ਕਾਰ ਡੀਲਰ ਨੇ ਪਹਿਲਾਂ ਦੋਸਤ ਨੂੰ ਕਾਰ ’ਚ ਬਿਠਾਇਆ, ਫਿਰ ਧੜਾਧੜ ਗੋਲ਼ੀਆਂ ਮਾਰ ਕੀਤਾ ਕਤਲ
Sunday, Nov 14, 2021 - 11:48 AM (IST)
ਚੰਡੀਗੜ੍ਹ (ਸੁਸ਼ੀਲ) : ਕਾਰਾਂ ’ਚ ਇਨਵੈਸਟ ਕੀਤੇ 30 ਲੱਖ ਰੁਪਏ ਵਾਪਸ ਦੇਣ ਲਈ ਕਾਰ ਡੀਲਰ ਨੇ ਦੋਸਤ ਨੂੰ ਰੇਲਵੇ ਸਟੇਸ਼ਨ ਕੋਲ ਲਾਈਟ ਪੁਆਇੰਟ ’ਤੇ ਕਾਰ ’ਚ ਬਿਠਾ ਕੇ 3 ਗੋਲੀਆਂ ਮਾਰ ਦਿੱਤੀਆਂ। ਲਹੂ-ਲੁਹਾਨ ਹਾਲਤ ’ਚ ਨੌਜਵਾਨ ਗੱਡੀ ’ਚ ਡਿੱਗ ਗਿਆ ਅਤੇ ਉਸ ਦਾ ਦੋਸਤ ਜਗਦੀਪ ਉਸ ਨੂੰ ਮਨੀਮਾਜਰਾ ਸਥਿਤ ਸਿਵਲ ਹਸਪਤਾਲ ’ਚ ਲੈ ਕੇ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਮੋਹਾਲੀ ਦੇ ਪਿੰਡ ਪੜੌਲ ਨਿਵਾਸੀ ਜਸਪ੍ਰੀਤ ਸਿੰਘ ਵਜੋਂ ਹੋਈ। ਕਤਲ ਦੀ ਸੂਚਨਾ ਮਿਲਦਿਆਂ ਹੀ ਡੀ. ਐੱਸ. ਪੀ. ਗੁਰਮੁੱਖ ਸਿੰਘ ਪੁਲਸ ਟੀਮ ਨਾਲ ਮੌਕੇ ’ਤੇ ਪੁੱਜੇ। ਫਾਰੈਂਸਿਕ ਟੀਮ ਨੇ ਸੜਕ ਅਤੇ ਗੱਡੀ ’ਚ ਖਿੱਲਰੇ ਖੂਨ ਦੇ ਸੈਂਪਲ ਜ਼ਬਤ ਕੀਤੇ। ਹੱਤਿਆ ਤੋਂ ਬਾਅਦ ਹਮਲਾਵਰ ਨੇ ਦੜਵਾ ਚੌਕੀ ’ਚ ਜਾ ਕੇ ਸਰੰਡਰ ਕਰ ਦਿੱਤਾ। ਕਾਤਲ ਦੀ ਪਛਾਣ ਸੈਕਟਰ-19 ਨਿਵਾਸੀ ਜਸਪ੍ਰੀਤ ਉਰਫ਼ ਮੌਂਟੀ ਵਜੋਂ ਹੋਈ। ਉਨ੍ਹਾਂ ਦੇ ਪਿਤਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ’ਚ ਸੁਪਰਡੈਂਟ ਹਨ ਅਤੇ ਮੌਂਟੀ ਉਨ੍ਹਾਂ ਦੇ ਨਾਲ ਹੀ ਸੈਕਟਰ-19 ’ਚ ਰਹਿੰਦਾ ਸੀ।
