ਲੁਧਿਆਣਾ ''ਚ ਬੇਕਾਬੂ ਕਾਰ ਸਣੇ ਨਹਿਰ ''ਚ ਡਿੱਗੇ 2 ਲੋਕ, ਇਕ ਨੌਜਵਾਨ ਤੈਰ ਕੇ ਬਾਹਰ ਆਇਆ

Wednesday, Feb 02, 2022 - 10:37 AM (IST)

ਲੁਧਿਆਣਾ ''ਚ ਬੇਕਾਬੂ ਕਾਰ ਸਣੇ ਨਹਿਰ ''ਚ ਡਿੱਗੇ 2 ਲੋਕ, ਇਕ ਨੌਜਵਾਨ ਤੈਰ ਕੇ ਬਾਹਰ ਆਇਆ

ਲੁਧਿਆਣਾ (ਰਾਜ) : ਬਾੜੇਵਾਲ ਕੋਲ ਇਕ ਤੇਜ਼ ਰਫ਼ਤਾਰ ਪਜੈਰੋ ਬੇਕਾਬੂ ਹੋ ਕੇ ਸਿੱਧਵਾਂ ਨਹਿਰ 'ਚ ਜਾ ਡਿੱਗੀ। ਕਾਰ ਚਲਾ ਰਹੇ ਨੌਜਵਾਨ ਨੇ ਪਹਿਲਾਂ ਹੀ ਛਾਲ ਮਾਰ ਦਿੱਤੀ, ਜਦੋਂ ਕਿ ਉਸ ਦੇ 2 ਸਾਥੀ ਕਾਰ ਸਮੇਤ ਨਹਿਰ ਵਿਚ ਡਿੱਗ ਗਏ, ਜਿਸ ਵਿਚੋਂ ਇਕ ਤੈਰ ਕੇ ਬਾਹਰ ਆ ਗਿਆ ਅਤੇ ਦੂਜਾ ਕਾਰ ਦੀ ਛੱਤ ’ਤੇ ਚੜ੍ਹ ਗਿਆ। ਇਸ ਤੋਂ ਬਾਅਦ ਮੌਕੇ ’ਤੇ ਪੁੱਜੀ ਪੁਲਸ ਨੇ ਰੱਸੀ ਨਾਲ ਖਿੱਚ ਕੇ ਉਸ ਨੂੰ ਬਾਹਰ ਕੱਢਿਆ। ਹਾਦਸੇ ਵਿਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਅਗਲੀ ਸਵੇਰ ਨੂੰ ਥਾਣਾ ਪੀ. ਏ. ਯੂ. ਪੁਲਸ ਨੇ ਕ੍ਰੇਨ ਮੰਗਵਾ ਕੇ ਕਾਰ ਨੂੰ ਬਾਹਰ ਕੱਢਿਆ।

