ਕੋਰੋਨਾ ਪਾਜ਼ੇਟਿਵ ਮੰਤਰੀਆਂ/ਵਿਧਾਇਕਾਂ ਦੇ ਸੰਪਰਕ ''ਚ ਆਏ ਵਿਧਾਇਕ ਸੈਸ਼ਨ ''ਚ ਨਾ ਕਰਨ ਸ਼ਿਰਕਤ : ਕੈਪਟਨ

08/27/2020 10:42:34 PM

ਚੰਡੀਗੜ੍ਹ,(ਅਸ਼ਵਨੀ) : ਕੋਵਿਡ-19 ਪਾਜ਼ੇਟਿਵ ਵਿਧਾਇਕਾਂ/ਮੰਤਰੀਆਂ ਦੀ ਗਿਣਤੀ ਵਧਕੇ 29 ਤੱਕ ਪੁੱਜਣ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਨ੍ਹਾਂ ਵਿਧਾਇਕਾਂ/ਮੰਤਰੀਆਂ ਦੇ ਸੰਪਰਕ ਵਿਚ ਆਉਣ ਵਾਲੇ ਸਾਰੇ ਵਿਧਾਇਕਾਂ ਨੂੰ ਭਲਕੇ ਵਿਧਾਨ ਸਭਾ ਦੇ ਹੋਣ ਵਾਲੇ ਇਕ ਰੋਜ਼ਾ ਸੈਸ਼ਨ 'ਚ ਸ਼ਿਰਕਤ ਨਾ ਕਰਨ ਦੀ ਅਪੀਲ ਕੀਤੀ ਹੈ। ਆਮ ਆਦਮੀ ਪਾਰਟੀ ਵਲੋਂ 20 ਅਗਸਤ ਤੋਂ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿਚ ਦਿੱਤੇ ਜਾ ਰਹੇ ਧਰਨਿਆਂ ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਆਮ ਪਾਰਟੀ ਦੇ ਵਿਧਾਇਕਾਂ ਦੀ ਅਗਵਾਈ ਵਿਚ ਦਿੱਤੇ ਜਾ ਰਹੇ ਧਰਨੇ ਆਮ ਲੋਕਾਂ ਦੇ ਜੀਵਨ ਨੂੰ ਖਤਰੇ ਵਿਚ ਪਾ ਰਹੇ ਹਨ। 'ਆਪ' ਪਾਰਟੀ ਨੂੰ ਇਹ ਧਰਨੇ ਬੰਦ ਕਰਨ ਦੀ ਅਪੀਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ 25 ਤੋਂ 250 ਵਿਅਕਤੀਆਂ ਦੀ ਸ਼ਮੂਲੀਅਤ ਨਾਲ ਹੋਣ ਵਾਲੇ ਇਹ ਇਕੱਠ/ਧਰਨੇ ਇਸ ਮਹਾਂਮਾਰੀ ਨੂੰ ਹੋਰ ਫੈਲਾਉਣ ਲਈ ਬਲ਼ਦੀ 'ਤੇ ਤੀਲੀ ਦਾ ਕੰਮ ਕਰ ਰਹੇ ਹਨ।

