ਸਰਕਾਰ ਪ੍ਰਵਾਸੀਆਂ ਦੇ ਪ੍ਰਾਜੈਕਟਾਂ ਨੂੰ ਇਕ ਹਫਤੇ ਵਿਚ ਕਲੀਅਰ ਕਰੇਗੀ : ਕੈਪਟਨ

Wednesday, Sep 13, 2017 - 03:53 AM (IST)

ਸਰਕਾਰ ਪ੍ਰਵਾਸੀਆਂ ਦੇ ਪ੍ਰਾਜੈਕਟਾਂ ਨੂੰ ਇਕ ਹਫਤੇ ਵਿਚ ਕਲੀਅਰ ਕਰੇਗੀ : ਕੈਪਟਨ

ਜਲੰਧਰ/ਲੰਡਨ, (ਧਵਨ)- ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਵਾਸੀਆਂ ਨੂੰ ਕਿਹਾ ਹੈ ਕਿ ਉਨ੍ਹਾਂ ਵਲੋਂ ਪੰਜਾਬ ਵਿਚ ਕਾਰੋਬਾਰ ਕਰਨ ਲਈ ਲਿਆਏ ਜਾਣ ਵਾਲੇ ਪ੍ਰਾਜੈਕਟਾਂ ਨੂੰ ਇਕ ਹਫਤੇ ਦੇ ਅੰਦਰ ਪੰਜਾਬ ਸਰਕਾਰ ਵਲੋਂ ਕਲੀਅਰ ਕਰ ਦਿੱਤਾ ਜਾਵੇਗਾ। ਸਰਕਾਰ ਸੂਬੇ 'ਚ ਪੂੰਜੀ ਨਿਵੇਸ਼ ਨੂੰ ਬੜ੍ਹਾਵਾ ਦੇ ਰਹੀ ਹੈ। ਕੈਪਟਨ ਲੰਡਨ ਵਿਚ ਇਕ ਸਮਾਰੋਹ ਵਿਚ ਬੋਲ ਰਹੇ ਸਨ, ਜਿਸ ਵਿਚ ਉਨ੍ਹਾਂ ਐੱਸ. ਵਾਈ. ਐੱਲ. ਸਣੇ ਕਈ ਮਾਮਲਿਆਂ 'ਤੇ ਖੁੱਲ੍ਹ ਕੇ ਆਪਣੇ ਵਿਚਾਰ ਰੱਖੇ। ਉਨ੍ਹਾਂ ਕਿਹਾ ਕਿ ਸੂਬੇ ਦੇ ਦਰਿਆਵਾਂ ਵਿਚ ਫਾਲਤੂ ਪਾਣੀ ਨਹੀਂ ਹੈ, ਇਸ ਲਈ ਸੂਬੇ ਦੇ ਪਾਣੀ ਦੀ ਇਕ ਵੀ ਬੂੰਦ ਹੋਰ ਸੂਬਿਆਂ ਨੂੰ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਸਰਕਾਰ ਸੁਪਰੀਮ ਕੋਰਟ ਵਿਚ ਮਜ਼ਬੂਤੀ ਨਾਲ ਆਪਣਾ ਕੇਸ ਰੱਖੇਗੀ ਪਰ ਸਾਬਕਾ ਬਾਦਲ ਸਰਕਾਰ ਇਸ ਕੇਸ ਨੂੰ ਸੁਪਰੀਮ ਕੋਰਟ ਵਿਚ ਮਜ਼ਬੂਤੀ ਨਾਲ ਰੱਖਣ ਵਿਚ ਅਸਫਲ ਰਹੀ। 
ਕੈਪਟਨ ਨੇ ਸਮਾਰੋਹ ਵਿਚ ਆਪਣੀ ਕਿਤਾਬ 'ਦਿ ਪੀਪਲਜ਼ ਮਹਾਰਾਜਾ' ਨੂੰ ਲਾਂਚ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ 6 ਮਹੀਨਿਆਂ ਦੌਰਾਨ ਕਾਂਗਰਸ ਸਰਕਾਰ ਨੇ ਵੱਡੇ ਉਦਯੋਗਪਤੀਆਂ ਨੂੰ ਪੂੰਜੀ ਨਿਵੇਸ਼ ਲਈ ਸੱਦਾ ਦਿੱਤਾ ਹੈ। ਟਾਟਾ ਤੋਂ ਲੈ ਕੇ ਅੰਬਾਨੀ ਤੱਕ ਸਾਰੇ ਪੰਜਾਬ ਵਿਚ ਪੂੰਜੀ ਨਿਵੇਸ਼ ਤੇ ਕਾਰੋਬਾਰ ਕਰਨ ਲਈ ਤਿਆਰ ਹਨ। ਮੁਖ ਮੰਤਰੀ ਨੇ ਕਿਹਾ ਕਿ ਜੇਕਰ ਪ੍ਰਵਾਸੀ ਸੂਬੇ ਵਿਚ ਕਾਰੋਬਾਰ ਲਈ ਆਉਂਦੇ ਹਨ ਤਾਂ ਉਨ੍ਹਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੋਣ ਦਿੱਤੀ ਜਾਵੇਗੀ। ਸਰਕਾਰ ਉਨ੍ਹਾਂ ਨੂੰ ਬਿਹਤਰ ਮੁੱਢਲਾ ਢਾਂਚਾ, ਮਾਹਿਰ ਕਾਮੇ ਤੇ ਹੋਰ ਸਹੂਲਤਾਂ ਦੇਵੇਗੀ।
