ਕੈਪਟਨ ਅਮਰਿੰਦਰ ਸਿੰਘ ਨੇ  ਖੇਤੀ ਬਿੱਲਾਂ ''ਤੇ ਬਾਦਲਾਂ ਤੋਂ 10 ਸਵਾਲਾਂ ਦੇ ਮੰਗੇ ਜਵਾਬ

09/19/2020 9:54:13 PM

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਬਾਦਲਾਂ ਵੱਲੋਂ ਖੇਤੀ ਬਿੱਲਾਂ ਦੇ ਮੁੱਦੇ 'ਤੇ ਖੁੱਸ ਚੁੱਕੇ ਵੱਕਾਰ ਦੀ ਬਹਾਲੀ ਲਈ ਪਿਛਲੇ ਕੁਝ ਦਿਨਾਂ ਤੋਂ ਇਕ ਤੋਂ ਬਾਅਦ ਇਕ ਝੂਠ ਬੋਲਣ ਦਾ ਪਰਦਾਫਾਸ਼ ਕਰਨ ਲਈ ਉਨ੍ਹਾਂ ਪਾਸੋਂ 10 ਸਵਾਲਾਂ ਦੇ ਜਵਾਬ ਮੰਗੇ ਹਨ। ਉਨ੍ਹਾਂ ਕਿਹਾ ਕਿ ਆਰਡੀਨੈਂਸਾਂ ਦੇ ਜਾਰੀ ਹੋਣ ਤੋਂ ਲੈ ਕੇ ਬਾਦਲਾਂ ਨੇ ਖੁੱਲੇਆਮ ਅਤੇ ਬੇਸ਼ਰਮੀ ਨਾਲ ਇਨ੍ਹਾਂ ਦਾ ਸਮਰਥਨ ਕੀਤਾ। ਇਨ੍ਹਾਂ ਆਰਡੀਨੈਂਸਾਂ ਨੂੰ ਸੰਸਦ ਵਿੱਚ ਪੇਸ਼ ਕਰਨ ਦੇ ਸਮੇਂ ਤੋਂ ਲੈ ਕੇ ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਵੱਲੋਂ ਕੀਤੇ ਜਾ ਰਹੇ ਬੇਰੋਕ ਹਮਲਿਆਂ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਦੋਵੇਂ ਆਗੂ ਆਪਣੇ ਗੰਧਲੇ ਹੋ ਚੁੱਕੇ ਚਿਹਰਿਆਂ 'ਤੇ ਪੋਚਾ ਫੇਰਨ ਲਈ ਝੂਠ ਦਾ ਤਾਣਾ-ਬਾਣਾ ਬੁਣ ਰਹੇ ਹਨ ਜਦਕਿ ਲੋਕਾਂ ਦੀ ਕਚਿਹਰੀ ਵਿੱਚ ਇਹ ਪੂਰੀ ਤਰਾਂ ਬੇਨਕਾਬ ਹੋ ਚੁੱਕੇ ਹਨ। ਪਿਛਲੇ ਕੁਝ ਦਿਨਾਂ ਵਿੱਚ ਸੁਖਬੀਰ ਅਤੇ ਹਰਸਿਮਰਤ ਵੱਲੋਂ ਬੋਲੇ ਗਏ ਝੂਠ-ਦਰ-ਝੂਠ ਦੀ ਸਖਤ ਨਿੰਦਾ ਕਰਦਿਆਂ ਮੁੱਖ ਮੰਤਰੀ ਨੇ ਇਨਾਂ ਪਾਸੋਂ ਸਵਾਲ ਪੁੱਛੇ ਕਿ:
''ਕੀ ਇਨਾਂ ਆਰਡੀਨੈਂਸਾਂ ਦੇ ਲੋਕ ਸਭਾ ਵਿੱਚ ਪੇਸ਼ ਹੋਣ ਤੱਕ ਤੁਹਾਡੇ ਦੋਵਾਂ ਵਿੱਚੋਂ ਕਿਸੇ ਨੇ ਇਕ ਵਾਰ ਵੀ ਇਨਾਂ ਨੂੰ ਕਿਸਾਨ ਵਿਰੋਧੀ ਆਰਡੀਨੈਂਸ ਕਰਾਰ ਦਿੱਤਾ?''
