਡੀ ਮਹਿਮਾ ਨੇੜੇ ਪਹੁੰਚੇ ਤਾਂ ਅੱਗੇ ਜਾ ਰਹੀ ਬੱਸ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਵਿੱਚ ਪਿੱਛੇ ਆ ਰਹੇ ਕਾਰ ਚਾਲਕ ਨਾਲ ਮਾਮੂਲੀ ਤਕਰਾਰ ਹੋ ਗਈ, ਜੋ ਕੁਝ ਹੀ ਸਮੇਂ ਵਿੱਚ ਖ਼ੂਨੀ ਸੰਘਰਸ਼ ਵਿੱਚ ਬਦਲ ਗਈ। ਦੂਜੇ ਕਾਰ ਚਾਲਕ ਨੇ ਮੋਬਾਇਲ ਫ਼ੋਨ ਰਾਹੀਂ ਆਪਣੇ ਸਾਥੀਆਂ ਨੂੰ ਬੁਲਾ ਲਿਆ। ਸਾਰਿਆਂ ਨੇ ਕਾਂਸਟੇਬਲ ਪਰਮਿੰਦਰ ਸਿੰਘ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਹਮਲਾਵਰ ਤੇਜ਼ਧਾਰ ਹਥਿਆਰਾਂ, ਬੇਸਬਾਲ ਬੈਟ ਅਤੇ ਡੰਡਿਆਂ ਨਾਲ ਲੈਸ ਸਨ। ਇਸ ਦੌਰਾਨ ਹੌਲਦਾਰ ਨਵਦੀਪ ਸਿੰਘ ਵਾਸੀ ਪਿੰਡ ਸੈਦੋਵਾਲ ਜੋਕਿ ਥਾਣਾ ਕੋਤਵਾਲੀ ਵਿਖੇ ਤਾਇਨਾਤ ਹਨ, ਡਿਊਟੀ 'ਤੇ ਆ ਰਹੇ ਸਨ। ਜਦੋਂ ਉਨ੍ਹਾਂ ਵੇਖਿਆ ਕਿ ਪਰਮਿੰਦਰ ਸਿੰਘ 'ਤੇ ਭੀੜ ਨੇ ਹਮਲਾ ਕਰ ਦਿੱਤਾ ਹੈ ਤਾਂ ਉਨ੍ਹਾਂ ਨੇ ਬਚਾਅ ਕਰਦੇ ਹੋਏ ਉਨ੍ਹਾਂ ਨੂੰ ਆਪਣੀ ਕਾਰ ਵਿਚ ਬਿਠਾ ਕੇ ਸਿਵਲ ਹਸਪਤਾਲ ਆਉਣਾ ਸ਼ੁਰੂ ਕਰ ਦਿੱਤਾ ਤਾਂ ਹਮਲਾਵਰਾਂ ਨੇ ਹੋਰ ਵੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਦੌਰਾਨ ਇਕ ਰਾਹਗੀਰ ਮਨਪ੍ਰੀਤ ਸਿੰਘ ਪੁੱਤਰ ਇੰਦਰਜੀਤ ਸਿੰਘ ਵਾਸੀ ਕਪੂਰਥਲਾ ਬਚਾਅ ਲਈ ਅੱਗੇ ਆਏ ਤਾਂ ਭੀੜ ਨੇ ਉਨ੍ਹਾਂ 'ਤੇ ਵੀ ਹਮਲਾ ਕਰ ਦਿੱਤਾ।
ਇਹ ਵੀ ਪੜ੍ਹੋ : ਰਾਮ ਰਹੀਮ ਨੂੰ ਪੈਰੋਲ ਮਿਲਣ 'ਤੇ ਸੁਖਬੀਰ ਬਾਦਲ ਬੋਲੇ,ਅਪਰਾਧੀ ਨੂੰ ਵਾਰ-ਵਾਰ ਪੈਰੋਲ ਪਰ ਬੰਦੀ ਸਿੰਘਾਂ ਨੂੰ ਨਹੀਂ ਮਿਲ ਰਿਹਾ ਇਨਸਾਫ਼
ਵੀਡੀਓ ਹੋਈ ਸੀ ਵਾਇਰਲ
ਵਾਇਰਲ ਵੀਡੀਓ ਵਿੱਚ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਜਦੋਂ ਹਮਲਾਵਰ ਪੁਲਸ ਮੁਲਾਜ਼ਮਾਂ ’ਤੇ ਹਮਲਾ ਕਰ ਰਹੇ ਸਨ ਤਾਂ ਕੁਝ ਪਿੰਡ ਵਾਸੀ ਵੀ ਭੀੜ ਵਿੱਚ ਸ਼ਾਮਲ ਹੋ ਗਏ ਅਤੇ ਕਾਂਸਟੇਬਲ ਪਰਮਿੰਦਰ ਸਿੰਘ ਨੂੰ ਸੜਕ ’ਤੇ ਘੜੀਸਣ ਲੱਗੇ ਅਤੇ ਉਨ੍ਹਾਂ ਦੇ ਸਿਰ ’ਤੇ ਇੱਟਾਂ ਨਾਲ ਹਮਲਾ ਕਰ ਦਿੱਤਾ। ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੌਲਦਾਰ ਪਰਮਿੰਦਰ ਸਿੰਘ ਅਤੇ ਰਾਹਗੀਰ ਮਨਪ੍ਰੀਤ ਸਿੰਘ ਨੂੰ ਜਲੰਧਰ ਦੇ ਹਸਪਤਾਲ ਰੈਫਰ ਕਰ ਦਿੱਤਾ ਗਿਆ ਸੀ।
ਕੀ ਹੋਈ ਸੀ ਕਾਰਵਾਈ
ਇਸ ਮਾਮਲੇ 'ਚ ਪੁਲਸ ਨੇ 13 ਲੋਕਾਂ 'ਤੇ ਕਾਤਲਾਨਾ ਹਮਲਾ ਅਤੇ ਕੁੱਟਮਾਰ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਸੀ, ਜਿਨ੍ਹਾਂ 'ਚੋਂ 6 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹੁਣ ਮਾਮਲੇ 'ਚ ਕਤਲ ਦੀਆਂ ਧਾਰਾਵਾਂ ਤਹਿਤ ਜੁਰਮ ਵਧਣ ਜਾ ਰਿਹਾ ਹੈ।
ਇਹ ਵੀ ਪੜ੍ਹੋ : CM ਭਗਵੰਤ ਮਾਨ ਨੇ ਇਕ ਸੀਨੀਅਰ ਅਧਿਕਾਰੀ ਦਾ ਤਬਾਦਲਾ ਕਰਕੇ ਅਫ਼ਸਰਸ਼ਾਹੀ ਨੂੰ ਵਿਖਾਏ ਤੇਵਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।