ਕਾਰ ਦੀ ਟੱਕਰ ਨਾਲ ਸਾਈਕਲ ਸਵਾਰ ਦੀ ਮੌਤ, ਦੋ ਜ਼ਖਮੀ

Saturday, Oct 16, 2021 - 05:17 PM (IST)

ਕਾਰ ਦੀ ਟੱਕਰ ਨਾਲ ਸਾਈਕਲ ਸਵਾਰ ਦੀ ਮੌਤ, ਦੋ ਜ਼ਖਮੀ

ਕੋਟਕਪੂਰਾ (ਨਰਿੰਦਰ) : ਨੇੜਲੇ ਪਿੰਡ ਖਾਰਾ ਵਿਖੇ ਵਾਪਰੇ ਇਕ ਸੜਕ ਹਾਦਸੇ ਵਿਚ ਕਾਰ ਦੀ ਟੱਕਰ ਨਾਲ ਇਕ ਸਾਈਕਲ ਸਵਾਰ ਵਿਅਕਤੀ ਦੀ ਮੌਤ ਅਤੇ ਦੋ ਵਿਅਕਤੀਆਂ ਦੇ ਜ਼ਖਮੀ ਹੋ ਜਾਣ ਦਾ ਪਤਾ ਲੱਗਿਆ ਹੈ। ਇਸ ਸਬੰਧ ਵਿਚ ਥਾਣਾ ਸਦਰ ਕੋਟਕਪੂਰਾ ਵਿਖੇ ਮ੍ਰਿਤਕ ਦੇ ਭਰਾ ਦੇ ਬਿਆਨਾਂ ’ਤੇ ਕਾਰ ਸਵਾਰ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੇ ਭਰਾ ਜਗਸੀਰ ਸਿੰਘ ਵਾਸੀ ਪਿੰਡ ਖਾਰਾ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ 14 ਅਕਤੂਬਰ ਨੂੰ ਸ਼ਾਮ 7:15 ਵਜੇ ਦੇ ਕਰੀਬ ਉਹ ਪਿੰਡ ਦੇ ਠਾੜੇ ਵਾਲੇ ਮੌੜ ’ਤੇ ਖੜ੍ਹਾ ਸੀ।

ਇਸ ਦੌਰਾਨ ਉਸਦਾ ਭਰਾ ਸੁਖਚੈਨ ਸਿੰਘ ਵਾਸੀ ਪਿੰਡ ਖਾਰਾ ਸਾਈਕਲ ’ਤੇ ਅਤੇ ਉਸਦੇ ਨਾਲ ਪਿੰਡ ਦੇ ਹੀ ਗੁਰਤੇਜ ਸਿੰਘ ਤੇ ਗੁਰਸੇਵਕ ਸਿੰਘ ਆਪਣੇ ਮੋਟਰ ਸਾਈਕਲ ’ਤੇ ਦਿਹਾੜੀ ਕਰਕੇ ਆਪਣੇ ਘਰਾਂ ਨੂੰ ਵਾਪਸ ਆ ਰਹੇ ਸਨ। ਉਸਨੇ ਦੱਸਿਆ ਕਿ ਇਸ ਦੌਰਾਨ ਪਿੰਡ ਦੇ ਗੁਰਵਿੰਦਰ ਸਿੰਘ ਨੇ ਲਾਪਰਵਾਹੀ ਨਾਲ ਕਾਰ ਚਲਾਉਂਦਿਆਂ ਉਸਦੇ ਭਰਾ ਦੇ ਸਾਈਕਲ ਅਤੇ ਮੋਟਰ ਸਾਈਕਲ ਸਵਾਰਾਂ ਵਿਚ ਮਾਰੀ, ਜਿਸ ਨਾਲ ਉਨ੍ਹਾਂ ਨੂੰ ਕਾਫੀ ਗੰਭੀਰ ਸੱਟਾ ਲੱਗੀਆਂ। ਉਸਨੇ ਦੱਸਿਆ ਕਿ ਇਸ ਤੋਂ ਬਾਅਦ ਉਕਤ ਜ਼ਖਮੀਆਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਲਾਤ ਰੈਫਰ ਕੀਤਾ ਗਿਆ, ਪ੍ਰੰਤੂ ਰਸਤੇ ਵਿਚ ਉਸਦੇ ਭਰਾ ਸੁਖਚੈਨ ਸਿੰਘ ਦੀ ਮੌਤ ਹੋ ਗਈ। ਇਸ ਸਬੰਧ ਵਿਚ ਥਾਣਾ ਸਦਰ ਪੁਲਸ ਕੋਟਕਪੂਰਾ ਵੱਲੋਂ ਕਾਰ ਚਾਲਕ ਗੁਰਵਿੰਦਰ ਸਿੰਘ ਵਾਸੀ ਪਿੰਡ ਖਾਰਾ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।


author

Gurminder Singh

Content Editor

Related News