''ਕੀ ਕਿਸੇ ਵੀ ਭਾਈਵਾਲ ਦੇ ਸਲਾਹ ਮਸ਼ਵਰੇ ਤੋਂ ਬਿਨਾਂ ਇਨਾਂ ਆਰਡੀਨੈਂਸਾਂ ਨੂੰ ਜਾਰੀ ਕਰਨ ਮੌਕੇ ਹਰਸਿਮਰਤ ਬਾਦਲ ਕੇਂਦਰੀ ਕੈਬਨਿਟ ਦਾ ਹਿੱਸਾ ਨਹੀਂ ਸੀ ਜਦਕਿ ਹੁਣ ਹਰਸਿਮਰਤ ਨੇ ਇਸ ਕਾਰਨ ਨੂੰ ਵੀ ਆਪਣੇ ਅਸਤੀਫੇ ਦਾ ਆਧਾਰ ਬਣਾ ਲਿਆ ਕਿ ਕੇਂਦਰ ਨੇ ਇਨਾਂ ਭਾਈਵਾਲਾਂ ਨਾਲ ਸਲਾਹ ਕਰਨ ਬਾਰੇ ਉਨਾਂ ਦੀ ਮੰਗ ਨਹੀਂ ਮੰਨੀ?''
''ਕੀ ਹਰਸਿਮਰਤ ਬਾਦਲ ਨੇ ਅਸਤੀਫ਼ਾ ਦੇਣ ਤੱਕ ਇਕ ਵਾਰ ਵੀ ਕਿਸਾਨਾਂ ਨੂੰ ਇਹ ਦੱਸਿਆ ਕਿ ਉਹ ਉਨਾਂ ਦੀਆਂ ਚਿੰਤਾਵਾਂ ਦਾ ਹੱਲ ਕਰਨ ਲਈ ਕੇਂਦਰ ਸਰਕਾਰ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਬਾਰੇ ਹੁਣ ਉਸ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ?''
''ਹਰਸਿਮਰਤ ਬਾਦਲ ਜੇਕਰ ਨਵੇਂ ਕਾਨੂੰਨਾਂ ਦਾ ਕਿਸਾਨਾਂ 'ਤੇ ਮਾਰੂ ਪ੍ਰਭਾਵ ਪੈਣ ਬਾਰੇ ਸੱਚਮੁਚ ਹੀ ਫਿਕਰਮੰਦ ਹੈ ਤਾਂ ਉਹ ਇਨਾਂ ਚਿੰਤਾਵਾਂ ਨੂੰ ਆਪਣੀਆਂ ਚਿੰਤਾਵਾਂ ਦੀ ਬਜਾਏ ਕਿਸਾਨਾਂ ਦੀਆਂ ਹੀ ਕਿਉਂ ਦੱਸ ਰਹੀ ਹੈ? ਕੀ ਇਸ ਦਾ ਇਹ ਮਤਲਬ ਹੋਇਆ ਕੀ ਉਸ ਦਾ ਅਜੇ ਵੀ ਇਹ ਮੰਨਣਾ ਹੈ ਕਿ ਇਹ ਘਾਤਕ ਕਾਨੂੰਨ ਕਿਸਾਨ ਪੱਖੀ ਹੋਣਗੇ ਜਦਕਿ ਇਸ ਦੇ ਉਲਟ ਉਸ ਵੱਲੋਂ ਕਿਸਾਨਾਂ ਕੋਲ ਇਸ ਨੂੰ ਗਲਤ ਢੰਗ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ?''
