ਸਰਹਿੰਦ ਨਹਿਰ ਦੇ ਠਾਠਾਂ ਮਾਰਦੇ ਪਾਣੀ ''ਚ ਡਿੱਗੀ ਕਾਰ, 2 ਭਰਾ ਲਾਪਤਾ

Friday, Jul 24, 2026 - 05:44 PM (IST)

ਸਰਹਿੰਦ ਨਹਿਰ ਦੇ ਠਾਠਾਂ ਮਾਰਦੇ ਪਾਣੀ ''ਚ ਡਿੱਗੀ ਕਾਰ, 2 ਭਰਾ ਲਾਪਤਾ

ਮਾਛੀਵਾੜਾ ਸਾਹਿਬ, ਸਮਰਾਲਾ (ਟੱਕਰ, ਬੰਗੜ, ਗਰਗ)- ਮਾਛੀਵਾੜਾ ਨੇੜ੍ਹੇ ਵਗਦੀ ਸਰਹਿੰਦ ਨਹਿਰ ਵਿਚ ਅੱਜ ਤੜਕੇ ਇਨੋਵਾ ਕਾਰ ਸ਼ੱਕੀ ਹਾਲਾਤ ਵਿਚ ਡਿੱਗ ਗਈ ਜਿਸ ਵਿਚ ਸਵਾਰ 2 ਨੌਜਵਾਨ ਲਾਪਤਾ ਦੱਸੇ ਜਾ ਰਹੇ ਹਨ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪਿੰਡ ਸਿੱਖਾਂਵਾਲਾ, ਜ਼ਿਲ੍ਹਾ ਫਰੀਦਕੋਟ ਦੇ ਵਾਸੀ ਰਿੰਪੀ ਸਿੰਘ ਨੇ ਦੱਸਿਆ ਕਿ ਉਸਦਾ ਲੜਕਾ ਵਿਕਾਸਦੀਪ (19) ਅਤੇ ਉਸਦਾ ਦੂਜਾ ਉਸਦਾ ਭਤੀਜਾ ਅਕਾਸ਼ਦੀਪ (20) ਚੰਡੀਗੜ੍ਹ ਤੋਂ ਵਾਪਸ ਫਰੀਦਕੋਟ ਵੱਲ ਇਨੋਵਾ ਕਾਰ ਵਿਚ ਸਵਾਰ ਹੋ ਕੇ ਆ ਰਹੇ ਸਨ। ਤੜਕੇ 4.30 ਵਜੇ ਦੇ ਕਰੀਬ ਉਸਦਾ ਲੜਕਾ ਫੋਨ ’ਤੇ ਗੱਲ ਕਰ ਰਿਹਾ ਸੀ ਤਾਂ ਪਿੱਛੋਂ ਦੂਜੇ ਲੜਕੇ ਦੀ ਆਵਾਜ਼ ਆਈ ਕਿ ਫੇਟ ਵੱਜ ਗਈ। ਪਿਤਾ ਨੇ ਦੱਸਿਆ ਕਿ ਉਸ ਤੋਂ ਬਾਅਦ ਦੋਵਾਂ ਲੜਕਿਆਂ ਦੇ ਫੋਨ ਬੰਦ ਹੋ ਗਏ। ਅੱਜ ਸਵੇਰੇ ਜਦੋਂ ਉਹ ਲੜਕਿਆਂ ਦੀ ਤਲਾਸ਼ ਕਰਦੇ ਹੋਏ ਸਰਹਿੰਦ ਨਹਿਰ ਕਿਨਾਰੇ ਪੁੱਜੇ ਤਾਂ ਉੱਥੋਂ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਤੜਕੇ ਸਾਢੇ 4 ਵਜੇ ਦੇ ਕਰੀਬ ਇੱਕ ਇਨੋਵਾ ਕਾਰ ਸਰਹਿੰਦ ਨਹਿਰ ਵਿਚ ਡਿੱਗ ਗਈ ਹੈ, ਜਿਸ ਤੋਂ ਬਾਅਦ ਉਨ੍ਹਾਂ ਵਲੋਂ ਗੋਤਾਖੋਰਾਂ ਨੂੰ ਬੁਲਾਇਆ ਗਿਆ ਅਤੇ ਨਹਿਰ ਵਿਚ ਕਾਰ 'ਚ ਸਵਾਰ ਦੋਵੇਂ ਚਚੇਰੇ ਭਰਾ ਅਕਾਸ਼ਦੀਪ ਤੇ ਵਿਕਾਸਦੀਪ ਦੀ ਤਲਾਸ਼ ਸ਼ੁਰੂ ਕੀਤੀ। ਉਨ੍ਹਾਂ ਦੱਸਿਆ ਕਿ ਗੋਤਾਖੋਰਾਂ ਵਲੋਂ ਕਾਫ਼ੀ ਸਮੇਂ ਤੋਂ ਨਹਿਰ ਵਿਚ ਕਾਰ ਦੀ ਤਲਾਸ਼ ਕੀਤੀ ਜਾ ਰਹੀ ਹੈ ਪਰ ਪਾਣੀ ਗੰਧਲਾ ਅਤੇ ਵਹਾਅ ਤੇਜ਼ ਹੋਣ ਕਾਰਨ ਉਨ੍ਹਾਂ ਨੂੰ ਕੋਈ ਸਫ਼ਲਤਾ ਨਹੀਂ ਮਿਲੀ।

