ਲੜਕੀ ਨੂੰ ‘ਬੁੱਗਾ’ ਕਹਿਣ ਤੋਂ ਬਾਅਦ ਭਿੜੀਆਂ ਦੋ ਧਿਰਾਂ, 5 ਨੌਜਵਾਨ ਜ਼ਖ਼ਮੀ
Saturday, Sep 05, 2026 - 01:39 PM (IST)
ਖਰੜ (ਗਗਨਦੀਪ) : ਖਰੜ ਦੇ ਬੱਸ ਅੱਡੇ ਨੇੜੇ ਗੁਰੂ ਤੇਗ ਬਹਾਦਰ ਨਗਰ ਨੂੰ ਜਾਂਦੀ ਸੜਕ ’ਤੇ ਰਸਤਾ ਲੈਣ ਨੂੰ ਲੈ ਕੇ ਹੋਈ ਤਕਰਾਰ ਨੇ ਹਿੰਸਕ ਰੂਪ ਧਾਰ ਲਿਆ, ਜਿਸ ਦੌਰਾਨ ਦੋ ਧਿਰਾਂ ਵਿਚਾਲੇ ਹੋਈ ਝੜਪ ’ਚ 5 ਨੌਜਵਾਨ ਜ਼ਖ਼ਮੀ ਹੋ ਗਏ। ਮਾਮਲਾ ਕਥਿਤ ਤੌਰ ’ਤੇ ਇਕ ਕੁੜੀ ਨੂੰ ‘ਬੁੱਗਾ’ ਕਹਿਣ ਤੋਂ ਬਾਅਦ ਵਧਿਆ ਦੱਸਿਆ ਜਾ ਰਿਹਾ ਹੈ। ਇਸ ਤੋਂ ਬਾਅਦ ਕੁੱਝ ਨੌਜਵਾਨਾਂ ਵੱਲੋਂ ਪ੍ਰਾਪਰਟੀ ਡੀਲਰ ਦੇ ਦਫ਼ਤਰ ’ਤੇ ਪਥਰਾਅ ਤੇ ਕੁੱਟਮਾਰ ਕਰਨ ਦੇ ਦੋਸ਼ ਲੱਗੇ ਹਨ। ਜਾਣਕਾਰੀ ਅਨੁਸਾਰ ਬੱਸ ਅੱਡੇ ਨੇੜੇ ਇਕ ਡਿਪਾਰਟਮੈਂਟਲ ਸਟੋਰ ਦੇ ਬਾਹਰ ਰਸਤਾ ਲੈਣ ਨੂੰ ਲੈ ਕੇ ਕੁੱਝ ਨੌਜਵਾਨਾਂ ਅਤੇ ਇਕ ਕੁੜੀ ਵਿਚਾਲੇ ਤਕਰਾਰ ਹੋ ਗਈ। ਇਸ ਦੌਰਾਨ ਕਥਿਤ ਤੌਰ ’ਤੇ ਕੁੜੀ ਨੂੰ ‘ਬੁੱਗਾ’ ਕਹਿਣ ਨੂੰ ਲੈ ਕੇ ਮਾਮਲਾ ਭਖ ਗਿਆ ਅਤੇ ਦੋਵੇਂ ਧਿਰਾਂ ਵਿਚਾਲੇ ਝਗੜਾ ਹੋ ਗਿਆ।
ਸੂਤਰਾਂ ਅਨੁਸਾਰ ਇਸ ਤੋਂ ਬਾਅਦ ਕੁੱਝ ਨੌਜਵਾਨ ਪ੍ਰਾਪਰਟੀ ਡੀਲਰ ਦੇ ਦਫ਼ਤਰ ਪਹੁੰਚੇ, ਜਿੱਥੇ ਪਥਰਾਅ ਕਰਨ ਅਤੇ ਕੁੱਟਮਾਰ ਕਰਨ ਦੇ ਦੋਸ਼ ਹਨ। ਘਟਨਾ ’ਚ ਜ਼ਖ਼ਮੀ ਹੋਏ ਅਮਨਦੀਪ ਸਿੰਘ, ਸ਼ਲਿੰਦਰ ਸਿੰਘ, ਕਮਲਪ੍ਰੀਤ ਸਿੰਘ, ਰੋਹਿਤ ਤੇ ਨਿਜ਼ਾਮ ਨੂੰ ਇਲਾਜ ਲਈ ਸਿਵਲ ਹਸਪਤਾਲ ਖਰੜ ਲਿਆਂਦਾ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਖਰੜ ਥਾਣਾ ਇੰਚਾਰਜ ਅਮਰਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਸ ਵੱਲੋਂ ਘਟਨਾ ਸਥਾਨ ਦੀ ਸੀ. ਸੀ. ਟੀ. ਵੀ. ਫੁਟੇਜ ਖੰਗਾਲਣ ਦੇ ਨਾਲ-ਨਾਲ ਮਾਮਲੇ ਨਾਲ ਸਬੰਧਿਤ ਵਿਅਕਤੀਆਂ ਦੇ ਬਿਆਨ ਵੀ ਲਏ ਜਾ ਰਹੇ ਹਨ। ਜਾਂਚ ਤੋਂ ਬਾਅਦ ਹੀ ਝਗੜੇ ਦੇ ਅਸਲ ਕਾਰਨਾਂ ਅਤੇ ਦੋਵੇਂ ਧਿਰਾਂ ਦੀ ਭੂਮਿਕਾ ਸਪੱਸ਼ਟ ਹੋ ਸਕੇਗੀ। ਝੜਪ ਤੋਂ ਬਾਅਦ ਜਦੋਂ ਦੋਵੇਂ ਧਿਰਾਂ ਦੇ ਜ਼ਖ਼ਮੀ ਇਲਾਜ ਲਈ ਸਿਵਲ ਹਸਪਤਾਲ ਖਰੜ ਪਹੁੰਚੇ ਤਾਂ ਦੋਸ਼ ਹੈ ਕਿ ਹਸਪਤਾਲ ਦੇ ਬਾਹਰ ਦੋਵਾਂ ਧਿਰਾਂ ਦੇ ਕੁੱਝ ਨੌਜਵਾਨ ਮੁੜ ਆਹਮੋ-ਸਾਹਮਣੇ ਹੋ ਗਏ। ਇਸ ਦੌਰਾਨ ਦੁਬਾਰਾ ਕੁੱਟਮਾਰ ਹੋਣ ਦੀ ਗੱਲ ਸਾਹਮਣੇ ਆਈ ਹੈ। ਘਟਨਾ ਨਾਲ ਸਬੰਧਤ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸ ਦੀ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
Related News
ਟੀਚਰਜ਼ ਡੇਅ ਤੋਂ ਪਹਿਲਾਂ ਖ਼ੁਸ਼ਖ਼ਬਰੀ, ਪੰਜਾਬ ਦੇ ਇਨ੍ਹਾਂ ਅਧਿਆਪਕਾਂ ਨੂੰ ਮਿਲੇਗਾ ਵੱਡਾ ਸਨਮਾਨ, ਪੜ੍ਹੋ ਨਾਵਾਂ ਦੀ LIST
