ਅਕਾਲੀ ਦਲ ਦੇ ਦਬਾਅ ਦੀ ਰਾਜਨੀਤੀ ਅੱਗੇ ਨਹੀਂ ਝੁਕਾਂਗਾ, ਡੂੰਘਾਈ ਨਾਲ ਹੋਵੇਗੀ ਜਾਂਚ : ਕੈਪਟਨ

12/09/2019 7:36:32 PM

ਜਲੰਧਰ,(ਧਵਨ) : ਸਿਆਸੀ ਆਗੂਆਂ ਤੇ ਗੈਂਗਸਟਰਾਂ ਦੇ ਆਪਸੀ ਗਠਜੋੜ ਨੂੰ ਲੈ ਕੇ ਮੀਡੀਆ 'ਚ ਆਈਆਂ ਰਿਪੋਰਟਾਂ ਦੇ ਬਾਅਦ ਜਾਂਚ ਦੇ ਆਦੇਸ਼ ਦੇਣ 'ਤੇ ਅਕਾਲੀ ਦਲ ਵਲੋਂ ਦਿੱਤੀਆਂ ਜਾ ਰਹੀਆਂ ਧਮਕੀਆਂ ਦੇ ਅੱਗੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਾ ਝੁਕਣ ਦੀ ਗੱਲ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਅਜਿਹੀ ਦਬਾਅ ਵਾਲੀ ਰਾਜਨੀਤੀ ਦੇ ਅੱਗੇ ਨਹੀਂ ਝੁਕਣਗੇ ਤੇ ਇਸ ਮਾਮਲੇ 'ਚ ਡੂੰਘਾਈ ਨਾਲ ਜਾਂਚ ਹੋਵੇਗੀ ਅਤੇ ਜੋ ਦੋਸ਼ੀ ਪਾਇਆ ਗਿਆ, ਉਹ ਬਖਸ਼ਿਆ ਨਹੀਂ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਵਲੋਂ ਜਾਂਚ 'ਤੇ ਕੀਤੀਆਂ ਗਈਆਂ ਟਿੱਪਣੀਆਂ ਅਤੇ ਇਸ ਮੁੱਦੇ 'ਤੇ ਪ੍ਰਦਰਸ਼ਨ ਕਰਨ ਲਈ ਬਿਆਨਾਂ ਦੇ ਵਿਰੁੱਧ ਤਿੱਖਾ ਵਿਰੋਧ ਜਤਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਤਸਵੀਰਾਂ ਮਿਲਣ ਦੇ ਬਾਅਦ ਹੀ ਉਨ੍ਹਾਂ ਨੇ ਡੀ. ਜੀ.ਪੀ. ਨੂੰ ਜਾਂਚ ਦੇ ਹੁਕਮ ਦਿੱਤੇ ਹਨ, ਜਿਸ 'ਚ ਅਕਾਲੀ ਦਲ ਦੇ ਅਪਰਾਧੀਆਂ ਅਤੇ ਗੈਂਗਸਟਰਾਂ ਨਾਲ ਸਬੰਧਾਂ ਦਾ ਪਤਾ ਲੱਗਦਾ ਹੈ।

