ਗੱਡੀ ''ਚ ਸ਼ੱਕੀ ਹਾਲਤ ''ਚ ਬੈਠੇ ਲੜਕੇ-ਲੜਕੀ ਨੂੰ ਪੁਲਸ ਕਰਮਚਾਰੀ ਨੇ ਬਾਹਰ ਆਉਣ ਲਈ ਕਿਹਾ ਤਾਂ ਲੜਕੇ ਨੇ ਦੌੜਾਈ ਗੱਡੀ, 5 ਵਾਹਨਾਂ ਨੂੰ ਮਾਰੀ ਟੱਕਰ
Sunday, Sep 17, 2017 - 07:59 AM (IST)
ਚੰਡੀਗੜ੍ਹ (ਸੁਸ਼ੀਲ) - ਸੁਖਨਾ ਲੇਕ ਦੇ ਪਿੱਛੇ ਪਾਰਕਿੰਗ ਵਿਚ ਗੱਡੀ ਦੇ ਅੰਦਰ ਸ਼ਨੀਵਾਰ ਰਾਤ ਲੜਕਾ ਤੇ ਲੜਕੀ ਸ਼ੱਕੀ ਹਾਲਤ ਵਿਚ ਬੈਠੇ ਹੋਏ ਸਨ, ਜਿਸ ਤੋਂ ਬਾਅਦ ਪੁਲਸ ਜਵਾਨ ਨੇ ਲੜਕੇ ਨੂੰ ਸਵਿਫ਼ਟ ਗੱਡੀ ਤੋਂ ਬਾਹਰ ਆਉਣ ਲਈ ਕਿਹਾ ਤਾਂ ਲੜਕੇ ਨੇ ਗੱਡੀ ਭਜਾ ਲਈ। ਜਲਦਬਾਜ਼ੀ 'ਚ ਉਸ ਨੇ 3 ਗੱਡੀਆਂ ਨੂੰ ਟੱਕਰ ਮਾਰੀ ਤੇ ਸੈਕਟਰ-26 ਵੱਲ ਚਲਾ ਗਿਆ। ਉਸ ਦੇ ਪਿੱਛੇ ਆ ਰਹੇ ਵਾਰਡ ਨੰਬਰ 1 ਦੇ ਕੌਂਸਲਰ ਮਹੇਸ਼ਇੰਦਰ ਸਿੰਘ ਨੇ ਆਪਣੀ ਗੱਡੀ ਲੜਕੇ ਦੀ ਗੱਡੀ ਦੇ ਪਿੱਛੇ ਲਾ ਕੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਨੌਜਵਾਨ ਨੇ ਸੈਕਟਰ-7 ਇਨਰ ਮਾਰਕੀਟ ਵਿਚ ਆ ਕੇ ਗੱਡੀ ਖੜ੍ਹੀ ਕਰ ਦਿੱਤੀ। ਕੌਂਸਲਰ ਨੇ ਲੜਕੇ ਦੀ ਗੱਡੀ ਦੇ ਅੱਗੇ ਆਪਣੀ ਗੱਡੀ ਲਾ ਕੇ ਪੁਲਸ ਨੂੰ ਬੁਲਾਇਆ। ਲੜਕੇ ਨੇ ਭੱਜਣ ਲਈ ਗੱਡੀ ਪਿੱਛੇ ਕੀਤੀ ਤੇ ਪਿਛਲੀ ਗੱਡੀ ਨੂੰ ਟੱਕਰ ਮਾਰ ਦਿੱਤੀ। ਟੱਕਰ ਲਗਦਿਆਂ ਹੀ ਲੜਕੀ ਗੱਡੀ ਤੋਂ ਬਾਹਰ ਆ ਗਈ ਤੇ ਭੱਜ ਗਈ। ਕੌਂਸਲਰ ਨੇ ਕਾਰ ਸਵਾਰ ਲੜਕੇ ਨੂੰ ਫੜ ਕੇ ਪੁਲਸ ਹਵਾਲੇ ਕਰ ਦਿੱਤਾ। ਸੈਕਟਰ-26 ਥਾਣਾ ਪੁਲਸ ਮੁਲਜ਼ਮ ਨੂੰ ਫੜ ਕੇ ਥਾਣੇ ਲੈ ਗਈ।