ਕੈਪਟਨ ਨੇ ਨਾਂਦੇੜ ਸਾਹਿਬ 'ਚ ਫਸੇ ਸ਼ਰਧਾਲੂਆਂ ਦੀ ਵਾਪਸੀ ਲਈ ਅਮਿਤ ਸ਼ਾਹ ਨੂੰ ਲਿਖਿਆ ਪੱਤਰ

Tuesday, Apr 21, 2020 - 09:23 PM (IST)

ਚੰਡੀਗੜ/ਜਲੰਧਰ( )- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਕਿ ਉਹ ਹਜ਼ੂਰ ਸਾਹਿਬ (ਨਾਂਦੇੜ) ਫਸੇ ਪੰਜਾਬੀ ਸ਼ਰਧਾਲੂਆਂ ਨੂੰ ਵਾਪਸ ਆਉਣ ਦੀ ਪ੍ਰਵਾਨਗੀ ਦੇਣ ਕਿਉਂਕਿ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਨੇ ਇਸ ਲਈ ਕੇਂਦਰ ਦੀ ਆਗਿਆ ਨੂੰ ਲੋੜੀਂਦਾ ਦੱਸਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਕਿਹਾ ਕਿ ਕੌਮੀ ਪੱਧਰ ਦੇ ਲੌਕਡਾਊਨ ਦੇ ਚੱਲਦਿਆਂ ਫਸੇ ਹੋਏ ਸ਼ਰਧਾਲੂਆਂ ਨੂੰ ਵਾਪਸ ਜਾਣ ਲਈ ਕੇਂਦਰ ਦੀ ਪ੍ਰਵਾਨਗੀ ਦੀ ਲੋੜ ਹੈ।
ਇਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਨੇ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਮੰਗ ਕੀਤੀ ਕਿ ਉਹ ਕੋਵਿਡ-19 ਕਾਰਨ ਲਗਾਏ ਲੌਕਡਾਊਨ ਦੇ ਚੱਲਦਿਆਂ ਗੁਰਦੁਆਰਾ ਸ੍ਰੀ ਨਾਂਦੇੜ ਸਾਹਿਬ (ਮਹਾਂਰਾਸ਼ਟਰ) ਵਿਖੇ ਫਸੇ ਪੰਜਾਬੀ ਸ਼ਰਧਾਲੂਆਂ ਨੂੰ ਬੱਸ ਰਾਹੀਂ ਪੰਜਾਬ ਆਉਣ ਦੀ ਆਗਿਆ ਦੇਣ। ਆਪਣੇ ਪੱਤਰ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ 25 ਮਾਰਚ ਦੇ ਪੱਤਰ ਦੀ ਪਾਲਣਾ ਵਿੱਚ ਮਹਾਰਾਸ਼ਟਰ ਦੇ ਆਪਣੇ ਹਮਰੁਤਬਾ ਨਾਲ ਵੀ ਟੈਲੀਫੋਨ 'ਤੇ ਇਸ ਬਾਰੇ ਗੱਲਬਾਤ ਕਰ ਚੁੱਕੇ ਹਨ। ਮੁੱਖ ਮੰਤਰੀ ਨੇ ਸ੍ਰੀ ਸ਼ਾਹ ਨੂੰ ਜਾਣੂੰ ਕਰਵਾਇਆ ਕਿ ਉਥੇ ਫਸੇ ਸ਼ਰਧਾਲੂ ਜਿਨ੍ਹਾਂ ਵਿੱਚੋਂ ਬਹੁਤੇ ਕਿਸਾਨ ਪਰਿਵਾਰਾਂ ਵਿੱਚੋਂ ਹਨ, ਹਾੜ੍ਹੀ ਦਾ ਮੰਡੀਕਰਨ ਸੀਜ਼ਨ 15 ਅਪਰੈਲ ਤੋਂ ਸ਼ੁਰੂ ਹੋਣ ਕਰਕੇ ਵਾਪਸ ਪੰਜਾਬ ਆਉਣ ਲਈ ਬੇਚੈਨ ਹਨ। ਮੁੱਖ ਮੰਤਰੀ ਨੇ ਕੇਂਦਰੀ ਮੰਤਰੀ ਨੂੰ ਭਰੋਸਾ ਦਿਵਾਇਆ ਕਿ ਇਨ੍ਹਾਂ ਸ਼ਰਧਾਲੂਆਂ ਦੇ ਪੰਜਾਬ 'ਚ ਆਉਣ 'ਤੇ ਭਾਰਤ ਸਰਕਾਰ ਦੇ ਸਿਹਤ ਪ੍ਰੋਟੋਕੋਲ ਮੁਤਾਬਕ ਜਾਂਚ ਅਤੇ ਏਕਾਂਤਵਾਸ ਕੀਤਾ ਜਾਵੇਗਾ।


Bharat Thapa

Content Editor

Related News