ਕੈਪਟਨ ਨੇ ਕਿਹਾ ਕਿ ਜਾਂਚ ਦੇ ਹੁਕਮ ਦੇਣ ਤੋਂ ਪਹਿਲਾਂ ਉਨ੍ਹਾਂ ਨੇ ਇਨ੍ਹਾਂ ਤਸਵੀਰਾਂ ਨੂੰ ਲੈ ਕੇ ਪੰਜਾਬ ਦੇ ਰਾਜਪਾਲ ਨੂੰ ਵੀ ਪੂਰੀ ਜਾਣਕਾਰੀ ਦੇ ਦਿੱਤੀ ਸੀ। ਜੇਕਰ ਇਸ 'ਚ ਸੱਚਾਈ ਸਾਹਮਣੇ ਆਉਂਦੀ ਹੈ ਤਾਂ ਇਸ ਨਾਲ ਅਕਾਲੀਆਂ ਦੀ ਭੂਮਿਕਾ ਅਤੇ ਉਨ੍ਹਾਂ ਦੀ ਪ੍ਰਵਿਰਤੀ ਤੇ ਉਨ੍ਹਾਂ ਵਲੋਂ ਸੂਬੇ 'ਚ ਅਪਰਾਧੀਆਂ ਅਤੇ ਗੈਂਗਸਟਰਾਂ ਦੀ ਸੁਰੱਖਿਆ ਕਰਨ ਦੀ ਰਿਪੋਰਟ ਖੁੱਲ੍ਹ ਜਾਵੇਗੀ। ਉਨ੍ਹਾਂ ਕਿਹਾ ਕਿ ਜੋ ਤਸਵੀਰਾਂ ਮਿਲੀਆਂ ਹਨ, ਉਹ ਗੰਭੀਰ ਹਨ ਅਤੇ ਉਸ ਦੀ ਡੂੰਘਾਈ ਨਾਲ ਪੁਲਸ ਜਾਂਚ ਜ਼ਰੂਰੀ ਹੈ। ਉਨ੍ਹਾਂ ਨੇ ਡੀ. ਜੀ. ਪੀ. ਨੂੰ ਕਿਹਾ ਹੈ ਕਿ ਸੱਚਾਈ ਨੂੰ ਸਾਹਮਣੇ ਲਿਆਉਣ ਦੇ ਲਈ ਕੋਈ ਕਸਰ ਬਾਕੀ ਨਾ ਛੱਡੀ ਜਾਵੇ। ਤਸਵੀਰਾਂ ਦੇ ਰੂਪ 'ਚ ਜੋ ਸਬੂਤ ਅਤੇ ਦਸਤਾਵੇਜ਼ ਮਿਲੇ ਹਨ, ਉਸ ਨਾਲ ਪਤਾ ਚੱਲਦਾ ਹੈ ਕਿ ਬਾਦਲਾਂ ਅਤੇ ਹੋਰ ਅਕਾਲੀ ਨੇਤਾਵਾਂ ਵਲੋਂ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ 'ਤੇ ਨਿਸ਼ਾਨਾ ਸਾਧ ਕੇ ਆਪਣੇ ਗੈਂਗਸਟਰਾਂ ਦੇ ਨਾਲ ਸਬੰਧਾਂ ਤੋਂ ਜਨਤਾ ਦਾ ਧਿਆਨ ਹਟਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਕੋਲ ਸੁਖਜਿੰਦਰ ਸਿੰਘ ਰੰਧਾਵਾ ਜਾਂ ਕਿਸੇ ਹੋਰ ਕਾਂਗਰਸ ਮੰਤਰੀ ਜਾਂ ਨੇਤਾ ਦੀ ਅਪਰਾਧੀਆਂ ਤੇ ਗੈਂਗਸਟਰਾਂ ਦੇ ਨਾਲ ਸ਼ਮੂਲੀਅਤ ਦੇ ਕੋਈ ਸਬੂਤ ਨਹੀਂ ਹਨ। ਦੂਜੇ ਪਾਸੇ ਅਕਾਲੀਆਂ ਦੇ ਵਿਰੁੱਧ ਪੂਰੇ ਸਬੂਤ ਹਨ ਅਤੇ ਉਨ੍ਹਾਂ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਾਂਚ ਦੇ ਬਾਅਦ ਜੋ ਵੀ ਦੋਸ਼ੀ ਪਾਇਆ ਜਾਵੇਗਾ, ਉਸ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

