ਮੁੱਖ ਮੰਤਰੀ ਨੇ ਵਿਸ਼ਵ ਪਸ਼ੂ ਦਿਹਾੜੇ 'ਤੇ ਪਸ਼ੂਆਂ ਦੀ ਸੇਵਾ-ਸੰਭਾਲ ਦਾ ਦਿੱਤਾ ਹੋਕਾ

10/04/2019 6:19:51 PM

ਜਲੰਧਰ,(ਧਵਨ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਵਿਸ਼ਵ ਪਸ਼ੂ ਦਿਹਾੜੇ 'ਤੇ ਰਾਜ ਦੇ ਸਭਨਾਂ ਵਸਨੀਕਾਂ ਨੂੰ ਪਸ਼ੂਆਂ ਦੀ ਸੇਵਾ-ਸੰਭਾਲ ਕਰਨ ਦਾ ਹੋਕਾ ਦਿੱਤਾ ਹੈ। ਮੁੱਖ ਮੰਤਰੀ ਨੇ ਅੱਜ ਕਿਹਾ ਕਿ ਉਨ੍ਹਾਂ ਦੇ ਜਾਤੀ ਜੀਵਨ 'ਚ ਵੀ ਉਨ੍ਹਾਂ ਨੇ ਵੇਖਿਆ ਹੈ ਕਿ ਕੁੱਤਾ ਸਭ ਤੋਂ ਵੱਧ ਵਫ਼ਾਦਾਰ ਜੀਵ ਹੈ। ਜਦੋਂ ਉਹ ਦਸ ਵਰ੍ਹਿਆਂ ਦੇ ਸਨ ਤਾਂ ਉਨ੍ਹਾਂ ਦੇ ਘਰ 'ਚ ਡਾਨ ਨਾਂ ਦਾ ਪਾਲਤੂ ਕੁੱਤਾ ਹੋਇਆ ਕਰਦਾ ਸੀ, ਜਿਸ ਨੇ ਹਮੇਸ਼ਾ ਉਨ੍ਹਾਂ ਦਾ ਖ਼ਿਆਲ ਰੱਖਿਆ ਤੇ ਉਹ ਉਸ ਨੂੰ ਸਭ ਤੋਂ ਜ਼ਿਆਦਾ ਪਿਆਰਾ ਸੀ। ਭਾਵੇਂ ਉਹ ਹੁਣ ਇਸ ਦੁਨੀਆ 'ਚ ਨਹੀਂ ਹੈ ਪਰ ਫਿਰ ਵੀ ਉਸ ਦੇ ਪ੍ਰਤੀ ਪਿਆਰ ਅੱਜ ਵੀ ਉਨ੍ਹਾਂ ਦੇ ਮਨ 'ਚ ਮੌਜੂਦ ਹੈ। ਉਸ ਦੀ ਵਫਾਦਾਰੀ ਨੇ ਹਮੇਸ਼ਾ ਉਸ ਨੂੰ ਨਵੀਂ ਪ੍ਰੇਰਣਾ ਦਿੱਤੀ ਹੈ।

PunjabKesari

ਮੁੱਖ ਮੰਤਰੀ ਨੇ ਕਿਹਾ ਕਿ ਅੱਜ ਸਾਨੂੰ ਇਹ ਅਹਿਦ ਕਰਨ ਦੀ ਲੋੜ ਹੈ ਕਿ ਅਸੀਂ ਨਾ ਸਿਰਫ਼ ਪਾਲਤੂ ਪਸ਼ੂਆਂ ਸਗੋਂ ਬਾਜ਼ਾਰਾਂ 'ਚ ਘੁੰਮਦੇ ਫਿਰਦੇ ਪਸ਼ੂਆਂ ਦੀ ਵੀ ਸੇਵਾ-ਸੰਭਾਲ ਵੱਲ ਧਿਆਨ ਦੇਵਾਂਗੇ ਸਗੋਂ ਉਨ੍ਹਾਂ ਨੂੰ ਸੁਚੱਜਾ ਵਾਤਾਵਰਣ ਮੁਹੱਈਆ ਕਰਾਇਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਹਿਲਾਂ ਹੀ ਸੜਕਾਂ 'ਤੇ ਘੁੰਮਣ ਵਾਲੇ ਜਾਨਵਰਾਂ, ਵਿਸ਼ੇਸ਼ ਤੌਰ 'ਤੇ ਗਾਂ ਦੀ ਸੇਵਾ-ਸੰਭਾਲ ਲਈ ਹਰ ਜ਼ਿਲੇ ਦੇ ਡਿਪਟੀ ਕਮਿਸ਼ਨਰਾਂ ਨੂੰ ਮਾਲੀ ਸਹਾਇਤਾ ਦੇਣ ਦਾ ਫ਼ੈਸਲਾ ਲਿਆ ਹੋਇਆ ਹੈ ਤਾਂ ਕਿ ਹਰ ਜ਼ਿਲੇ 'ਚ ਇਕ ਹੋਰ ਗਊਸ਼ਾਲਾ ਦੀ ਉਸਾਰੀ ਕਰਵਾਈ ਜਾ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਪਸ਼ੂਆਂ ਬਾਰੇ ਇਕ ਵਿਸ਼ੇਸ਼ ਨੀਤੀ ਬਣਾਏਗੀ ਤਾਂ ਕਿ ਉਨ੍ਹਾਂ ਦੀ ਸੇਵਾ-ਸੰਭਾਲ ਨੂੰ ਯਕੀਨੀ ਬਣਾਇਆ ਜਾ ਸਕੇ।


Related News