ਪੰਜਾਬ ਦੇ ਕਾਂਗਰਸੀ ਵਿਧਾਇਕਾਂ ਦਾ ''ਗੂੰਗਾਪਨ'' ਦੂਰ!

Thursday, Mar 05, 2020 - 01:17 AM (IST)

ਲੁਧਿਆਣਾ,(ਮੁੱਲਾਂਪੁਰੀ)- ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਹੋਂਦ ਵਿਚ ਆਇਆਂ ਤਿੰਨ ਸਾਲ ਤੋਂ ਵੱਧ ਸਮਾਂ ਹੋਣ ਲੱਗਾ ਹੈ ਪਰ 80 ਦੇ ਕਰੀਬ ਸੱਤਾਧਾਰੀ ਵਿਧਾਇਕ ਹਰ ਵਾਰ ਸਦਨ ਵਿਚ ਨੋਕ-ਝੋਕ ਕਰ ਕੇ ਸਮਾਂ ਟਪਾਉਣ ਦੀ ਗੱਲ ਕਰਦੇ ਹੁੰਦੇ ਸਨ ਪਰ ਵਿਧਾਨ ਸਭਾ ਦੇ ਬਜਟ ਸੈਸ਼ਨ ਵਿਚ ਜਿਸ ਤਰੀਕੇ ਨਾਲ ਸੱਤਾਧਾਰੀ ਕਾਂਗਰਸੀ ਵਿਧਾਇਕ ਅਮਰਿੰਦਰ, ਵੜਿੰਗ, ਰੰਧਾਵਾ, ਜ਼ੀਰਾ, ਪਿੰਕੀ, ਰਾਣਾ, ਲੱਖਾ, ਬਾਜਵਾ, ਸ਼ੁਤਰਾਣਾ, ਚੀਮਾ ਆਦਿ ਵਿਧਾਇਕਾਂ ਨੇ ਆਪਣੀ ਸਰਕਾਰ ਨੂੰ ਨਸ਼ੇ, ਟ੍ਰਾਂਸਪੋਰਟਰ ਅਤੇ ਅਫਸਰਸ਼ਾਹੀ ਦੀਆਂ ਖੁੱਲ੍ਹੀਆਂ ਲਗਾਮਾਂ ਅਤੇ ਸਰਕਾਰੇ ਦਰਬਾਰੇ ਅਫਸਰਸ਼ਾਹੀ ਰਾਜ ਦੀ ਗੱਲ ਕੀਤੀ ਤੇ ਆਪੋ-ਆਪਣੇ ਹਲਕੇ ਵਿਚ ਜੋ ਹਾਲਾਤ ਹਨ ਬਾਰੇ ਸਹੀ-ਸਹੀ ਦੱਸਿਆ ਹੈ। ਉਸ ਨੂੰ ਦੇਖ ਕੇ ਲੱਗਾ ਕਿ ਦਿੱਲੀ ਵਿਚ ਕੇਜਰੀਵਾਲ ਦੀ ਤੀਜੀ ਵਾਰ ਸਰਕਾਰ ਬਣਨ ਤੋਂ ਬਾਅਦ ਹੁਣ ਕਾਂਗਰਸੀ ਵਿਧਾਇਕਾਂ ਦਾ ਵਿਧਾਨ ਸਭਾ ਵਿਚ ਗੂੰਗਾਪਨ ਹੌਲੀ-ਹੌਲੀ ਦੂਰ ਹੋਣ ਲੱਗਾ ਹੈ ਅਤੇ ਬੋਲਣ ਦੀ ਜੁਰਅਤ ਦਿਖਾਈ ਜਾ ਰਹੀ ਹੈ।

ਇਨ੍ਹਾਂ ਵਿਧਾਇਕਾਂ ਵੱਲੋਂ ਟ੍ਰਾਂਸਪੋਰਟ, ਰੇਤ, ਬਾਦਲਾਂ ਖਿਲਾਫ ਮੁੱਦੇ ਚੁੱਕੇ ਹਨ। ਉਨ੍ਹਾਂ ਨੂੰ ਸਾਫ ਦਿਖਣ ਲੱਗ ਪਿਆ ਹੈ ਕਿ ਜੇਕਰ ਕੈਪਟਨ ਸਰਕਾਰ ਨੇ ਰਹਿੰਦੇ ਦੋ ਸਾਲਾਂ ਵਿਚ ਕੁਝ ਨਾ ਕੀਤਾ ਜਿਵੇਂ ਬਰਗਾੜੀ ਕਾਂਡ ਦੇ ਦੋਸ਼ੀ ਨਾ ਫੜੇ, ਟ੍ਰਾਂਸਪੋਰਟ ਮਾਫੀਆ, ਨਸ਼ੇ, ਰੇਤ ਦੇ ਟੱਕ, ਬਿਜਲੀ ਦੇ ਵਧੇ ਰੇਟਾਂ ਨੂੰ ਕਾਬੂ ਨਾ ਕੀਤਾ ਤਾਂ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਤੋਂ ਪਹਿਲਾਂ ਹੀ ਦੁਖੀ ਹਨ ਤੇ ਹੁਣ ਸਤੇ ਹੋਏ ਕਾਂਗਰਸ ਛੱਡ ਕੇ ਸੱਚ ਮੁੱਚ ਇਸ ਵਾਰ 2022 ਵਿਚ ਤੀਜੇ ਮੋਰਚੇ ਜਾਂ 'ਆਪ' ਤੇ ਹੋਰਨਾਂ ਦਲਾਂ ਦੀ ਬਣਨ ਵਾਲੀ ਸਰਕਾਰ ਦੀ ਗੱਡੀ ਚੜ੍ਹ ਜਾਣਗੇ। ਕਾਂਗਰਸੀ ਵਿਧਾਇਕ ਵੱਲੋਂ ਵਿਧਾਨ ਸਭਾ ਵਿਚ ਚੁੱਪ ਤੋੜਨ ਦੀ ਕਾਰਵਾਈ 'ਤੇ ਰਾਜਸੀ ਪੰਡਿਤਾਂ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕ ਹਿੱਤ ਲਈ ਵੱਡੇ ਫੈਸਲੇ (ਟ੍ਰਾਂਸਪੋਰਟ, ਰੇਤ ਦੇ ਮਸਲਿਆਂ 'ਤੇ ਆਪਣੇ ਹੱਥ ਨਾ ਦਿਖਾਏ) ਨਾ ਲਏ ਤਾਂ ਇਹੀ ਵਿਧਾਇਕ ਅਗਲੇ ਸਦਨ ਵਿਚ ਲੋਕਾਂ ਦੀਆਂ ਹੱਕੀ ਮੰਗਾਂ ਲਈ ਆਪਣੀ ਸਰਕਾਰ ਨੂੰ ਘੇਰਨਗੇ।


Related News