ਕੈਪਟਨ ਸਰਕਾਰ ਦੀ ਨਸ਼ਾ ਮੁਕਤ ਮੁਹਿੰਮ ਨੂੰ ਚੈਲੇਂਜ ਕਰ ਰਹੀਆਂ ਨੇ ਪੰਜਾਬ ਦੀਆਂ ਜੇਲਾਂ

Wednesday, Jul 31, 2019 - 01:34 AM (IST)

ਕੈਪਟਨ ਸਰਕਾਰ ਦੀ ਨਸ਼ਾ ਮੁਕਤ ਮੁਹਿੰਮ ਨੂੰ ਚੈਲੇਂਜ ਕਰ ਰਹੀਆਂ ਨੇ ਪੰਜਾਬ ਦੀਆਂ ਜੇਲਾਂ

ਜਲੰਧਰ,(ਕਮਲੇਸ਼): ਪੰਜਾਬ ਦੀਆਂ ਜੇਲਾਂ ਹੀ ਕੈਪਟਨ ਸਰਕਾਰ ਦੀ ਨਸ਼ਾ ਮੁਕਤ ਮੁਹਿੰਮ ਨੂੰ ਚੈਲੇਂਜ ਕਰ ਰਹੀਆਂ ਹਨ। ਮੰਗਲਵਾਰ ਨੂੰ ਕਾਊਂਟਰ ਇੰਟੈਲੀਜੈਂਸ ਵਲੋਂ 2 ਮੁਲਜ਼ਮਾਂ ਨੂੰ 1 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ। ਪੁੱਛਗਿੱਛ ਤੋਂ ਬਾਅਦ ਸਾਹਮਣੇ ਆਇਆ ਸੀ ਕਿ ਹੈਰੋਇਨ ਦਾ ਨੈੱਟਵਰਕ ਕਪੂਰਥਲਾ ਜੇਲ 'ਚ ਬੈਠਾ ਨਾਈਜੀਰੀਅਨ ਚਲਾ ਰਿਹਾ ਸੀ। ਕੁਝ ਦਿਨ ਪਹਿਲਾਂ ਲੁਧਿਆਣਾ ਜੇਲ 'ਚ ਕੈਦੀਆਂ ਤੇ ਜੇਲ ਪੁਲਸ ਪ੍ਰਸ਼ਾਸਨ ਦੇ ਵਿਚਕਾਰ ਟਕਰਾਅ ਵੀ ਹੋ ਗਿਆ ਸੀ, ਜਿਸ 'ਚ ਕੈਦੀ ਦੀ ਮੌਤ ਵੀ ਹੋ ਗਈ ਸੀ ਪਰ ਅਜਿਹੇ ਵੱਡੇ ਮਾਮਲਿਆਂ ਤੋਂ ਬਾਅਦ ਵੀ ਜੇਲ ਪ੍ਰਸ਼ਾਸਨ ਨੇ ਕੋਈ ਸਬਕ ਨਹੀਂ ਲਿਆ।

ਜੇਲ 'ਚ ਮੋਬਾਇਲ ਜੈਮਰ ਨਹੀਂ ਕਰਦੇ ਠੀਕ ਤਰ੍ਹਾਂ ਨਾਲ ਕੰਮ
ਜੇਲ 'ਚ ਲੱਗੇ ਮੋਬਾਇਲ ਜੈਮਰ ਠੀਕ ਤਰ੍ਹਾਂ ਨਾਲ ਕੰਮ ਨਹੀਂ ਕਰਦੇ ਹਨ ਅਤੇ ਇਸ ਕਾਰਨ ਜੇਲ 'ਚ ਬੰਦ ਸਮੱਗਲਰ ਮੋਬਾਇਲ 'ਤੇ ਹੈਰੋਇਨ ਸਪਲਾਈ ਦੇ ਨੈੱਟਵਰਕ ਨੂੰ ਅੰਜਾਮ ਦੇ ਰਹੇ ਹਨ। ਮੰਗਲਵਾਰ ਨੂੰ ਸਮੱਗਲਰਾਂ ਤੋਂ ਕਾਬੂ ਹੈਰੋਇਨ ਦੇ ਮਾਮਲੇ 'ਚ ਜੇਲ 'ਚ ਬੰਦ ਨਾਈਜੀਰੀਅਨ ਵਿਕਟਰ ਤੋਂ ਵੀ ਪੁਲਸ ਨੇ ਮੋਬਾਇਲ ਬਰਾਮਦ ਕਰ ਲਿਆ ਹੈ। ਸੂਤਰਾਂ ਦੀ ਮੰਨੀਏ ਤਾਂ ਜੇਲ 'ਚੋਂ ਵਟਸਐਪ 'ਤੇ ਕੋਡ 'ਚ ਬਾਹਰੀ ਸਮੱਗਲਰਾਂ ਨੂੰ ਮੈਸੇਜ ਭੇਜੇ ਜਾਂਦੇ ਹਨ। ਮੈਸੇਜ ਰਾਹੀਂ ਦੱਸਿਆ ਜਾਂਦਾ ਹੈ ਕਿ ਡਲਿਵਰੀ ਕਿਸ ਨੂੰ ਦੇਣੀ ਹੈ ਅਤੇ ਪੈਮੇਂਟ ਦਾ ਮੋਡ ਕਿਵੇਂ ਹੋਵੇਗਾ। ਜੇਲ 'ਚ ਬੈਠੇ ਨਾਈਜੀਰੀਅਨ ਸਮੱਗਲਰ ਜੇਲ 'ਚ ਵੀ ਆਪਣਾ ਨੈੱਟਵਰਕ ਬਣਾ ਰਹੇ ਹਨ।

ਪੰਜਾਬ 'ਚ ਹੈਰੋਇਨ ਦੀ ਸਪਲਾਈ ਪਿਛਲੇ ਕਈ ਸਾਲਾਂ ਦੇ ਮੁਕਾਬਲੇ ਵਧੀ
ਜੇਲ 'ਚ ਚੱਲ ਰਹੇ ਹੈਰੋਇਨ ਨੈੱਟਵਰਕ ਦੇ ਮਾਮਲੇ 'ਚ ਸਰਕਾਰ ਵਲੋਂ ਜੇਲ ਪ੍ਰਸ਼ਾਸਨ 'ਤੇ ਕਾਰਵਾਈ ਤੋਂ ਬਾਅਦ ਹੀ ਲਗਾਮ ਲੱਗ ਸਕਦੀ ਹੈ। ਜਦੋਂ ਤਕ ਅਜਿਹੇ ਮਾਮਲਿਆਂ 'ਚ ਸ਼ਾਮਲ ਪੁਲਸ ਕਰਮਚਾਰੀਆਂ 'ਤੇ ਗਾਜ ਨਹੀਂ ਡਿੱਗਦੀ, ਉਦੋਂ ਤਕ ਅਜਿਹੇ ਮਾਮਲੇ ਸਾਹਮਣੇ ਆਉਂਦੇ ਹੀ ਰਹਿਣਗੇ।


Related News