ਡਰੱਗਸ ਤੇ ਬੇਰੋਜ਼ਗਾਰੀ ਦੀ ਚਰਚਾ ਕਰਦਿਆਂ ਉਨ੍ਹਾਂ ਕਿਹਾ ਕਿ ਸਾਬਕਾ ਅਕਾਲੀ ਸਰਕਾਰ ਦੇ 10 ਸਾਲ ਦੇ ਕਾਰਜਕਾਲ ਵਿਚ ਦੋਵਾਂ 'ਚ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਹੁਣ ਸੂਬੇ ਦਾ ਮਾਹੌਲ ਬਦਲ ਰਿਹਾ ਹੈ। ਡਰੱਗਸ 'ਤੇ ਰੋਕ ਲਗਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਬੇਰੋਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਦੇਣ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਰਾਸ਼ਟਰੀ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਪੰਜਾਬ ਵਿਚ ਜੋ ਡਰੱਗਸ ਦਾ ਮਾਮਲਾ ਉਠਾਇਆ ਸੀ, ਬਿਲਕੁੱਲ ਸਹੀ ਸੀ। ਜੇਕਰ ਪੰਜਾਬ ਵਿਚ ਡਰੱਗਸ ਨਾ ਹੁੰਦਾ ਤਾਂ ਫਿਰ ਦਿਹਾਤੀ ਤੇ ਸ਼ਹਿਰੀ ਲੋਕ ਡਰੱਗਸ ਕਾਰਨ ਪ੍ਰੇਸ਼ਾਨ ਕਿਉਂ ਸਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਸੰਬੰਧ ਕੱਟੜਪੰਥੀਆਂ ਨਾਲ ਹੈ। 1984 ਦੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਮੁਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਤੱਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਕਿਸੇ ਵਿਵਾਦ ਵਿਚ ਨਾ ਪੈਣ ਦੀ ਸਲਾਹ ਦਿੱਤੀ ਸੀ ਤੇ ਕਿਹਾ ਸੀ ਕਿ ਸ੍ਰੀ ਹਰਿਮੰਦਰ ਸਾਹਿਬ 'ਚੋਂ ਅੱਤਵਾਦੀਆਂ ਨੂੰ ਬਾਹਰ ਕੱਢਣ ਲਈ ਕੋਈ ਹੋਰ ਹੱਲ ਕੱਢਿਆ ਜਾਵੇ। ਉਨ੍ਹਾਂ ਕਿਹਾ ਕਿ ਸਿਆਸਤ ਦਾ ਪੱਧਰ ਹੁਣ ਡਿਗ ਚੁੱਕਿਆ ਹੈ।
ਦੋਬਾਰਾ ਪੰਜਾਬ ਵਿਚ ਜਨਮ ਲੈਣ ਦੀ ਇੱਛਾ: ਮੁਖ ਮੰਤਰੀ ਨੇ ਕਿਹਾ ਕਿ ਉਹ ਅਗਲੇ ਜਨਮ ਵਿਚ ਵੀ ਪੰਜਾਬ ਵਿਚ ਪੈਦਾ ਹੋਣਾ ਚਾਹੁੰਦੇ ਹਨ ਤੇ ਫਿਰ ਆਪਣਾ ਜੀਵਨ ਪੰਜਾਬ ਦੇ ਲੇਖੇ ਲਾਉਣਾ ਚਾਹੁੰਦੇ ਹਨ। ਪੰਜਾਬ ਨੂੰ ਹੁਣ ਉਹ ਆਰਥਿਕ ਤੌਰ 'ਤੇ ਮਜ਼ਬੂਤ ਕਰਨਗੇ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਗਿਲਾ ਨਹੀਂ ਹੈ ਕਿ ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਨੂੰ ਸਾਢੇ 4 ਸਾਲ ਦੀ ਉਮਰ ਵਿਚ ਬੋਰਡਿੰਗ ਸਕੂਲ 'ਚ ਭੇਜਿਆ ਸੀ, ਜਿਸ ਨਾਲ ਉਹ ਸ਼ਾਹੀ ਜ਼ਿੰਦਗੀ ਜੀਣ ਤੋਂ ਵਾਂਝੇ ਰਹਿ ਗਏ ਸਨ। ਉਨ੍ਹਾਂ ਫੌਜ ਵਿਚ ਆਪਣੇ ਕਰੀਅਰ ਨੂੰ ਲੈ ਕੇ ਪੂਰੀ ਜਾਣਕਾਰੀ ਦਿੱਤੀ।


Related News