ਮੋਟਰਸਾਈਕਲ-ਕਾਰ ਦੀ ਟੱਕਰ, ਇਕ ਦੀ ਮੌਤ, 7 ਜ਼ਖਮੀ

Sunday, Jun 10, 2018 - 04:57 AM (IST)

ਮੋਟਰਸਾਈਕਲ-ਕਾਰ ਦੀ ਟੱਕਰ, ਇਕ ਦੀ ਮੌਤ, 7 ਜ਼ਖਮੀ

ਸ੍ਰੀ ਚਮਕੌਰ ਸਾਹਿਬ,  (ਕੌਸ਼ਲ)-  ਮੋਟਰਸਾਈਕਲ ਤੇ ਸਵਿਫਟ ਕਾਰ ਦੀ ਟੱਕਰ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਤੇ 7 ਵਿਅਕਤੀ ਜ਼ਖਮੀ ਹੋ ਗਏ। ਹਾਦਸਾ ਬਾਅਦ ਦੁਪਿਹਰ ਸ੍ਰੀ ਚਮਕੌਰ ਸਾਹਿਬ-ਨੀਲੋਂ ਮਾਰਗ 'ਤੇ ਪੈਂਦੇ ਪਿੰਡ ਧੋਲਰਾ ਪੁਲ ਨੇੜੇ ਵਾਪਰਿਆ। 
ਜਾਣਕਾਰੀ ਅਨੁਸਾਰ ਜ਼ਿਲਾ ਨਵਾਂਸ਼ਹਿਰ ਤੋਂ ਦੋ ਮੋਟਰਸਾਈਕਲ ਸਵਾਰ ਸ੍ਰੀ ਚਮਕੌਰ ਸਾਹਿਬ ਵੱਲ ਨੂੰ ਆ ਰਹੇ ਸਨ, ਜਦਕਿ ਸ੍ਰੀ ਚਮਕੌਰ ਸਾਹਿਬ ਵਲੋਂ ਸਵਿਫਟ ਕਾਰ ਵਿਚ ਸਵਾਰ ਹੋ ਕੇ 6 ਵਿਅਕਤੀ ਲੁਧਿਆਣਾ ਨੂੰ ਜਾ ਰਹੇ ਸਨ। ਮੌਕੇ 'ਤੇ ਕਾਰ ਚਾਲਕ ਲਖਵਿੰਦਰ ਸਿੰਘ ਉਰਫ ਗੋਲਡੀ ਵਾਸੀ ਗੁਰੂ ਅਮਰਦਾਸ ਨਗਰ ਲੁਧਿਆਣਾ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ ਬੜੀ ਤੇਜ਼ ਰਫਤਾਰ ਨਾਲ ਆ ਰਹੇ ਸਨ ਤੇ ਉਨ੍ਹਾਂ ਸਾਡੇ ਸਾਹਮਣੇ ਆ ਕੇ ਅਚਾਨਕ ਕੱਟ ਮਾਰਿਆ ਤੇ ਇਨ੍ਹਾਂ ਨੂੰ ਬਚਾਉਂਦੇ ਹੋਏ ਸਾਡੀ ਗੱਡੀ ਟਕਰਾ ਕੇ ਸੜਕ ਕੰਢੇ ਖਦਾਨਾਂ ਵਿਚ ਜਾ ਡਿਗੀ। 
ਦੱਸਣ ਵਾਲੇ ਤਾਂ ਇਹ ਵੀ ਦੱਸਦੇ ਹਨ ਕਿ ਦੋਵੇਂ ਵਾਹਨ ਤੇਜ਼ ਰਫਤਾਰ ਵਿਚ ਸਨ, ਤਾਂ ਹੀ ਸਵਿਫਟ ਕਾਰ ਦੂਰ ਖਤਾਨਾਂ ਵਿਚ ਜਾ ਡਿਗੀ। 
ਹਾਦਸੇ 'ਚ 8 ਵਿਅਕਤੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਸਰਕਾਰੀ ਹਸਪਤਾਲ ਸ੍ਰੀ ਚਮਕੌਰ ਸਾਹਿਬ ਵਿਖੇ ਲਿਆਂਦਾ ਗਿਆ, ਜਿਥੇ ਮੋਟਰਸਾਈਕਲ ਸਵਾਰ ਸੁਰਿੰੰਦਰ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਵਿਕਾਸ ਨਗਰ ਨਵਾਂਸ਼ਹਿਰ ਨੂੰ ਡਾਕਟਰ ਨੇ ਮ੍ਰਿਤਕ ਕਰਾਰ ਦੇ ਦਿੱਤਾ, ਜਦਕਿ ਉਸਦੇ ਨਾਲ ਬੈਠਾ ਕੁਲਵਿੰਦਰ ਸਿੰਘ ਪੁੱਤਰ ਅਜੀਤ ਸਿੰਘ ਪਿੰਡ ਬਗੋਰਾ ਜ਼ਿਲਾ ਨਵਾਂਸ਼ਹਿਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਤੇ ਇਸ ਦੇ ਪੱਟ ਦੀ ਹੱਡੀ ਵੀ ਟੁੱਟ ਗਈ। 
ਇਸ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਤੁਰੰਤ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ, ਜਦਕਿ ਕਾਰ ਦਾ ਡਰਾਈਵਰ ਗੋਲਡੀ, ਕਾਰ ਸਵਾਰ ਵਿੱਕੀ ਵਾਸੀ ਪਿੰਡ ਕਟਾਣੀ, ਲਖਵਿੰਦਰ ਸਿੰਘ ਲੱਖੀ, ਬਲਜਿੰਦਰ ਸਿੰਘ, ਦੀਪਕ ਤੇ ਰਵੀ ਵਾਸੀ ਸੁਨੇਤ ਥਾਣਾ ਸਰਾਭਾ ਨਗਰ ਲੁਧਿਆਣਾ ਜ਼ੇਰੇ ਇਲਾਜ ਹਨ। ਉਧਰ ਥਾਣਾ ਸ੍ਰੀ ਚਮਕੌਰ ਸਾਹਿਬ ਦੇ ਐੱਸ. ਐੱਚ. ਓ. ਹਰਕੀਰਤ ਸਿੰਘ ਨੇ ਦੱਸਿਆ ਕਿ ਤਫਤੀਸ਼ੀ ਇੰਚਾਰਜ ਸਿਮਰਨਜੀਤ ਸਿੰਘ ਨੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। 


Related News