ਕਾਰੋਬਾਰੀਆਂ ਤੇ ਉੱਦਮੀਆਂ ਦੇ ਮਸਲਿਆਂ ’ਤੇ ਚੰਡੀਗੜ੍ਹ ’ਚ ਬੈਠਕ ਬੁਲਾਉਣਗੇ ਕੈਪਟਨ
Sunday, Aug 15, 2021 - 02:19 AM (IST)
ਜਲੰਧਰ(ਧਵਨ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਉਹ ਜਲਦੀ ਹੀ ਚੰਡੀਗੜ੍ਹ ’ਚ ਕਾਰੋਬਾਰੀਆਂ ਤੇ ਉੱਦਮੀਆਂ ਦੀ ਬੈਠਕ ਬੁਲਾ ਕੇ ਉਨ੍ਹਾਂ ਦੇ ਮਸਲਿਆਂ ਦਾ ਹੱਲ ਕਰਨਗੇ। ਪੰਜਾਬ ਦੇ ਉੱਚ ਮੈਡੀਕਲ ਸਿੱਖਿਆ ਮੰਤਰੀ ਓ. ਪੀ. ਸੋਨੀ ਨੇ ਆਪਣੀ ਰਿਹਾਇਸ਼ ’ਤੇ ਮੁੱਖ ਮੰਤਰੀ ਦੇ ਆਉਣ ਵੇਲੇ ਕਾਰੋਬਾਰੀਆਂ ਦੇ ਵਫਦ ਦੀ ਕੈਪਟਨ ਨਾਲ ਮੁਲਾਕਾਤ ਕਰਵਾਈ।
ਇਹ ਵੀ ਪੜ੍ਹੋ : ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਨੂੰ ਲੱਗਾ ਵੱਡਾ ਸਦਮਾ, ਪਿਤਾ ਦਾ ਹੋਇਆ ਦੇਹਾਂਤ
ਇਸ ਵਫਦ ਵਿਚ ਕਾਰੋਬਾਰੀ, ਰਾਈਸ ਮਿੱਲ ਮਾਲਕ ਅਤੇ ਅੰਮ੍ਰਿਤਸਰ ਡਾਇੰਗ ਤੇ ਪ੍ਰੋਸੈਸਿੰਗ ਉਦਯੋਗ ਦੇ ਪ੍ਰਤੀਨਿਧੀ ਸ਼ਾਮਲ ਸਨ। ਉਨ੍ਹਾਂ ਮੁੱਖ ਮੰਤਰੀ ਨੂੰ ਆਪਣੇ-ਆਪਣੇ ਕਾਰੋਬਾਰ ਨਾਲ ਸਬੰਧਤ ਸਮੱਸਿਆਵਾਂ ਦੱਸੀਆਂ। ਇਸ ’ਤੇ ਕੈਪਟਨ ਨੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਇਨ੍ਹਾਂ ਸਮੱਸਿਆਵਾਂ ਦਾ ਹੱਲ ਕੱਢਿਆ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਜਲਦੀ ਹੀ ਕਾਰੋਬਾਰੀਆਂ ਤੇ ਉੱਦਮੀਆਂ ਨਾਲ ਬੈਠਕ ਰੱਖੀ ਜਾਵੇ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਕਾਰੋਬਾਰ, ਉਦਯੋਗਾਂ ਤੇ ਨਾਗਰਿਕਾਂ ਲਈ 1498 ਸ਼ਰਤਾਂ ਹਟਾਈਆਂ : ਮੁੱਖ ਸਕੱਤਰ
ਇਸ ਮੌਕੇ ਕਿਸ਼ਨ ਕੁਮਾਰ ਕੁੱਕੂ, ਪ੍ਰਧਾਨ ਅੰਮ੍ਰਿਤਸਰ ਡਾਇੰਗ ਤੇ ਪ੍ਰੋਸੈਸਿੰਗ ਉਦਯੋਗ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਜੰਮੂ-ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਦੇ ਉਦਯੋਗਾਂ ਨੂੰ ਵੱਡੀ ਗਿਣਤੀ ’ਚ ਸਹੂਲਤਾਂ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਦਯੋਗਾਂ ਨੂੰ ਸਸਤੀ ਬਿਜਲੀ ਅਤੇ ਗੁਆਂਢੀ ਸੂਬਿਆਂ ਵਾਂਗ ਟੈਕਸਾਂ ’ਚ ਛੋਟ ਮਿਲਣੀ ਚਾਹੀਦੀ ਹੈ। ਪੰਜਾਬ ਵਪਾਰ ਮੰਡਲ ਦੇ ਪ੍ਰਧਾਨ ਪਿਆਰੇ ਲਾਲ ਸੇਠ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਪ੍ਰਾਪਰਟੀ ਟੈਕਸ ਵਾਪਸ ਲਿਆ ਜਾਵੇ ਅਤੇ ਸੂਬੇ ਵਿਚ ਅਜਿਹਾ ਮਾਹੌਲ ਬਣਾਇਆ ਜਾਵੇ ਕਿ ਕਾਰੋਬਾਰੀ ਖੁੱਲ੍ਹ ਕੇ ਕੰਮ ਕਰ ਸਕਣ।