ਪੱਤਰਕਾਰ ਤੋਂ ਮੋਬਾਇਲ ਖੋਹ ਕੇ ਭੱਜਿਆ ਲੁਟੇਰਾ ਕਾਬੂ
Friday, Mar 02, 2018 - 05:52 AM (IST)

ਜਲੰਧਰ, (ਸੁਧੀਰ)- ਸੈਂਟਰਲ ਟਾਊਨ 'ਚ ਪੱਤਰਕਾਰ ਅਮਿਤ ਕੋਹਲੀ ਤੋਂ ਮੋਬਾਇਲ ਖੋਹ ਕੇ ਭੱਜੇ ਲੁਟੇਰੇ ਨੂੰ ਪੁਲਸ ਨੇ ਕਾਬੂ ਕੀਤਾ। ਉਸ ਤੋਂ ਲੁੱਟ ਦਾ ਮੋਬਾਇਲ ਫੋਨ ਅਤੇ ਵਾਰਦਾਤ ਵਿਚ ਇਸਤੇਮਾਲ ਕੀਤੀ ਗਈ ਐਕਟਿਵਾ ਵੀ ਬਰਾਮਦ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਅਮਿਤ ਕੋਹਲੀ ਆਪਣੇ ਘਰ ਦੇ ਬਾਹਰ ਖੜ੍ਹਾ ਸੀ।
ਇਸ ਦੌਰਾਨ ਐਕਟਿਵਾ ਸਵਾਰ ਲੁਟੇਰਾ ਉਸ ਦੇ ਹੱਥ ਤੋਂ ਮੋਬਾਇਲ ਖੋਹ ਕੇ ਲੈ ਗਿਆ ਸੀ। ਸਾਰੀ ਵਾਰਦਾਤ ਸੀ. ਸੀ. ਟੀ. ਵੀ. ਵਿਚ ਕੈਦ ਹੋ ਗਈ ਹੈ ਸੀ ਜਿਸ ਤੋਂ ਬਾਅਦ ਅਮਿਤ ਕੋਹਲੀ ਨੇ ਘਟਨਾ ਸਬੰਧੀ ਪੁਲਸ ਨੂੰ ਸੂਚਿਤ ਕੀਤਾ ਤੇ ਪੁਲਸ ਨੇ ਘਟਨਾ ਵਾਲੀ ਥਾਂ ਤੋਂ ਸੀ. ਸੀ. ਟੀ. ਵੀ. ਦੀ ਫੁਟੇਜ ਵੀ ਕਬਜ਼ੇ ਵਿਚ ਲੈ ਕੇ ਮਾਮਲੇ ਬਾਰੇ ਜਾਂਚ ਕੀਤੀ। ਦੂਜੇ ਪਾਸੇ ਇਸ ਮਾਮਲੇ ਵਿਚ ਕਰੀਬ 14 ਦਿਨ ਬੀਤ ਜਾਣ ਤੋਂ ਬਾਅਦ ਵੀ ਇਹ ਮਾਮਲਾ ਦਰਜ ਨਾ ਹੋਣ ਕਾਰਨ ਪੁਲਸ ਕਮਿਸ਼ਨਰ ਪ੍ਰਵੀਨ ਸਿਨ੍ਹਾ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਥਾਣਾ ਨੰ. 4 ਦੇ ਮੁਖੀ ਨਿਰਮਲ ਸਿੰਘ ਤੇ ਇਕ ਥਾਣੇਦਾਰ ਨੂੰ ਸਸਪੈਂਡ ਕਰ ਦਿੱਤਾ ਹੈ ਜਿਸ ਤੋਂ ਬਾਅਦ ਪੁਲਸ ਨੇ ਮਾਮਲਾ ਦਰਜ ਕਰ ਕੇ ਮਾਮਲੇ ਦੀ ਜਾਂਚ ਗੰਭੀਰਤਾ ਨਾਲ ਸ਼ੁਰੂ ਕੀਤੀ। ਦੂਜੇ ਪਾਸੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲਸ ਨੇ ਮਾਮਲਾ ਟਰੇਸ ਕਰ ਕੇ ਲੁੱਟ ਦਾ ਮੋਬਾਇਲ ਬਰਾਮਦ ਕਰ ਲਿਆ। ਪੁਲਸ ਫੜੇ ਗਏ ਲੁਟੇਰੇ ਤੋਂ ਹੋਰ ਵੀ ਵਾਰਦਾਤਾਂ ਬਾਰੇ ਪੁੱਛਗਿੱਛ ਕਰ ਰਹੀ ਹੈ।