ਚਿੱਟੇ ਦੀ ਵਰਤੋਂ ਕਰਨ ਵਾਲੇ ASI ਨੂੰ ਕੈਪਟਨ ਨੇ ਕੀਤਾ ਬਰਖਾਸਤ

Sunday, Aug 23, 2020 - 10:24 AM (IST)

ਚੰਡੀਗੜ੍ਹ/ਜਲੰਧਰ,(ਅਸ਼ਵਨੀ, ਧਵਨ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ 'ਤੇ ਪੰਜਾਬ ਪੁਲਸ ਦੇ ਏ. ਐੱਸ. ਆਈ./ਐੱਲ. ਆਰ. ਜ਼ੋਰਾਵਰ ਸਿੰਘ ਨੂੰ ਸ਼ਨੀਵਾਰ ਨੂੰ ਬਰਖਾਸਤ ਕਰ ਦਿੱਤਾ ਗਿਆ। ਜਿਸ ਦੀ ਚਿੱਟੇ ਦੀ ਵਰਤੋਂ ਕਰਦੇ ਦੀ ਵੀਡਿਓ ਵਾਇਰਲ ਹੋਈ ਸੀ। ਮੁੱਖ ਮੰਤਰੀ, ਜਿਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਹੈ, ਦੇ ਨਿਰਦੇਸ਼ਾਂ 'ਤੇ ਐੱਸ. ਐੱਸ. ਪੀ. ਤਰਨ ਤਾਰਨ ਧਰੁਮਨ ਐੱਚ. ਨਿੰਬਲੇ ਨੇ ਉਕਤ ਏ. ਐੱਸ. ਆਈ. ਨੂੰ ਬਰਖਾਸਤ ਕਰਨ ਬਾਰੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਮੁੱਖ ਮੰਤਰੀ ਵਲੋਂ ਅਜਿਹਾ ਗੁਨਾਹ ਕਰਦੇ ਕਿਸੇ ਵੀ ਵਰਦੀਧਾਰੀ ਮੁਲਾਜ਼ਮ ਖਿਲਾਫ਼ ਸਖਤ ਕਾਰਵਾਈ ਦੀ ਚਿਤਾਵਨੀ ਵੀ ਦਿੱਤੀ ਗਈ ਹੈ।

ਮੀਡੀਆ ਵਲੋਂ ਸ਼ੁੱਕਰਵਾਰ ਨੂੰ ਸਾਹਮਣੇ ਲਿਆਂਦੇ ਗਏ ਵੀਡੀਓ ਦਾ ਸਖਤ ਨੋਟਿਸ ਲੈਂਦੇ ਹੋਏ ਮੁੱਖ ਮੰਤਰੀ ਨੇ ਆਪਣੇ 'ਕੈਪਟਨ ਨੂੰ ਸਵਾਲ' ਫੇਸਬੁੱਕ ਲਾਈਵ ਸੈਸ਼ਨ ਦੌਰਾਨ ਜਾਂਚ ਪਿੱਛੋਂ ਏ.ਐੱਸ.ਆਈ. ਨੂੰ ਬਰਖਾਸਤ ਕਰਨ ਦਾ ਐਲਾਨ ਕੀਤਾ। ਇਕ ਸਰਕਾਰੀ ਬੁਲਾਰੇ ਅਨੁਸਾਰ ਜਾਂਚ ਵਿਚ ਇਹ ਸਬੂਤ ਸਾਹਮਣੇ ਆਇਆ ਕਿ ਉਕਤ ਏ.ਐੱਸ.ਆਈ. (ਨੰ:438/ਤਰਨ ਤਾਰਨ, ਪੁਲਸ ਥਾਣਾ ਸਰਾਏ ਅਮਾਨਤ ਖਾਂ ਵਿਖੇ ਤਾਇਨਾਤ) ਇਕ ਲਾਈਟਰ ਅਤੇ ਚਾਂਦੀ ਦੇ ਵਰਕ ਦੀ ਮਦਦ ਨਾਲ ਨਸ਼ੀਲੇ ਪਦਾਰਥ ਦਾ ਸੇਵਨ ਕਰ ਰਿਹਾ ਸੀ, ਜਿਵੇਂ ਕਿ ਵੀਡੀਓ ਵਿਚ ਸਾਫ ਦਿਖਾਈ ਦਿੰਦਾ ਹੈ। ਮੁੱਖ ਮੰਤਰੀ ਨੇ ਇਹ ਮਹਿਸੂਸ ਕੀਤਾ ਕਿ ਏ. ਐੱਸ. ਆਈ. ਜ਼ੋਰਾਵਰ ਸਿੰਘ ਨੂੰ ਨੌਕਰੀ 'ਤੇ ਕਾਇਮ ਰੱਖਣਾ ਸੂਬੇ, ਪੁਲਸ ਫੋਰਸ ਅਤੇ ਆਮ ਲੋਕਾਂ ਦੇ ਹਿੱਤਾਂ ਦੇ ਖਿਲਾਫ ਹੋਵੇਗਾ। ਇਹ ਬਰਖਾਸਤਗੀ ਇਸ ਲਈ ਜ਼ਰੂਰੀ ਸੀ ਤਾਂ ਜੋ ਇਹ ਸਖਤ ਸੰਦੇਸ਼ ਦਿੱਤਾ ਜਾ ਸਕੇ ਕਿ ਸੂਬਾ ਸਰਕਾਰ, ਖਾਸ ਕਰਕੇ ਵਰਦੀਧਾਰੀ ਮੁਲਾਜ਼ਮਾਂ ਵਲੋਂ ਅਜਿਹਾ ਸੰਗੀਨ ਤੇ ਗੁਨਾਹ ਭਰਪੂਰ ਕੰਮ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਮੁੱਖ ਮੰਤਰੀ ਨੇ ਨਸ਼ਿਆਂ ਦੇ ਮੁੱਦੇ 'ਤੇ ਆਪਣੀ ਸਰਕਾਰ ਦੇ ਪੱਖ ਨੂੰ ਮੁੜ ਦ੍ਰਿੜ ਕਰਦਿਆਂ ਕਿਹਾ ਕਿ ਉਹ ਉਦੋਂ ਤੱਕ ਅਰਾਮ ਨਾਲ ਨਹੀਂ ਬੈਠਣਗੇ, ਜਦੋਂ ਤਕ ਕਿ ਸੂਬੇ ਵਿਚੋਂ ਇਸ ਅਲਾਮਤ ਦੀ ਜੜ੍ਹ ਨਹੀਂ ਪੁੱਟੀ ਜਾਂਦੀ। ਉਨ੍ਹਾਂ ਡੀ. ਜੀ. ਪੀ. ਦਿਨਕਰ ਗੁਪਤਾ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਕਿ ਪੁਲਸ ਮੁਲਾਜ਼ਮਾਂ ਵਲੋਂ ਕੀਤੇ ਅਜਿਹੇ ਗੁਨਾਹ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੇ ਜਾਣਗੇ।
 


Deepak Kumar

Content Editor

Related News