''ਸ਼ੋਮਣੀ ਅਕਾਲੀ ਦਲ ਹੁਣ ਵੀ ਐਨ.ਡੀ.ਏ. ਦਾ ਭਾਈਵਾਲ ਕਿਉਂ ਹੈ ਜਿਵੇਂ ਕਿ ਹਰਸਿਮਰਤ ਨੇ ਖੁਦ ਮੰਨਿਆ ਹੈ, ਜਦੋਂ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਸਾਹਮਣੇ ਉਸ ਵੱਲੋਂ ਰੱਖੀਆਂ ਚਿੰਤਾਵਾਂ ਨੂੰ ਸੁਲਝਾਉਣ ਵਿੱਚ ਉਹ ਨਾਕਾਮ ਰਹੇ?''
''ਕੀ ਤੁਸੀਂ ਇਕ ਵੀ ਕਿਸਾਨ ਪੱਖੀ ਪਹਿਲਕਦਮੀ ਦਾ ਜ਼ਿਕਰ ਕਰ ਸਕਦੇ ਹੋ ਜੋ ਪਿਛਲੇ ਛੇ ਸਾਲਾਂ ਵਿੱਚ ਤੁਸੀਂ ਕੇਂਦਰ ਦੀ ਭਾਜਪਾ ਸਰਕਾਰ ਪਾਸੋਂ ਲਾਗੂ ਕਰਵਾਈ ਹੋਵੇ?''
''ਕੀ ਸੁਖਬੀਰ ਬਾਦਲ ਨੇ ਮੇਰੇ ਵੱਲੋਂ ਸੱਦੀ ਗਈ ਸਰਬ ਪਾਰਟੀ ਮੀਟਿੰਗ ਵਿੱਚ ਇਸ ਮੁੱਦੇ 'ਤੇ ਸਪੱਸ਼ਟ ਤੌਰ 'ਤੇ ਇਹ ਨਹੀਂ ਆਖਿਆ ਸੀ ਕਿ ਆਰਡੀਨੈਂਸ ਕਿਸਾਨ ਵਿਰੋਧੀ ਨਹੀਂ ਹਨ ਅਤੇ ਸਗੋਂ ਇਨਾਂ ਦਾ ਕਿਸਾਨਾਂ ਨੂੰ ਫਾਇਦਾ ਹੋਵੇਗਾ?''
''ਕੀ ਤੁਹਾਡੇ ਦੋਵਾਂ ਵਿੱਚੋਂ ਕੋਈ ਵੀ ਉੱਚ ਤਾਕਤੀ ਕਮੇਟੀ ਦੀਆਂ ਮੀਟਿੰਗਾਂ ਵਿੱਚ ਹਾਜ਼ਰ ਸੀ ਜਿਸ ਕਮੇਟੀ ਉੱਪਰ ਤੁਸੀਂ ਮੇਰੀ ਸਰਕਾਰ ਦੇ ਸਟੈਂਡ ਅਤੇ ਜਵਾਬ ਬਾਰੇ ਬੇਹੁਦਾ ਦਾਅਵੇ ਕਰ ਰਹੇ ਹੋ?''
''ਤੁਸੀਂ ਅਤੇ ਤੁਹਾਡੀ ਪਾਰਟੀ ਨੇ ਕਾਂਗਰਸ ਪਾਰਟੀ ਦੇ 2019 ਦੇ ਲੋਕ ਸਭਾ ਦੇ ਮੈਨੀਫੈਸਟੋ ਅਤੇ 2017 ਦੇ ਪੰਜਾਬ ਕਾਂਗਰਸ ਦੇ ਮੈਨੀਫੈਸਟੋ ਵਿੱਚ ਦਰਜ ਖੇਤੀਬਾੜੀ ਨਾਲ ਸਬੰਧਤ ਮੁੱਖ ਹਿੱਸਿਆਂ ਨੂੰ ਜਾਣਬੁੱਝ ਕੇ ਅਤੇ ਮਾੜੀ ਨੀਅਤ ਨਾਲ ਅਣਗੌਲਿਆ ਕਿਉਂ ਕੀਤਾ?''