ਇਹ ਵੀ ਪੜ੍ਹੋ- ਰਣਜੀਤ ਸਾਗਰ ਡੈਮ ਝੀਲ ’ਚ ਦੋ ਦਿਨਾਂ ’ਚ ਵਧਿਆ ਪਾਣੀ ਦਾ ਪੱਧਰ, ਡੈਮ ਪ੍ਰਬੰਧਕਾਂ ਨੇ ਦਿੱਤੇ ਚਿਤਾਵਨੀ ਦੇ ਸੰਦੇਸ਼

ਇਨੋਵਾ ਕਾਰ ਵਿਚ ਲੱਦੀ ਹੋਈ ਹੈ ਨਾਜਾਇਜ ਸ਼ਰਾਬ
ਲਾਪਤਾ ਹੋਏ ਮੁੰਡੇ ਦੇ ਪਿਤਾ ਰਿੰਪੀ ਸਿੰਘ ਨੇ ਦੱਸਿਆ ਕਿ ਉਸਦਾ ਮੁੰਡਾ ਤੇ ਭਤੀਜਾ ਚੰਡੀਗੜ੍ਹ ਤੋਂ ਨਾਜਾਇਜ ਸ਼ਰਾਬ ਲਿਆ ਕੇ ਵੇਚਣ ਦਾ ਕੰਮ ਕਰਦੇ ਹਨ ਜਿਸ ਸਬੰਧੀ ਉਨ੍ਹਾਂ ਨੂੰ ਕਈ ਵਾਰ ਰੋਕਿਆ ਵੀ ਗਿਆ। ਉਨ੍ਹਾਂ ਦੱਸਿਆ ਕਿ ਅੱਜ ਵੀ ਲੜਕੇ ਇਨੋਵਾ ਕਾਰ ਵਿਚ ਨਾਜਾਇਜ ਸ਼ਰਾਬ ਲੱਦ ਕੇ ਚੰਡੀਗੜ੍ਹ ਤੋਂ ਫਰੀਦਕੋਟ ਵੱਲ ਆ ਰਹੇ ਸਨ। ਪਿਤਾ ਨੇ ਦੋਸ਼ ਲਗਾਇਆ ਕਿ ਉਸ ਨੂੰ ਜਾਣਕਾਰੀ ਮਿਲੀ ਹੈ ਕਿ ਉਨ੍ਹਾਂ ਦੀ ਨਾਜਾਇਜ਼ ਸ਼ਰਾਬ ਨਾਲ ਲੱਦੀ ਗੱਡੀ ਨੂੰ ਕਿਸੇ ਸ਼ਰਾਬ ਠੇਕੇਦਾਰ ਦੇ ਵਾਹਨ ਨੇ ਫੇਟ ਮਾਰੀ ਜਿਸ ਕਾਰਨ ਇਹ ਹਾਦਸਾ ਵਾਪਰਿਆ। ਉਨ੍ਹਾਂ ਦੱਸਿਆ ਕਿ ਸਾਢੇ 4 ਵਜੇ ਤੋਂ ਬਾਅਦ ਉਨ੍ਹਾਂ ਦਾ ਪੁੱਤਰ ਤੇ ਭਤੀਜੇ ਦੇ ਫੋਨ ਬੰਦ ਹਨ ਅਤੇ ਜਾਣਕਾਰੀ ਅਨੁਸਾਰ ਫੇਟ ਵੱਜਣ ਕਾਰਨ ਗੱਡੀ ਨਹਿਰ ਵਿਚ ਡਿੱਗ ਗਈ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਕਰੋੜਾਂ ਦੀ ਹੈਰੋਇਨ ਨਾਲ ਤਸਕਰ ਗ੍ਰਿਫਤਾਰ, ਪੁੱਛਗਿੱਛ ਦੌਰਾਨ ਹੋ ਸਕਦੇ ਵੱਡੇ ਖੁਲਾਸੇ