ਇਹ ਵੀ ਪੜ੍ਹੋ : ਮਾਹਿਲਪੁਰ ’ਚ ਸ਼ਰਮਨਾਕ ਘਟਨਾ, ਪਿਓ ਅਤੇ ਤਾਏ ਨੇ ਨਾਬਾਲਿਗ ਧੀ ਨਾਲ ਕੀਤਾ ਜਬਰ-ਜ਼ਿਨਾਹ, ਹੋਈ ਗਰਭਵਤੀ
ਮੌਂਟੀ ਇੰਡਸਟ੍ਰੀਅਲ ਏਰੀਆ ਫੇਜ਼-1 ’ਚ ਮਿਲਣ ਕਾਰ ਬਾਜ਼ਾਰ ਦੇ ਨਾਂ ਨਾਲ ਪੁਰਾਣੀਆਂ ਗੱਡੀਆਂ ਖਰੀਦਣ ਅਤੇ ਵੇਚਣ ਦਾ ਕੰਮ ਕਰਦਾ ਹੈ। ਜਗਦੀਪ ਨੇ ਦੱਸਿਆ ਕਿ ਦੋਸਤ ਜਸਪ੍ਰੀਤ ਦੇ ਦੋ ਗੋਲੀਆਂ ਛਾਤੀ ’ਚ ਅਤੇ ਇਕ ਗੋਲੀ ਪਿੱਠ ’ਚ ਲੱਗੀ ਸੀ। ਇੰਡਸਟ੍ਰੀਅਲ ਏਰੀਆ ਥਾਣਾ ਪੁਲਸ ਨੇ ਕਾਤਲ ਦੀ ਸਕੋਡਾ ਗੱਡੀ ਅਤੇ ਪਿਸਤੌਲ ਜ਼ਬਤ ਕਰ ਕੇ ਉਸਦੇ ਖ਼ਿਲਾਫ਼ ਕਤਲ ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : ਪਾਖੰਡੀ ਸਾਧ ਦਾ ਵਹਿਸ਼ੀ ਰੂਪ, ਜਨਾਨੀ ਦਾ ਕਤਲ ਕਰਨ ਤੋਂ ਬਾਅਦ ਵੀ ਸਾਥੀਆਂ ਨਾਲ ਮਿਲ ਲਾਸ਼ ਨਾਲ ਮਿਟਾਈ ਹਵਸ
ਰੇਲਵੇ ਸਟੇਸ਼ਨ ਕੋਲ ਲਾਈਟ ਪੁਆਇੰਟ ’ਤੇ ਬੁਲਾਇਆ ਸੀ
ਜ਼ੀਰਕਪੁਰ ਨਿਵਾਸੀ ਮ੍ਰਿਤਕ ਦੇ ਭਰਾ ਕੁਲਵਿੰਦਰ ਨੇ ਦੱਸਿਆ ਕਿ ਉਸ ਦੇ ਭਰਾ ਜਸਪ੍ਰੀਤ ਨੇ ਪੈਸੇ ਇਨਵੈਸਟ ਕਰਨ ਲਈ ਦੋਸਤ ਕਾਰ ਡੀਲਰ ਜਸਪ੍ਰੀਤ ਉਰਫ਼ ਮੌਂਟੀ ਨੂੰ ਦਿੱਤੇ ਹੋਏ ਸਨ। ਜਸਪ੍ਰੀਤ ਨੂੰ ਪੈਸਿਆਂ ਦੀ ਜ਼ਰੂਰਤ ਸੀ ਅਤੇ ਉਹ ਆਪਣੇ ਪੈਸੇ ਮੌਂਟੀ ਤੋਂ ਮੰਗ ਰਿਹਾ ਸੀ, ਜਿਸ ਦਾ ਸਾਰਾ ਰਿਕਾਰਡ ਉਨ੍ਹਾਂ ਕੋਲ ਮੌਜੂਦ ਹੈ। ਸ਼ਨੀਵਾਰ ਮੌਂਟੀ ਨੇ ਜਸਪ੍ਰੀਤ ਨੂੰ ਪੈਸੇ ਵਾਪਸ ਦੇਣ ਲਈ ਰੇਲਵੇ ਸਟੇਸ਼ਨ ਕੋਲ ਲਾਈਟ ਪੁਆਇੰਟ ’ਤੇ ਬੁਲਾਇਆ ਸੀ। ਜਸਪ੍ਰੀਤ ਸਿੰਘ ਆਪਣੇ ਦੋਸਤ ਜਗਦੀਪ ਦੇ ਨਾਲ ਪੈਸੇ ਲੈਣ ਗੱਡੀ ਵਿਚ ਰੇਲਵੇ ਸਟੇਸ਼ਨ ਲਾਈਟ ਪੁਆਇੰਟ ’ਤੇ ਪਹੁੰਚਿਆ। ਥੋੜ੍ਹੀ ਦੇਰ ਬਾਅਦ ਮੌਂਟੀ ਆਪਣੀ ਸਕੋਡਾ ਗੱਡੀ ’ਚ ਲਾਈਟ ਪੁਆਇੰਟ ’ਤੇ ਪਹੁੰਚ ਗਿਆ। ਮੌਂਟੀ ਨੇ ਗੱਡੀ ’ਚ ਬੈਠੇ ਜਸਪ੍ਰੀਤ ਨੂੰ ਆਪਣੀ ਗੱਡੀ ’ਚ ਪੈਸੇ ਦੇਣ ਲਈ ਬੁਲਾ ਲਿਆ। ਜਗਦੀਪ ਉਸ ਦੇ ਭਰਾ ਦੀ ਗੱਡੀ ’ਚ ਬੈਠਾ ਰਿਹਾ। 15 ਮਿੰਟ ਤਕ ਦੋਵੇਂ ਆਪਸ ’ਚ ਪੈਸਿਆਂ ਸਬੰਧੀ ਗੱਲਬਾਤ ਕਰਦੇ ਰਹੇ। ਜਦੋਂ ਜਸਪ੍ਰੀਤ ਗੱਡੀ ਤੋਂ ਉੱਤਰਨ ਲੱਗਾ ਤਾਂ ਮੌਂਟੀ ਨੇ ਪਿਸਤੌਲ ਕੱਢ ਕੇ ਉਸ ਦੀ ਛਾਤੀ ’ਚ ਦੋ ਅਤੇ ਇਕ ਗੋਲੀ ਪਿੱਠ ’ਚ ਮਾਰ ਦਿੱਤੀ ਅਤੇ ਗੱਡੀ ਤੋਂ ਉਤਰ ਕੇ ਭੱਜ ਗਿਆ। ਗੋਲੀ ਚੱਲਣ ਦੀ ਆਵਾਜ਼ ਸੁਣਦਿਆਂ ਹੀ ਜਗਦੀਪ ਜਸਪ੍ਰੀਤ ਨੂੰ ਲਹੂ-ਲੁਹਾਨ ਹਾਲਤ ’ਚ ਹਸਪਤਾਲ ਲੈ ਕੇ ਗਏ।
ਇਹ ਵੀ ਪੜ੍ਹੋ : ਭਿਆਨਕ ਹਾਦਸੇ ’ਚ ਹੌਲਦਾਰ ਕਸ਼ਮੀਰ ਸਿੰਘ ਦੀ ਮੌਤ, ਕੁੱਝ ਦਿਨ ਬਾਅਦ ਬਣਨਾ ਸੀ ਥਾਣੇਦਾਰ
ਮੌਂਟੀ ਬੋਲਿਆ, 9 ਲੱਖ ਰੁਪਏ ਦਾ ਲੈਣ-ਦੇਣ ਸੀ