''ਕੀ ਤੁਸੀਂ ਸੱਚਮੁੱਚ ਇਹ ਮੰਨਦੇ ਹੋ ਕੀ ਆਪਣੇ ਝੂਠਾਂ ਨੂੰ ਅਕਸਰ ਦੁਹਰਾਉਣ ਨਾਲ ਤਸੀਂ ਉਨਾਂ ਨੂੰ ਸੱਚਾਈ ਦੀ ਤਰਾਂ ਕਹਿ ਸਕੋਗੇ ਅਤੇ ਕਿਸਾਨਾਂ ਨੂੰ ਮੂਰਖ ਬਣਾਓਗੇ ਜਿਨਾਂ ਦਾ ਜੀਵਨ ਪੰਜਾਬ ਵਿੱਚ ਤੁਹਾਡੇ ਦਸ ਸਾਲਾਂ ਦੇ ਕੁਸਾਸ਼ਨ ਰਾਹੀਂ ਤਬਾਹੀ ਦੇ ਰਾਹ 'ਤੇ ਪਾਉਣ ਲਈ ਤੁਹਾਡੀ ਪਾਰਟੀ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੈ?''

ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਨੂੰ ਪੂਰਾ ਯਕੀਨ ਹੈ ਕਿ ਅਕਾਲੀ ਦਲ ਅਤੇ ਬਾਦਲ ਇਨਾਂ ਸਵਾਲਾਂ ਜੋ ਉਨਾਂ ਵੱਲੋਂ ਕੀਤੇ ਪਾਪਾਂ ਦਾ ਸਿਰਫ਼ ਇਕ ਮਾਤਰ ਭਾਗ ਹੈ, ਦਾ ਕੋਈ ਵੀ ਤਰਕਪੂਰਨ ਜਵਾਬ ਨਹੀਂ ਦੇ ਸਕਦੇ। ਉਨਾਂ ਕਿਹਾ ਕਿ ਪੰਜਾਬ ਦੇ ਲੋਕ ਖਾਸ ਕਰਕੇ ਕਿਸਾਨ ਇਨਾਂ ਨੂੰ ਕਦੇ ਵੀ ਮੁਆਫ ਨਹੀਂ ਕਰਨਗੇ। ਮੁੱਖ ਮੰਤਰੀ ਨੇ ਬਾਦਲਾਂ ਨੂੰ ਕਿਹਾ ਕਿ ਕੀ ਇਨਾਂ ਆਰਡੀਨੈਂਸਾਂ ਨੂੰ ਤੁਸੀਂ ਉਦੋਂ ਤੱਕ ਢੀਠਤਾ ਨਾਲ ਸਮਰਥਨ ਨਹੀਂ ਦਿੰਦੇ ਰਹੇ ਜਦੋਂ ਤੱਕ ਤੁਹਾਨੂੰ ਆਪਣੇ ਕਿਸਾਨੀ ਵੋਟ ਬੈਂਕ ਖੁਸ ਜਾਣ ਦੇ ਡਰ ਤੋਂ ਸਿਆਸੀ ਮਜਬੂਰੀ ਵਿੱਚ ਪੈਰ ਪਿੱਛੇ ਖਿੱਚ ਲੈਣ ਦਾ ਫੈਸਲਾ ਲੈਣਾ ਪਿਆ। ਉਨਾਂ ਕਿਹਾ ਕਿ ਇਹ ਆਰਡੀਨੈਂਸ ਉੱਚ ਤਾਕਤੀ ਮੀਟਿੰਗਾਂ ਵਿੱਚ ਨਾ ਤਾਂ ਵਿਚਾਰੇ ਗਏ ਅਤੇ ਨਾ ਹੀ ਇਨਾਂ ਦਾ ਜ਼ਿਕਰ ਕੀਤਾ ਗਿਆ ਜਿਨਾਂ ਬਾਰੇ ਜਾਂ ਤਾਂ ਗੱਠਜੋੜ ਭਾਈਵਾਲਾਂ ਨੂੰ ਜਾਣਬੁੱਝ ਕੇ ਹਨੇਰੇ ਵਿੱਚ ਰੱਖਿਆ ਗਿਆ ਤੇ ਜਾਂ ਤੁਸੀਂ  ਆਪਣੇ ਸੌੜੇ ਸਿਆਸੀ ਹਿੱਤਾਂ ਲਈ ਇਸ ਨੂੰ ਅਣਦੇਖਿਆ ਕੀਤਾ।
