ਕਾਰ ਅਤੇ ਮੋਟਰਸਾਈਕਲ ਦੀ ਟੱਕਰ ਵਿਚ ਇਕ ਦੀ ਮੌਤ, ਮਾਮਲਾ ਦਰਜ
Monday, Mar 05, 2018 - 03:39 PM (IST)
ਫਾਜ਼ਿਲਕਾ (ਨਾਗਪਾਲ) : ਥਾਣਾ ਸਦਰ ਪੁਲਸ ਫਾਜ਼ਿਲਕਾ ਨੇ ਪਿੰਡ ਠੰਗਨੀ ਦੇ ਨੇੜੇ ਸਥਿਤ ਸੇਮਨਾਲੇ ਦੇ ਪੁਲ ਦੇ ਕੋਲ ਕਾਰ ਅਤੇ ਮੋਟਰਸਾਈਕਲ ਦੀ ਟੱਕਰ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਪੁਲਸ ਨੇ ਅਣਪਛਾਤੇ ਕਾਰ ਚਾਲਕ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਤੇ ਬਿਆਨ ਵਿਚ ਬਲਜੀਤ ਸਿੰਘ ਵਾਸੀ ਪਿੰਡ ਮੰਡੀ ਹਜ਼ੂਰ ਸਿੰਘ ਨੇ ਦੱਸਿਆ ਕਿ 3 ਮਾਰਚ 2018 ਨੂੰ ਸ਼ਾਮ 6.45 ਵਜੇ ਉਹ ਪਿੰਡ ਰਾਣਾ ਦੇ ਗਡਾਊਨ ਤੋਂ ਸਪੈਸ਼ਲ ਗੱਡੀ ਲੋਡ ਕਰਵਾ ਕੇ ਆਪਣੇ ਮੋਟਰਸਾਈਕਲ 'ਤੇ ਆਪਣੇ ਪਿੰਡ ਨੂੰ ਜਾ ਰਹੇ ਸਨ ਤਾਂ ਉਨ੍ਹਾਂ ਦੇ ਅੱਗੇ ਮੇਹਰ ਸਿੰਘ ਵਾਸੀ ਪਿੰਡ ਮੰਡੀ ਹਜ਼ੂਰ ਸਿੰਘ ਜੋ ਸ਼ਹਿਰ ਫਾਜ਼ਿਲਕਾ ਵਿਚ ਮੁਨੀਮੀ ਦਾ ਕੰਮ ਕਰਦਾ ਹੈ ਆਪਣੇ ਮੋਟਰਸਾਈਕਲ 'ਤੇ ਉਨ੍ਹਾਂ ਦੇ ਅੱਗੇ ਜਾ ਰਿਹਾ ਸੀ ਤਾਂ ਫਾਜ਼ਿਲਕਾ ਵੱਲੋਂ ਚਿੱਟੇ ਰੰਗ ਦੀ ਕਾਰ ਸਵਿਫਟ ਡਿਜ਼ਾਇਰ ਤੇਜ਼ ਰਫ਼ਤਾਰ ਨੇ ਕ੍ਰਾਸ ਕੀਤਾ ਅਤੇ ਅੱਗੇ ਜਾਕੇ ਇੱਕਦਮ ਕਾਰ ਨੂੰ ਕੱਟ ਮਾਰ ਕੇ ਪਿੱਛੇ ਮੋੜਿਆ ਤਾਂ ਕਾਰ ਉਨ੍ਹਾਂ ਦੇ ਅੱਗੇ ਜਾ ਰਹੇ ਮੇਹਰ ਸਿੰਘ ਦੇ ਮੋਟਰਸਾਈਕਲ ਵਿਚ ਜਾ ਵੱਜੀ।
ਟੱਕਰ ਕਾਰਨ ਮੋਟਰਸਾਇਕਲ ਸਵਾਰ ਜ਼ਮੀਨ 'ਤੇ ਡਿੱਗ ਗਿਆ ਅਤੇ ਉਸਦੇ ਸਿਰ 'ਤੇ ਸੱਟ ਲੱਗ ਗਈ। ਜਿਸ ਤੋਂ ਬਾਅਦ ਇਲਾਜ ਦੌਰਾਨ ਮੇਹਰ ਸਿੰਘ ਦੀ ਮੌਤ ਹੋ ਗਈ। ਪੁਲਸ ਨੇ ਹੁਣ ਜਾਂਚ ਪੜਤਾਲ ਤੋਂ ਬਾਅਦ ਅਣਪਛਾਤੇ ਕਾਰ ਚਾਲਕ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