ਗੈਂਗਸਟਰਾਂ ਤੇ ਅਪਰਾਧੀਆਂ ਨਾਲ ਗੰਢ-ਤੁੱਪ ਕਰਨਾ ਅਕਾਲੀਆਂ ਦੀ ਪੁਰਾਣੀ ਆਦਤ

ਕੈਪਟਨ ਨੇ ਕਿਹਾ ਕਿ ਅਪਰਾਧੀਆਂ ਅਤੇ ਗੈਂਗਸਟਰਾਂ ਨੂੰ ਕਿਸੇ ਵੀ ਕੀਮਤ 'ਤੇ ਉਨ੍ਹਾਂ ਦੀ ਸਰਕਾਰ ਮੁੜ ਸਿਰ ਨਹੀਂ ਉਠਾਉਣ ਦੇਵੇਗੀ। ਇਸ ਦੌਰਾਨ ਕੈਪਟਨ ਨੇ ਅਕਾਲੀ ਦਲ ਦੀ ਅਗਵਾਈ 'ਤੇ ਵਰ੍ਹਦਿਆਂ ਕਿਹਾ ਕਿ ਗੈਂਗਸਟਰਾਂ ਅਤੇ ਅਪਰਾਧੀਆਂ ਨਾਲ ਗੰਢ-ਤੁੱਪ ਕਰਨਾ ਅਕਾਲੀਆਂ ਦੀ ਪੁਰਾਣੀ ਆਦਤ ਰਹੀ ਹੈ। 10 ਸਾਲਾਂ ਦੇ ਅਕਾਲੀ ਰਾਜ ਦੌਰਾਨ ਜਨਤਾ ਗੈਂਗਸਟਰਾਂ ਅਤੇ ਅਪਰਾਧੀਆਂ ਦੇ ਡਰ ਕਾਰਣ ਜੀਅ ਰਹੀ ਸੀ। ਮੁੱਖ ਮੰਤਰੀ ਨੂੰ ਜੋ ਤਸਵੀਰਾਂ ਮਿਲੀਆਂ ਹਨ, ਉਸ 'ਚ ਹਰਜਿੰਦਰ ਸਿੰਘ ਉਰਫ ਬਿੱਟੂ ਸਰਪੰਚ, ਅਕਾਲੀ ਦਲ ਦੇ ਸਰਵ ਉਚ ਨੇਤਾ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਅਤੇ ਬਿਕਰਮ ਮਜੀਠੀਆ ਦਾ ਸੁਆਗਤ ਕਰਦੇ ਵਿਖਾਇਆ ਗਿਆ ਹੈ। ਪੁਲਸ ਨੂੰ ਮਿਲੀ ਜਾਣਕਾਰੀ ਅਨੁਸਾਰ ਬਿੱਟੂ ਦੇ ਅਕਾਲੀ ਦਲ ਦੇ ਇਕ ਹੋਰ ਵਿਧਾਇਕ ਦੇ ਨਾਲ ਨੇੜਲੇ ਸਬੰਧ ਹਨ।

ਪੰਜਾਬ ਪੁਲਸ ਨੂੰ ਮਿਲੇ ਸਪੱਸ਼ਟ ਤੌਰ 'ਤੇ ਨਿਰਦੇਸ਼

ਦਿਨਕਰ ਗੁਪਤਾ ਅਨੁਸਾਰ ਮੁੱਖ ਮੰਤਰੀ ਵਲੋਂ ਪੰਜਾਬ ਪੁਲਸ ਨੂੰ ਸਪੱਸ਼ਟ ਤੌਰ 'ਤੇ ਨਿਰਦੇਸ਼ ਮਿਲੇ ਹਨ ਕਿ ਸੂਬੇ 'ਚ ਕਿਸੇ ਵੀ ਕੀਮਤ 'ਤੇ ਗੈਂਗਸਟਰਾਂ ਅਤੇ ਅਪਰਾਧੀਆਂ ਨੂੰ ਮੁੜ ਸਰਗਰਮੀਆਂ ਸ਼ੁਰੂ ਨਾ ਕਰਨ ਦਿੱਤੀਆਂ ਜਾਣ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਕੇ ਜੇਲ ਦੀਆਂ ਸਲਾਖਾਂ ਦੇ ਪਿੱਛੇ ਭੇਜਿਆ ਜਾਵੇ। ਹੁਣ ਤਕ ਪੁਲਸ ਨੇ 2127 ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਸ 'ਚ 8 ਏ ਕੈਟੇਗਰੀ ਦੇ ਗੈਂਗਸਟਰ ਸ਼ਾਮਲ ਹਨ। ਇਨ੍ਹਾਂ ਕੋਲੋਂ 1040 ਹਥਿਆਰ ਅਤੇ 468 ਵਾਹਨ ਵੀ ਬਰਾਮਦ ਹੋਏ। ਉਨ੍ਹਾਂ ਕਿਹਾ ਕਿ ਰਾਜ ਰਮਨਜੀਤ ਉਰਫ ਰੋਮੀ ਹਾਂਗਕਾਂਗ ਤੋਂ ਹਵਾਲਗੀ ਕਰਵਾਉਣ 'ਚ ਸਫਲ ਰਿਹਾ, ਜਿਸ ਦਾ ਨਾਭਾ ਜੇਲ ਬ੍ਰੇਕ ਕਾਂਡ 'ਚ ਹੱਥ ਸੀ। ਰੋਮੀ ਵੀ ਡਰੱਗ ਅਤੇ ਹਥਿਆਰਾਂ ਦੇ ਵਪਾਰ 'ਚ ਸ਼ਾਮਲ ਸੀ।


Related News