ਕੈਪਟਨ ਨੇ ਸੁਰੱਖਿਆ ਤੇ ਕਾਨੂੰਨ ਵਿਵਸਥਾ ਬਾਰੇ ਖੁਫੀਆ ਰਿਪੋਰਟਾਂ ਨੂੰ ਨਕਾਰਿਆ

Wednesday, Jun 05, 2019 - 01:19 AM (IST)

ਕੈਪਟਨ ਨੇ ਸੁਰੱਖਿਆ ਤੇ ਕਾਨੂੰਨ ਵਿਵਸਥਾ ਬਾਰੇ ਖੁਫੀਆ ਰਿਪੋਰਟਾਂ ਨੂੰ ਨਕਾਰਿਆ

ਚੰਡੀਗੜ੍ਹ,(ਅਸ਼ਵਨੀ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਉਚ ਅਧਿਕਾਰੀਆਂ ਦੀ ਇਕ ਉਚ ਪੱਧਰੀ ਮੀਟਿੰਗ ਦੌਰਾਨ ਸੂਬੇ ਦੀ ਅੰਦਰੂਨੀ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਦੀ ਸਥਿਤੀ ਦਾ ਜਾਇਜ਼ਾ ਲਿਆ ਪਰ ਇਸ ਦੌਰਾਨ ਕਥਿਤ ਖੂਫੀਆ ਰਿਪੋਰਟਾਂ ਦੀ ਪ੍ਰਮਾਣਿਕਤਾ 'ਤੇ ਸ਼ੰਕੇ ਪ੍ਰਗਟ ਕੀਤੇ। ਜਿਸ 'ਚ ਪੰਜਾਬ 'ਚ ਆਈ.ਐਸ.ਆਈ ਵੱਲੋਂ ਅੱਤਵਾਦ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਵਜੋਂ ਸਾਬਕਾ ਫੌਜੀ ਅਤੇ ਪੁਲਿਸ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਆਖੀ ਗਈ ਹੈ। ਹਾਲਾਂਕਿ ਮੁੱਖ ਮੰਤਰੀ ਨੇ ਸੂਬਾ ਸਰਕਾਰ ਦੇ ਉੱਚ ਪੁਲਿਸ ਅਤੇ ਹੋਰ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਸੂਬੇ 'ਚ ਸ਼ਾਂਤੀ ਅਤੇ ਸਦਭਾਵਨਾ ਨੂੰ ਬਣਾਈ ਰੱਖਣ ਲਈ ਸਾਰੇ ਸੰਭਵੀ ਕਦਮ ਚੁੱਕੇ ਜਾਣ ਨੂੰ ਯਕੀਨੀ ਬਣਾਉਣ। ਮੁੱਖ ਮੰਤਰੀ ਨੇ ਅਧਿਕਾਰੀਆਂ ਨਾਲ ਸਹਿਮਤੀ ਪ੍ਰਗਟ ਕੀਤੀ ਕਿ ਇਹ ਖੂਫੀਆ ਰਿਪੋਰਟਾਂ ਜ਼ਮੀਨੀ ਹਕੀਕਤਾਂ ਤੋਂ ਪਰੇ ਅਤੇ ਅਢੁੱਕਵੀਆਂ ਜਾਪਦੀਆਂ ਹਨ। ਮੁੱਖ ਮੰਤਰੀ ਨੇ ਪੁਲਿਸ ਅਧਿਕਾਰੀਆਂ ਨੂੰ ਅਜਿਹੀਆਂ ਰਿਪੋਰਟਾਂ ਦੀ ਪੁਸ਼ਟੀ ਅਤੇ ਅਫਵਾਹਾਂ ਦੇ ਫੈਲਣ ਨੂੰ ਰੋਕਣ ਲਈ ਸਾਰੇ ਸੰਭਵੀ ਕਦਮ ਚੁੱਕਣ ਲਈ ਆਖਿਆ ਹੈ ਕਿਉਂਕਿ ਇਹ ਲੋਕਾਂ ਵਿਚ ਦਹਿਸ਼ਤ ਪੈਦਾ ਕਰ ਸਕਦੀਆਂ ਹਨ।
