ਤੇਜ਼ ਰਫਤਾਰ ਟਰੈਕਟਰ-ਟਰਾਲੀ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਨੌਜਵਾਨ ਦੀ ਮੌਤ

Sunday, Sep 06, 2026 - 08:04 PM (IST)

ਤੇਜ਼ ਰਫਤਾਰ ਟਰੈਕਟਰ-ਟਰਾਲੀ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਨੌਜਵਾਨ ਦੀ ਮੌਤ

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)- ਦਾਣਾ ਮੰਡੀ ਮਨਾਲ ਦੇ ਨੇੜੇ ਤੇਜ਼ ਰਫਤਾਰ ਟਰੈਕਟਰ-ਟਰਾਲੀ ਦੀ ਲਪੇਟ ’ਚ ਆਉਣ ਕਾਰਨ ਮੋਟਰਸਾਈਕਲ ਸਵਾਰ 22 ਸਾਲਾਂ ਨੌਜਵਾਨ ਦੀ ਮੌਤ ਹੋ ਗਈ, ਜਦਕਿ ਉਸ ਦਾ ਦੋਸਤ ਜ਼ਖਮੀ ਹੋ ਗਿਆ। ਮ੍ਰਿਤਕ ਦੀ ਪਛਾਣ ਮਨਪ੍ਰੀਤ ਸਿੰਘ ਵਜੋਂ ਹੋਈ ਹੈ। ਹਾਦਸੇ ਸਬੰਧੀ ਪੁਲਸ ਨੇ ਟਰੈਕਟਰ ਚਾਲਕ ਵਿਨੋਦ ਕੁਮਾਰ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਸ ਨੂੰ ਦਿੱਤੇ ਬਿਆਨ ’ਚ ਸ਼ਿਕਾਇਤਕਰਤਾ ਜਗਦੇਵ ਸਿੰਘ ਵਾਸੀ ਠੁੱਲੀਵਾਲ ਨੇ ਦੱਸਿਆ ਕਿ 3 ਸਤੰਬਰ ਨੂੰ ਉਸ ਦਾ ਭਤੀਜਾ ਮਨਪ੍ਰੀਤ ਸਿੰਘ ਆਪਣੇ ਦੋਸਤ ਕਿਸ਼ਨ ਸਿੰਘ ਨਾਲ ਮੋਟਰਸਾਈਕਲ ਨੰਬਰ ਪੀ. ਬੀ.-19ਐਨ-3066 ’ਤੇ ਸ਼ੇਰਪੁਰ ਵੱਲ ਜਾ ਰਿਹਾ ਸੀ। ਸ਼ਿਕਾਇਤਕਰਤਾ ਵੀ ਆਪਣੇ ਕੰਮ ਦੇ ਸਿਲਸਿਲੇ ’ਚ ਉਨ੍ਹਾਂ ਦੇ ਪਿੱਛੇ ਜਾ ਰਿਹਾ ਸੀ।

ਜਦੋਂ ਦੋਵੇਂ ਨੌਜਵਾਨ ਦਾਣਾ ਮੰਡੀ ਮਨਾਲ ਦੇ ਨੇੜੇ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੀ ਟਰੈਕਟਰ-ਟਰਾਲੀ, ਜਿਸ ਨੂੰ ਵਿਨੋਦ ਕੁਮਾਰ ਪੁੱਤਰ ਦਾਰਾ ਰਾਮ ਵਾਸੀ ਜਿੰਦਲ ਕਾਲੋਨੀ, ਮਹਿਲ ਖੁਰਦ ਚਲਾ ਰਿਹਾ ਸੀ ਨੇ ਕਥਿਤ ਤੌਰ ’ਤੇ ਤੇਜ਼ ਰਫਤਾਰ ਅਤੇ ਲਾਪ੍ਰਵਾਹੀ ਨਾਲ ਟਰੈਕਟਰ ਦਾ ਕੱਟ ਮਾਰਦਿਆਂ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ।

ਟੱਕਰ ਕਾਰਨ ਮਨਪ੍ਰੀਤ ਸਿੰਘ ਅਤੇ ਉਸ ਦਾ ਦੋਸਤ ਸੜਕ ’ਤੇ ਡਿੱਗ ਪਏ। ਹਾਦਸੇ ਵਿਚ ਮਨਪ੍ਰੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਕਿਸ਼ਨ ਸਿੰਘ ਨੂੰ ਸੱਟਾਂ ਲੱਗਣ ਕਾਰਨ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਟਰੈਕਟਰ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਸ ਵੱਲੋਂ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।


author

Anmol Tagra

Content Editor

Related News