ਉਨਾਂ ਕਿਹਾ,''ਪੰਜਾਬ ਸਰਕਾਰ ਅਜਿਹੀ ਗੱਲ 'ਤੇ ਕਿਵੇਂ ਸਹਿਮਤ ਹੋ ਸਕਦੀ ਹੈ ਜਿਹੜੀ ਕਦੇ ਵਿਚਾਰ-ਚਰਚਾ ਲਈ ਆਈ ਹੀ ਨਹੀਂ। ਉਨਾਂ ਕਿਹਾ ਕਿ ਅਕਾਲੀ ਦਲ ਦੇ ਉਲਟ ਕਾਂਗਰਸ ਪਾਰਟੀ ਦਾ ਇਨਾਂ ਆਰਡੀਨੈਂਸਾਂ ਵਿਰੁੱਧ ਨਿਰੰਤਰ ਸਪੱਸ਼ਟ ਸਟੈਂਡ ਰਿਹਾ ਹੈ ਜਦਕਿ ਕੇਂਦਰ ਸਰਕਾਰ ਨੇ ਮਹਾਂਮਾਰੀ ਦੇ ਦੌਰ ਵਿੱਚ ਅੰਦਰਖਾਤੇ ਇਨਾਂ ਨੂੰ ਲਾਗੂ ਕਰ ਦਿੱਤਾ ਅਤੇ ਇਸ ਤੋਂ ਬਾਅਦ ਬਹੁਮਤ ਦੀ ਧੌਂਸ ਨਾਲ ਲੋਕ ਸਭਾ ਰਾਹੀਂ ਥੋਪ ਦਿੱਤੇ।'' ਮੁੱਖ ਮੰਤਰੀ ਨੇ ਕਿਹਾ ਕਿ ਬਾਦਲਾਂ ਨੂੰ ਇਨਾਂ ਮੁੱਦਿਆਂ 'ਤੇ ਝੂਠ ਬੋਲਣਾ ਬੰਦ ਕਰਨਾ ਚਾਹੀਦਾ ਹੈ ਅਤੇ ਇਸ ਦੀ ਬਜਾਏ ਗਠਜੋੜ ਨਾਲੋਂ ਨਾਤਾ ਤੋੜ ਕੇ ਐਨ.ਡੀ.ਏ. ਖਿਲਾਫ਼ ਲੜਾਈ ਲੜਣੀ ਚਾਹੀਦੀ ਹੈ। ਉਨਾਂ ਕਿਹਾ ਕਿ ਅਕਾਲੀਆਂ ਵੱਲੋਂ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਨ ਦੇ ਦਾਅਵੇ ਖੋਖਲੇ ਅਤੇ ਝੂਠੇ ਹਨ ਕਿਉਂਕਿ ਉਹ ਅਜੇ ਵੀ ਇਸ ਮਸਲੇ 'ਤੇ ਝੂਠ-ਦਰ-ਝੂਠ ਬੋਲ ਰਹੇ ਹਨ ਅਤੇ ਕਿਸਾਨ ਵਿਰੋਧੀ ਕੇਂਦਰ ਸਰਕਾਰ ਨਾਲ ਵੀ ਰਿਸ਼ਤਾ ਜੋੜਿਆ ਹੋਇਆ ਹੈ।
 


Deepak Kumar

Content Editor

Related News