ਹਾਲਾਂਕਿ ਮੁੱਖ ਮੰਤਰੀ ਨੇ ਸਪਸ਼ਟ ਕੀਤਾ ਹੈ ਕਿ ਉਨ੍ਹਾਂ ਦੀ ਸਰਕਾਰ ਕਿਸੇ ਵੀ ਕੀਮਤ 'ਤੇ ਸੂਬੇ ਦੀ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਨੂੰ ਭੰਗ ਕਰਨ ਦੀ ਕਿਸੇ ਨੂੰ ਵੀ ਆਗਿਆ ਨਹੀਂ ਦੇਵੇਗੀ। ਉਨ੍ਹਾਂ ਨੇ ਪੁਲਿਸ ਅਧਿਕਾਰੀਆਂ ਨੂੰ ਉਹ ਸਾਰੇ ਹਿਫਾਜ਼ਤੀ ਕਦਮ ਚੁੱਕਣ ਲਈ ਆਖਿਆ ਹੈ ਜੋ ਮੌਜੂਦਾ ਅਵਸਰ ਉੱਤੇ ਚੁੱਕੇ ਜਾਣ ਦੀ ਜ਼ਰੂਰਤ ਹੈ। ਪੰਜਾਬ ਪੁਲਿਸ ਵਲੋਂ ਪਾਕਿਸਤਾਨ ਅਧਾਰਤ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇ.ਐਲ.ਐਫ) ਦੇ ਸਰਗਨੇ ਹਰਮੀਤ ਸਿੰਘ ਉਰਫ 'ਹੈਪੀ ਪੀਐਚ.ਡੀ' ਦੁਆਰਾ ਬਲੂਸਟਾਰ ਓਪਰੇਸ਼ਨ ਦੀ ਵਰ੍ਹੇਗੰਢ ਮੌਕੇ ਰਾਜਾਸਾਂਸੀ ਵਰਗੇ ਹਮਲੇ ਕਰਨ ਦੀਆਂ ਸਾਜਿਸ਼ਾਂ ਕਰਨ ਬਾਰੇ ਆਖੇ ਜਾਣ ਤੋਂ ਇੱਕ ਦਿਨ ਬਾਅਦ ਇਹ ਮੀਟਿੰਗ ਹੋਈ ਹੈ। ਇਹ ਪ੍ਰਗਟਾਵਾ ਅੰਮ੍ਰਿਤਸਰ ਜ਼ਿਲ੍ਹੇ ਦੀ ਅਜਨਾਲਾ ਸਬ-ਡਵੀਜ਼ਨ ਦੇ ਕੁਕਰਾਂਵਾਲਾ ਅੱਡਾ ਤੋਂ ਤਸਕਰ ਕੀਤੇ ਫੜ੍ਹੇ ਗਏ ਹੈਂਡ ਗ੍ਰਨੇਡਾਂ ਦੇ ਸੰਦਰਭ ਵਿਚ ਕੀਤਾ ਗਿਆ ਸੀ।
ਖੁਫੀਆ ਜਾਂਚ ਤੋਂ ਬਾਅਦ ਪੁਲਿਸ ਨੇ ਕਿਹਾ ਸੀ ਕਿ ਇਹ ਵਿਸ਼ਵਾਸ ਹੈ ਕਿ ਰਾਜਾਸਾਂਸੀ ਵਿਖੇ ਨਿਰੰਕਾਰੀ ਭਵਨ ਉੱਤੇ ਗ੍ਰਨੇਡ ਨਾਲ ਹਮਲਾ ਕਰਨ ਵਾਲਾ ਸ਼ੱਕੀ ਹੈਪੀ ਪੀਐਚ.ਡੀ ਪਾਕਿਸਤਾਨ ਤੋਂ ਇਹ ਹੈਂਡ ਗ੍ਰਨੇਡ ਸਮਗਲ ਕੀਤੇ ਜਾਣ ਪਿੱਛੇ ਹੈ। ਇਸ ਘਟਨਾ ਬਾਰੇ ਪੁਲਿਸ ਅਧਿਕਾਰੀਆਂ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਗ੍ਰਨੇਡ ਅਤੇ ਇਨ੍ਹਾਂ ਨੂੰ ਸਮਗਲ ਕੀਤੇ ਜਾਣ ਵਾਲੇ ਰਸਤਿਆਂ ਸਬੰਧੀ ਹੋਰ ਵੇਰਵਿਆਂ ਦੀ ਵਿਸਤ੍ਰਤ ਜਾਂਚ ਕੀਤੀ ਜਾ ਰਹੀ ਹੈ। ਮੀਟਿੰਗ ਵਿਚ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਕਾਰਜਕਾਰੀ ਡੀ.ਜੀ.ਪੀ ਵੀ.ਕੇ. ਭਾਵੜਾ, ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਅਤੇ ਵਧੀਕ ਮੁੱਖ ਸਕੱਤਰ ਗ੍ਰਹਿ ਐਨ.ਐਸ. ਕਲਸੀ ਹਾਜ਼ਰ ਸਨ।


Related News