ਕੈਪਟਨ ਵਲੋਂ ਛੱਤਬੀੜ ਤੇ ਹੋਰ ਚਿੜੀਆ ਘਰਾਂ ਲਈ 22 ਕਰੋੜ ਰੁਪਏ ਦੇ ਬਜਟ ਦਾ ਐਲਾਨ

08/01/2019 11:25:21 PM

ਚੰਡੀਗੜ੍ਹ,(ਅਸ਼ਵਨੀ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਹਿੰਦਰਾ ਚੌਧਰੀ ਜ਼ੂਲੋਜੀਕਲ ਪਾਰਕ ਛੱਤਬੀੜ ਤੇ ਸੂਬੇ ਦੇ ਹੋਰ ਚਿੜੀਆ ਘਰਾਂ ਦੇ ਵਿਕਾਸ ਵਾਸਤੇ 22 ਕਰੋੜ ਰੁਪਏ ਦੇ ਬਜਟ ਦੀ ਵਿਵਸਥਾ ਕਰਨ ਦੇ ਹੁਕਮ ਦਿੱਤੇ ਹਨ। ਚਿੜੀਆ ਘਰਾਂ ਦੇ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਇਕ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਮੁੱਖ ਮੰਤਰੀ ਨੇ ਛੱਤਬੀੜ ਚਿੜੀਆ ਘਰ ਦੇ ਨਵੇਂ ਐਂਟਰੀ ਪਲਾਜ਼ਾ ਦਾ ਰਿਮੋਟ ਦਾ ਬਟਨ ਦੱਬ ਕੇ ਉਦਘਾਟਨ ਕੀਤਾ ਤੇ ਇਸ ਨੂੰ ਆਮ ਲੋਕਾਂ ਨੂੰ ਸਮਰਪਿਤ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਪੰਛੀਆਂ ਤੇ ਜਾਨਵਰਾਂ ਦੀਆਂ ਵੱਖ-ਵੱਖ ਪੇਂਟਿੰਗਾਂ ਨੂੰ ਦਰਸਾਉਂਦਾ ਇਕ ਰੰਗਦਾਰ ਪੋਸਟਰ ਵੀ ਜਾਰੀ ਕੀਤਾ, ਜਿਸ ਵਿਚ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਵੀ ਦਰਜ ਹੈ। ਇਹ ਪੋਸਟਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਨਾਏ ਜਾ ਰਹੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ। ਇਸ ਦੀ ਧਾਰਨਾ ਡਾ. ਕੁਲਦੀਪ ਕੁਮਾਰ ਆਈ. ਐੱਫ. ਐੱਸ. ਪੀ. ਸੀ. ਸੀ. ਐੱਫ. ਵਾਈਲਡ ਲਾਈਫ-ਕਮ-ਚੀਫ਼ ਵਾਈਲਡ ਲਾਈਫ ਵਾਰਡਨ ਪੰਜਾਬ ਵੱਲੋਂ ਤਿਆਰ ਕੀਤੀ ਗਈ ਹੈ। ਇਹ ਸੇਵਾ ਮੁਕਤ ਪੀ. ਸੀ. ਸੀ. ਐੱਫ. ਪਿਆਰਾ ਲਾਲ ਕਲੇਰ ਦੇ ਵਿਚਾਰਾਂ 'ਤੇ ਆਧਾਰਤ ਹੈ ਅਤੇ ਇਸ ਦੀਆਂ ਪੇਂਟਿੰਗਾਂ ਦਾ ਯੋਗਦਾਨ ਵਧੀਕ ਸਕੱਤਰ ਵਿੱਤ ਸੁਰਿੰਦਰ ਕੌਰ ਵੜੈਚ ਵੱਲੋਂ ਦਿੱਤਾ ਗਿਆ ਹੈ।

ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਵੱਲੋਂ ਪੇਸ਼ ਕੀਤੇ ਪ੍ਰਸਤਾਵਿਤ ਚਿੜੀਆ ਘਰ ਵਿਕਾਸ ਪ੍ਰੋਜੈਕਟਾਂ ਦੇ ਸਬੰਧ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਵਧੀਕ ਮੁੱਖ ਸਕੱਤਰ ਜੰਗਲਾਤ, ਵਧੀਕ ਮੁੱਖ ਸਕੱਤਰ ਮਕਾਨ ਅਤੇ ਸ਼ਹਿਰੀ ਵਿਕਾਸ, ਪ੍ਰਮੁੱਖ ਸਕੱਤਰ ਵਿੱਤ ਅਤੇ ਪ੍ਰਮੁੱਖ ਸਕੱਤਰ ਸਥਾਨਕ ਸਰਕਾਰ ਦੀ ਮਾਨਸੂਨ ਸੈਸ਼ਨ ਤੋਂ ਤੁਰੰਤ ਬਾਅਦ ਮੀਟਿੰਗ ਸੱਦਣ ਲਈ ਆਖਿਆ। ਉਨ੍ਹਾਂ ਨੇ ਵਿੱਤ ਮੰਤਰੀ ਨੂੰ ਇਹ ਸਾਰੇ ਪ੍ਰੋਜੈਕਟ 2 ਸਾਲਾਂ ਵਿਚ ਮੁਕੰਮਲ ਕੀਤੇ ਜਾਣ ਨੂੰ ਯਕੀਨੀ ਬਣਾਉਣ ਵਾਸਤੇ ਵੀ ਕਿਹਾ। ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਪ੍ਰਭਾਵੀ ਡਾਇਨਾਸੋਰਸ ਪਾਰਕ ਸਥਾਪਤ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਹ ਆਪਣੀ ਕਿਸਮ ਦਾ ਦੇਸ਼ ਵਿਚ ਪਹਿਲਾ ਪਾਰਕ ਹੋਵੇਗਾ ਜੋ ਛੱਤਬੀੜ ਚਿੜੀਆ ਘਰ ਵਿਖੇ ਜਨਤਕ ਨਿੱਜੀ ਭਾਈਵਾਲੀ 'ਤੇ ਅਧਾਰਿਤ ਹੋਵੇਗਾ। ਉਨ੍ਹਾਂ ਛੱਤਬੀੜ ਵਿਖੇ 5-10 ਏਕੜ ਰਕਬੇ ਵਿਚ ਸੋਲਰ ਪਾਵਰ ਪਲਾਂਟ ਸਥਾਪਤ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਕਰਨ ਲਈ ਵੀ ਪੇਡਾ ਨੂੰ ਨਿਰਦੇਸ਼ ਦਿੱਤੇ। ਮੁੱਖ ਮੰਤਰੀ ਨੇ ਛੱਤਬੀੜ ਚਿੜੀਆ ਘਰ ਵਿਖੇ ਵਿਦੇਸ਼ੀ ਜਾਨਵਰਾਂ ਨੂੰ ਲਿਆਉਣ ਲਈ ਬਜਟ ਵਿਵਸਥਾ ਕਰਨ ਵਾਸਤੇ ਵੀ ਵਿੱਤ ਵਿਭਾਗ ਨੂੰ ਨਿਰਦੇਸ਼ ਦਿੱਤੇ। ਮੀਟਿੰਗ ਵਿਚ ਸਥਾਨਕ ਸਰਕਾਰਾਂ ਮੰਤਰੀ ਬ੍ਰਹਮ ਮਹਿੰਦਰਾ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸਨ ਤੇ ਹੋਰ ਉੱਚ ਅਧਿਕਾਰੀ ਸ਼ਾਮਿਲ ਸਨ।


Related News