ਕੈਪਟਨ ਨੇ ਕਿਹਾ ਕਿ ਹੁਣ ਤੱਕ ਇਨ੍ਹਾਂ ਧਰਨਿਆਂ ਦੀ ਦਿਨ/ਰਾਤ ਅਗਵਾਈ ਕਰਨ ਵਾਲੇ ਵਿਧਾਇਕਾਂ 'ਚੋਂ ਦੋ ਵਿਧਾਇਕ ਪਹਿਲਾਂ ਹੀ ਪਾਜ਼ੇਟਿਵ ਆ ਚੁੱਕੇ ਹਨ ਅਤੇ ਇਹ ਵਿਧਾਇਕ ਹੁਣ ਤੱਕ ਵੱਡੀ ਗਿਣਤੀ ਹੋਰ ਲੋਕਾਂ ਦੇ ਸੰਪਰਕ ਵਿਚ ਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਵਿਧਾਇਕਾਂ ਵਿਚੋਂ ਹੁਣ ਤੱਕ ਚਾਰ ਮੈਂਬਰ (ਸਮੇਤ ਇਕ ਅਲੱਗ ਹੋਏ) ਕੋਵਿਡ ਪਾਜ਼ੇਟਿਵ ਆ ਚੁੱਕੇ ਹਨ। ਮੁੱਖ ਮੰਤਰੀ ਨੇ ਆਪਣੀ ਅਪੀਲ ਨੂੰ ਦੁਹਰਾਉਂਦਿਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਅਜਿਹੇ ਸੰਵੇਦਨਸ਼ੀਲ ਸਮੇਂ ਧਰਨੇ ਨਾ ਕਰਨ ਲਈ ਆਖਿਆ ਜਦੋਂ ਸੂਬੇ ਵਿਚ ਕੇਸਾਂ ਦੀ ਗਿਣਤੀ 'ਚ ਭਾਰੀ ਵਾਧਾ ਹੋ ਰਿਹਾ ਹੈ ਅਤੇ ਆਉਂਦੇ ਹਫਤਿਆਂ ਦੌਰਾਨ ਵੱਡਾ ਵਾਧਾ ਹੋਣ ਦੇ ਕਿਆਸ ਹਨ। ਮੁੱਖ ਮੰਤਰੀ ਵਲੋਂ ਜਲਦੀ ਨਤੀਜਿਆਂ ਲਈ ਵਿਧਾਨ ਸਭਾ ਦੇ ਨਾਲ-ਨਾਲ ਪੰਜਾਬ ਭਵਨ ਅਤੇ ਐਮ.ਐਲ.ਏ. ਹੋਸਟਲ ਵਿਖੇ ਸੈਸ਼ਨ ਤੋਂ ਪਹਿਲਾਂ ਟੈਸਟਿੰਗ ਲਈ ਟਰੂਨੈਟ ਅਤੇ ਆਰ.ਏ.ਟੀ ਮਸ਼ੀਨਾਂ ਲਗਾਉਣ ਲਈ ਵੀ ਨਿਰਦੇਸ਼ ਕੀਤੇ ਗਏ ਸਨ ਕਿਉਂਕਿ ਜੋ ਸ਼ੈਸ਼ਨ ਸ਼ੁਰੂ ਹੋਣ ਤੋਂ 48 ਘੰਟੇ ਪਹਿਲਾਂ ਕੋਵਿਡ ਟੈਸਟ ਵਿਚੋਂ ਨੈਗੇਟਿਵ ਆਉਣ ਵਾਲਿਆਂ ਨੂੰ ਹੀ ਸੈਸ਼ਨ ਵਿਚ ਸ਼ਮੂਲੀਅਤ ਦੀ ਆਗਿਆ ਹੋਵੇਗੀ।
ਮੁੱਖ ਮੰਤਰੀ ਅਤੇ ਹੋਰ ਅਧਿਕਾਰੀਆਂ ਨਾਲ ਕੋਵਿਡ ਦੇ ਜਾਇਜ਼ਾ ਲੈਣ ਸਬੰਧੀ ਵੀਡੀਓ ਕਾਨਫਰੰਸ ਦੌਰਾਨ ਮੁੱਖ ਸਕੱਤਰ ਵਿੰਨੀ ਮਹਾਜਨ ਵਲੋਂ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਅਪੀਲ ਕੀਤੀ ਗਈ ਕਿ ਕੋਵਿਡ ਪਾਜ਼ੇਟਿਵ ਵਿਧਾਇਕਾਂ ਦੇ ਸੰਪਰਕ ਵਿਚ ਆਉਣ ਵਾਲੇ ਉਨ੍ਹਾਂ ਦੇ ਵਿਧਾਇਕ ਜੇਕਰ ਸ਼ੈਸ਼ਨ ਵਿਚ ਹਾਜ਼ਰੀ ਭਰਨ ਦੇ ਇਛੁੱਕ ਹਨ ਉਹ ਵਿਧਾਨ ਸਭਾ ਵਿਖੇ ਟੈਸਟਿੰਗ ਲਈ ਜਲਦੀ ਪਹੁੰਚਣ।


 


Deepak Kumar

Content Editor

Related News