ਕਤਲ ਦੀ ਸੂਚਨਾ ਮਿਲਦਿਆਂ ਹੀ ਐੱਸ. ਪੀ. ਸਿਟੀ ਕੇਤਨ ਬਾਂਸਲ, ਡੀ. ਐੱਸ. ਪੀ. ਗੁਰਮੁੱਖ ਸਿੰਘ ਅਤੇ ਇੰਡਸਟ੍ਰੀਅਲ ਏਰੀਆ ਥਾਣਾ ਇੰਚਾਰਜ ਮੌਕੇ ’ਤੇ ਪੁੱਜੇ। ਮੌਕੇ ’ਤੇ ਸਕੋਡਾ ਗੱਡੀ ਖੜ੍ਹੀ ਸੀ ਅਤੇ ਉਸ ’ਚ ਖੂਨ ਖਿੱਲਰਿਆ ਹੋਇਆ ਸੀ। ਮੌਂਟੀ ਨੇ ਪੁਲਸ ਨੂੰ ਦੱਸਿਆ ਕਿ ਜਸਪ੍ਰੀਤ ਉਸ ਨੂੰ ਆਪਣੀ ਲਾਇਸੈਂਸੀ ਬੰਦੂਕ ਨਾਲ ਗੋਲੀ ਮਾਰਨਾ ਚਾਹੁੰਦਾ ਸੀ। ਉਸਨੇ ਬਚਾਅ ਦੀ ਕੋਸ਼ਿਸ਼ ਕੀਤੀ ਤਾਂ ਗੋਲੀ ਜਸਪ੍ਰੀਤ ਨੂੰ ਲੱਗ ਗਈ। ਮੌਂਟੀ ਨੇ ਪੁਲਸ ਨੂੰ ਦੱਸਿਆ ਕਿ ਜਸਪ੍ਰੀਤ ਦੇ ਨਾਲ ਉਸ ਦਾ 9 ਲੱਖ ਰੁਪਏ ਦਾ ਲੈਣ-ਦੇਣ ਸੀ। ਇੰਡਸਟ੍ਰੀਅਲ ਏਰੀਆ ਥਾਣਾ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : ਪਹਿਲਾਂ ਜਬਰ-ਜ਼ਿਨਾਹ ਦੇ ਮਾਮਲੇ ’ਚ ਹੋਈ 20 ਸਾਲ ਦੀ ਕੈਦ, ਪੈਰੋਲ ’ਤੇ ਆ ਫਿਰ ਕੀਤਾ ਬਲਾਤਕਾਰ
ਦੋਵੇਂ ਪਹਿਲਾਂ ਸਨ ਡਿਸਕਾਂ ਬਾਊਂਸਰ
ਪੁਲਸ ਨੇ ਦੱਸਿਆ ਕਿ ਮ੍ਰਿਤਕ ਜਸਪ੍ਰੀਤ ਅਤੇ ਮੌਂਟੀ ਪੁਰਾਣੇ ਦੋਸਤ ਸਨ। ਕਈ ਸਾਲ ਪਹਿਲਾਂ ਦੋਵੇਂ ਡਿਸਕਾਂ ’ਚ ਬਾਊਂਸਰ ਸਨ ਪਰ ਬਾਅਦ ’ਚ ਜਸਪ੍ਰੀਤ ਨੇ ਖੇਤੀਬਾੜੀ ਸ਼ੁਰੂ ਕਰ ਦਿੱਤੀ ਅਤੇ ਮੌਂਟੀ ਨੇ ਪੁਰਾਣੀਆਂ ਗੱਡੀਆਂ ਖਰੀਦਣ ਅਤੇ ਵੇਚਣ ਦਾ ਕੰਮ। ਮੌਂਟੀ ਨੇ ਸਭ ਤੋਂ ਪਹਿਲਾਂ ਜਸਪ੍ਰੀਤ ਤੋਂ 10 ਲੱਖ ਰੁਪਏ ਕਾਰਾਂ ’ਚ ਇਨਵੈਸਟ ਕਰਨ ਲਈ ਲਏ ਸਨ। ਇਸ ਤੋਂ ਬਾਅਦ ਦੋਵਾਂ ਵਿਚਕਾਰ ਲੈਣ-ਦੇਣ ਸ਼ੁਰੂ ਹੋ ਗਿਆ ਸੀ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?