ਐੱਸ. ਐੱਚ. ਓ. ਰਵਿੰਦਰਪਾਲ ਨੇ ਦੱਸਿਆ ਕਿ ਮੋਗਾ ਦਾ ਰਹਿਣ ਵਾਲਾ ਮਨਜੋਤ ਆਪਣੇ ਦੋਸਤ ਹਾਕਮ ਨਾਲ ਲੁਧਿਆਣਾ ਆਇਆ ਸੀ, ਜਿੱਥੇ ਹੈਬੋਵਾਲ ਵਿਖੇ ਆਪਣੇ ਦੋਸਤ ਦੇ ਘਰ ਪਾਰਟੀ ’ਤੇ ਗਿਆ ਸੀ। ਪਾਰਟੀ ਖ਼ਤਮ ਹੋਣ ਤੋਂ ਬਾਅਦ ਮਨਜੋਤ ਆਪਣੇ ਦੋਸਤ ਅਤੇ ਕੁੱਕ ਨਾਲ ਪਜੈਰੋ ਕਾਰ ਵਿਚ ਵਾਪਸ ਮੋਗਾ ਜਾ ਰਿਹਾ ਸੀ। ਜਦੋਂ ਉਹ ਸਿਟੀ ਤੋਂ ਫਿਰੋਜ਼ਪੁਰ ਰੋਡ ਵੱਲ ਜਾ ਰਹੇ ਸੀ ਤਾਂ ਬਾੜੇਵਾਲ ਪੁਲ ਕੋਲ ਕਾਰ ਬੇਕਾਬੂ ਹੋ ਗਈ, ਜੋ ਕਿ ਡਿਵਾਈਡਰ ਅਤੇ ਦਰੱਖ਼ਤ ਨਾਲ ਟਕਰਾ ਕੇ ਸਿੱਧਵਾਂ ਨਹਿਰ ਵਿਚ ਜਾ ਡਿੱਗੀ ਪਰ ਕਾਰ ਦੇ ਡਿੱਗਣ ਤੋਂ ਪਹਿਲਾਂ ਹੀ ਮਨਜੋਤ ਨੇ ਛਾਲ ਮਾਰ ਦਿੱਤੀ ਸੀ, ਜਦੋਂ ਕਿ ਕਾਰ ਦੇ ਅੰਦਰ ਬੈਠਾ ਮਨਜੋਤ ਦਾ ਦੋਸਤ ਅਤੇ ਕੁੱਕ ਹਾਕਮ ਕਾਰ ਸਮੇਤ ਕਾਰ ਸਮੇਤ ਨਹਿਰ ਵਿਚ ਡਿੱਗ ਗਿਆ।

ਮਨਜੋਤ ਦਾ ਦੋਸਤ ਕਿਸੇ ਤਰ੍ਹਾਂ ਦਰਵਾਜ਼ੇ ਤੋਂ ਨਿਕਲ ਕੇ ਕਾਰ ਦੀ ਛੱਤ ’ਤੇ ਚੜ੍ਹ ਗਿਆ ਸੀ, ਜਦੋਂ ਕਿ ਕੁੱਕ ਹਾਕਮ ਨੂੰ ਤੈਰਨਾ ਆਉਂਦਾ ਸੀ, ਇਸ ਲਈ ਤੈਰ ਕੇ ਬਾਹਰ ਆ ਗਿਆ ਸੀ ਪਰ ਇੰਨਾ ਡਰ ਗਿਆ ਕਿ ਮੌਕੇ ਤੋਂ ਭੱਜ ਗਿਆ ਸੀ। ਇਸ ਤੋਂ ਬਾਅਦ ਮਨਜੋਤ ਸਿੰਘ ਨੇ ਲੁਧਿਆਣਾ ਵਿਚ ਰਹਿੰਦੇ ਇਕ ਆਪਣੇ ਦੋਸਤ ਨੂੰ ਕਾਲ ਕਰ ਕੇ ਘਟਨਾ ਬਾਰੇ ਦੱਸਿਆ। ਇਸ ਤੋਂ ਬਾਅਦ ਉਸ ਦੇ ਦੋਸਤ ਨੇ ਪੁਲਸ ਨੂੰ ਕਾਲ ਕਰ ਦਿੱਤੀ। ਮੌਕੇ ’ਤੇ ਪਹਿਲਾਂ ਚੌਂਕੀ ਰਘੁਨਾਥ ਐਨਕਲੇਵ ਦੀ ਪੁਲਸ ਪੁੱਜ ਗਈ ਪਰ ਮਾਮਲਾ ਥਾਣਾ ਪੀ. ਏ. ਯੂ. ਦਾ ਸੀ। ਇਸ ਲਈ ਥਾਣਾ ਪੀ. ਏ. ਯੂ. ਦੀ ਪੁਲਸ ਨੂੰ ਵੀ ਸੂਚਨਾ ਭੇਜ ਦਿੱਤੀ ਗਈ।
 


author

Babita

Content Editor

Related News