ਪੁਲਸ ਵਲੋਂ ਵੱਖ-ਵੱਖ ਪਹਿਲੂਆਂ ਤੋਂ ਕੀਤੀ ਜਾ ਰਹੀ ਜਾਂਚ
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਮਰਾਲਾ ਦੇ ਮੁਖੀ ਹਰਵਿੰਦਰ ਸਿੰਘ, ਐੱਸ.ਟੀ.ਐੱਫ. ਟੀਮਾਂ ਮੌਕੇ ’ਤੇ ਪੁੱਜ ਗਈਆਂ। ਥਾਣਾ ਮੁਖੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਨੋਵਾ ਕਾਰ ਨੂੰ ਨਹਿਰ ਵਿਚ ਡਿੱਗਦਿਆਂ ਕਿਸੇ ਨੇ ਅੱਖੀਂ ਨਹੀਂ ਦੇਖਿਆ ਪਰ ਪਰਿਵਾਰ ਦੇ ਦੱਸਣ ਅਨੁਸਾਰ ਕਾਰ ਨਹਿਰ ਵਿਚ ਗਿਰੀ ਹੈ। ਉਨ੍ਹਾਂ ਕਿਹਾ ਕਿ ਪੁਲਸ ਵਲੋਂ ਵੱਖ-ਵੱਖ ਪਹਿਲੂਆਂ ਤੋਂ ਜਾਂਚ ਜਾਰੀ ਹੈ ਅਤੇ ਜਦੋਂ ਤੱਕ ਕਾਰ ਨਹਿਰ ’ਚੋਂ ਬਰਾਮਦ ਨਹੀਂ ਹੋ ਜਾਂਦੀ ਤਾਂ ਉਹ ਸਪੱਸ਼ਟ ਜਾਣਕਾਰੀ ਨਹੀਂ ਦੇ ਸਕਦੇ। ਖ਼ਬਰ ਲਿਖੇ ਜਾਣ ਤੱਕ ਗੋਤਾਖੋਰ ਕਾਰ ਦੀ ਤਲਾਸ਼ ਅਤੇ ਲਾਪਤਾ ਹੋਏ ਚਚੇਰੇ ਭਰਾਵਾਂ ਦੀ ਭਾਲ ਵਿਚ ਜੁਟੇ ਹੋਏ ਸਨ।

ਇਹ ਵੀ ਪੜ੍ਹੋ- ਪੰਜਾਬ 'ਚ ਖਤਰੇ ਦੀ ਘੰਟੀ! ਰਾਵੀ ਦਰਿਆ ਨੇ ਧਾਰਿਆ ਭਿਆਨਕ ਰੂਪ, ਟੁੱਟਿਆ ਅੱਧੀ ਦਰਜਨ ਪਿੰਡਾਂ ਦਾ ਸੰਪਰਕ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News