ਕਾਰਾਂ ਦੀ ਮਾਮੂਲੀ ਟੱਕਰ ਤੋਂ ਬਾਅਦ ਝਗੜਾ, ਸਿਵਲ ਹਸਪਤਾਲ ''ਚ ਵੀ ਹੰਗਾਮਾ
Monday, Jun 11, 2018 - 06:55 AM (IST)
ਜਲੰਧਰ, (ਸ਼ੋਰੀ)- ਦੇਰ ਰਾਤ ਕੂਲ ਰੋਡ ਨੇੜੇ ਸਮਰਾ ਚੌਕ 'ਚ 2 ਕਾਰਾਂ 'ਚ ਟੱਕਰ ਹੋ ਗਈ, ਜਿਸ ਦੌਰਾਨ ਦੋਵਾਂ ਧਿਰਾਂ 'ਚ ਝਗੜਾ ਤੇ ਗਾਲੀ-ਗਲੋਚ ਹੋਇਆ। ਹੰਗਾਮੇ ਦੀ ਸੂਚਨਾ ਮਿਲਣ 'ਤੇ ਚੌਕੀ ਬੱਸ ਸਟੈਂਡ ਦੀ ਪੁਲਸ ਮੌਕੇ 'ਤੇ ਪਹੁੰਚੀ ਤੇ ਹੰਗਾਮਾ ਕਰਨ ਵਾਲਿਆਂ ਨੂੰ ਹਿਰਾਸਤ 'ਚ ਲੈ ਕੇ ਸਿਵਲ ਹਸਪਤਾਲ 'ਚ ਮੈਡੀਕਲ ਕਰਵਾਇਆ।

ਡਾਕਟਰ ਨੇ ਆਪਣੀ ਰਿਪੋਰਟ 'ਚ ਤਿੰਨਾਂ ਨੌਜਵਾਨਾਂ ਵੱਲੋਂ ਸ਼ਰਾਬ ਪੀਤੀ ਹੋਣ ਦੀ ਪੁਸ਼ਟੀ ਕੀਤੀ ਹੈ। ਉਧਰ, ਮੈਡੀਕਲ ਕਰਵਾਉਣ ਆਏ ਨੌਜਵਾਨਾਂ ਨਾਲ ਮੌਜੂਦ ਔਰਤਾਂ ਨੇ ਹਸਪਤਾਲ 'ਚ ਹੰਗਾਮਾ ਸ਼ੁਰੂ ਕਰ ਦਿੱਤਾ ਤੇ ਦੋਸ਼ ਲਾਏ ਕਿ ਪੁਲਸ ਨੇ ਉਨ੍ਹਾਂ ਨਾਲ ਧੱਕੇਸ਼ਾਹੀ ਕੀਤੀ ਹੈ। ਇਕ ਔਰਤ ਨੇ ਤਾਂ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ।
ਬੱਸ ਸਟੈਂਡ ਚੌਕੀ ਦੇ ਇੰਚਾਰਜ ਸੇਵਾ ਸਿੰਘ ਨੇ ਦੱਸਿਆ ਕਿ ਪੁਲਸ ਨੇ ਸੰਦੀਪ ਵਾਸੀ ਰਾਜ ਨਗਰ ਬਸਤੀ ਬਾਵਾ ਖੇਲ, ਅਮਰਜੀਤ ਤੇ ਕੁਸ਼ਲ ਪਾਲ ਵਾਸੀ ਮਖਦੂਮਪੁਰਾ ਦਾ ਮੈਡੀਕਲ ਕਰਵਾਇਆ। ਤਿੰਨੋਂ ਨੌਜਵਾਨ ਆਲਟੋ ਕਾਰ 'ਚ ਸਵਾਰ ਸਨ ਤੇ ਉਨ੍ਹਾਂ ਇਕ ਗੱਡੀ ਨੂੰ ਟੱਕਰ ਮਾਰੀ ਸੀ। ਪੁਲਸ ਮਾਮਲੇ ਦੀ ਜਾਂਚ ਕਰ ਕੇ ਬਣਦੀ ਕਾਨੂੰਨੀ ਕਾਰਵਾਈ ਕਰੇਗੀ।
