ਕਿਸਾਨ ਅੰਦੋਲਨ 'ਤੇ ਲਾਈਵ ਦੌਰਾਨ ਗਰਮ ਹੋਏ ਕੈਪਟਨ, ਵਿੰਨ੍ਹਿਆ ਵਿਰੋਧੀ ਧਿਰ 'ਤੇ ਨਿਸ਼ਾਨਾ
Friday, Dec 04, 2020 - 07:45 PM (IST)
ਜਲੰਧਰ : ਕਿਸਾਨ ਅੰਦੋਲਨ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਆਪਣੇ ਫੇਸਬੁੱਕ ਪੇਜ਼ 'ਤੇ ਲਾਈਵ ਹੋਏ। ਇਸ ਦੌਰਾਨ ਉਨ੍ਹਾਂ ਨੇ ਵਿਰੋਧ ਧਿਰ 'ਤੇ ਵਰ੍ਹਦਿਆਂ ਕਿਸਾਨ ਅੰਦੋਲਨ 'ਤੇ ਰਾਜਨੀਤੀ ਨਾ ਕਰਨ ਨੂੰ ਕਿਹਾ ਹੈ।
ਕਿਸਾਨਾਂ ਦੇ ਅੰਦੋਲਨ ਬਾਰੇ ਉਨ੍ਹਾਂ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਸਾਰਾ ਪੰਜਾਬ ਆਪਣੇ ਕਿਸਾਨਾਂ ਦੇ ਹੱਕਾਂ ਦੀ ਲੜਾਈ 'ਚ ਦ੍ਰਿੜਤਾ ਨਾਲ ਖੜਾ ਹੈ ਕਿਉਂਕਿ ਇਹ ਲੜਾਈ ਸਿਰਫ ਕਿਸਾਨਾਂ ਦੀ ਨਹੀਂ ਸਗੋ ਸਾਡੇ ਸਾਰਿਆਂ ਦੀ ਹੈ ਪਰ ਇਹ ਬਹੁਤ ਮੰਦਭਾਗਾ ਹੈ ਕਿ ਕੁਝ ਰਾਜਨੀਤਕ ਪਾਰਟੀਆਂ ਅੰਦੋਲਨ ਵਿਚਕਾਰ ਰਾਜਨੀਤਕ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਮੈਂ ਉਨ੍ਹਾਂ ਨੂੰ ਬਸ ਇਨ੍ਹਾਂ ਹੀ ਕਹਾਂਗਾ ਕਿ ਲੋਕਾਂ ਨੂੰ ਨਾ ਭੜਕਾਉਣ ਤੇ ਨਾ ਹੀ ਉਨ੍ਹਾਂ ਨਾਲ ਧੋਖਾ ਕਰੋ ਨਹੀਂ ਤਾਂ ਪੰਜਾਬੀ ਤੁਹਾਨੂੰ ਕਦੇ ਮੁਆਫ ਨਹੀਂ ਕਰਨਗੇ। ਖੇਤੀ ਕਾਨੂੰਨਾਂ ਦੇ ਮੁੱਦੇ 'ਤੇ ਦੋਹਰੇ ਮਾਪਦੰਡ ਅਪਨਾਉਣ ਲਈ ਅਕਾਲੀਆਂ ਨੂੰ ਕਰੜੇ ਹੱਥੀਂ ਲੈਂਦਿਆਂ ਮੁੱਖ ਮੰਤਰੀ ਨੇ ਫੇਸਬੁੱਕ 'ਤੇ ਲਾਈਵ ਵੀਡੀਓ ਬਿਆਨ ਦੌਰਾਨ ਕਿਹਾ ਕਿ ਬਾਦਲਾਂ ਨੇ ਇਸ ਮੁੱਦੇ 'ਤੇ ਜਨਤਕ ਤੌਰ 'ਤੇ ਪਲਟੀ ਮਾਰੀ ਹੈ।
ਇਹ ਵੀ ਪੜ੍ਹੋ : ਜਾਣੋ 5 ਮਿੰਟਾਂ 'ਚ ਪੰਜਾਬ ਦੇ ਤਾਜ਼ਾ ਹਾਲਾਤ
ਉਨ੍ਹਾਂ ਅਕਾਲੀ ਆਗੂ ਪ੍ਰਕਾਸ਼ ਸਿੰਘ ਬਾਦਲ ਵਲੋਂ ਭਾਰਤ ਸਰਕਾਰ ਨੂੰ ਪਦਮ ਵਿਭੂਸ਼ਣ ਵਾਪਿਸ ਕੀਤੇ ਜਾਣ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਮੈਂ ਨਹੀਂ ਜਾਣਦਾ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਪਦਮ ਵਿਭੂਸ਼ਣ ਕਿਉਂ ਮਿਲਿਆ ਸੀ। ਇਸ ਤੱਥ 'ਤੇ ਗੌਰ ਕਰਦੇ ਹੋਏ ਕਿ 1965 ਦੀ ਜੰਗ ਜਿੱਤਣ ਲਈ ਜਨਰਲ ਹਰਬਖ਼ਸ਼ ਸਿੰਘ ਨੂੰ ਪਦਮ ਵਿਭੂਸ਼ਣ ਨਾਲ ਨਿਵਾਜਿਆ ਗਿਆ ਸੀ, ਕੈਪਟਨ ਅਮਰਿੰਦਰ ਸਿੰਘ ਨੇ ਪੁੱਛਿਆ ਕਿ ਪ੍ਰਕਾਸ਼ ਸਿੰਘ ਬਾਦਲ ਨੇ ਕਿਹੜੀ ਜੰਗ ਲੜੀ ਜਾਂ ਕੌਮ ਲਈ ਉਸ ਨੇ ਕਿਹੜੀ ਕੁਰਬਾਨੀ ਦਿੱਤੀ। ਉਨ੍ਹਾਂ ਅੱਗੇ ਕਿਹਾ ਕਿ ਇਸ ਮੁੱਦੇ 'ਤੇ ਸਿਆਸਤ ਖੇਡਣੀ ਬੰਦ ਕਰੋ ਕਿਉਂ ਜੋ ਅਜਿਹੇ ਹਥਕੰਡੇ 40 ਵਰ੍ਹੇ ਪਹਿਲਾਂ ਚੱਲ ਜਾਂਦੇ ਸਨ ਪਰ ਹੁਣ ਨਹੀਂ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੇਂਦਰੀ ਮੰਤਰੀ ਮੰਡਲ ਦਾ ਹਿੱਸਾ ਹੋਣ ਦੇ ਨਾਤੇ ਹਰਸਿਮਰਤ ਕੌਰ ਬਾਦਲ ਉਸ ਮੀਟਿੰਗ ਵਿਚ ਸ਼ਾਮਿਲ ਸੀ, ਜਿਸ ਦੌਰਾਨ ਖੇਤੀ ਆਰਡੀਨੈਂਸਾਂ ਨੂੰ ਪਾਸ ਕੀਤਾ ਗਿਆ ਸੀ। ਉਨ੍ਹਾਂ ਪੁੱਛਿਆ ਕਿ ਕੀ ਉਹ ਅਨਪੜ੍ਹ ਸੀ, ਜੋ ਪੜ੍ਹ ਨਹੀਂ ਸੀ ਸਕਦੀ।