ਹਰਿਆਣਾ-ਦਿੱਲੀ ਦੀ ਸ਼ਾਂਤੀ ਭੰਗ ਕਰਨਾ ਚਾਹੁੰਦੇ ਹਨ ਕੈਪਟਨ ਅਮਰਿੰਦਰ : ਵਿੱਜ
Wednesday, Sep 15, 2021 - 05:26 PM (IST)
ਚੰਡੀਗੜ੍ਹ (ਪਾਂਡੇ) : ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਕਿਸਾਨ ਅੰਦੋਲਨ ਬਾਰੇ ਕਿਹਾ ਕਿ ਇਹ ਅੰਦੋਲਨ ਨਹੀਂ ਰਿਹਾ ਹੈ, ਅੰਦੋਲਨ ’ਚ ਲੋਕ ਤਲਵਾਰਾਂ ਲੈ ਕੇ ਨਹੀਂ ਆਉਂਦੇ ਹਨ, ਅੰਦੋਲਨ ’ਚ ਲੋਕ ਲਾਠੀਆਂ ਨਹੀਂ ਮਾਰਦੇ, ਅੰਦੋਲਨ ’ਚ ਲੋਕ ਆਉਣ-ਜਾਣ ਵਾਲਿਆਂ ਦੇ ਰਸਤੇ ਨਹੀਂ ਰੋਕਦੇ। ਇਸ ਨੂੰ ਅੰਦੋਲਨ ਨਹੀਂ ਕਿਹਾ ਜਾ ਸਕਦਾ, ਇਸ ਨੂੰ ਤਾਂ ਤੁਸੀਂ ਗਦਰ ਕਹਿ ਸਕਦੇ ਹੋ ਜਾਂ ਕੋਈ ਹੋਰ ਸ਼ਬਦ ਵਰਤ ਸਕਦੇ ਹੋ। ਉਨ੍ਹਾਂ ਨੇ ਕਿਹਾ ਕਿ ਅੰਦੋਲਨ ’ਚ ਤਾਂ ਲੋਕ ਧਰਨੇ ਦਿੰਦੇ ਹਨ, ਭੁੱਖ ਹੜਤਾਲਾਂ ਕਰਦੇ ਹਨ, ਇੱਥੇ ਇਹੋ-ਅਜਿਹੀਆਂ ਘਟਨਾਵਾਂ ਹੋਈਆਂ ਹੋਣ ਕਿ ਭੁੱਖ ਹੜਤਾਲ ਕਰ ਕੇ ਲੋਕਾਂ ਨੇ ਆਪਣੀਆਂ ਜ਼ਿੰਦਗੀਆਂ ਦੇ ਦਿੱਤੀਆਂ।
ਇਹ ਵੀ ਪੜ੍ਹੋ : ਕਿਸਾਨਾਂ ਦੇ ਹੁਕਮਾਂ ਖ਼ਿਲਾਫ਼ ਚੋਣਾਵੀਂ ਸਮਾਗਮਾਂ ਨੂੰ ਅੰਜਾਮ ਦੇ ਰਹੀ ਹੈ ਕਾਂਗਰਸ : ਅਮਨ ਅਰੋੜਾ
‘ਕਿਸਾਨ ਅੰਦੋਲਨ ’ਚ ਕੈਪਟਨ ਦਾ ਸਿੱਧੇ ਤੌਰ ’ਤੇ ਹੱਥ’
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਰਥਿਕ ਨੁਕਸਾਨ ਦੇ ਸਬੰਧ ’ਚ ਦਿੱਤੇ ਗਏ ਬਿਆਨ ਬਾਰੇ ਵਿੱਜ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਪਰਜਾਤੰਤਰੀ ਮੁੱਖ ਮੰਤਰੀ ਦੇ ਤੌਰ ’ਤੇ ਇਹ ਗੱਲ ਨਹੀਂ ਕਹਿਣੀ ਚਾਹੀਦੀ ਹੈ ਕਿ ਤੁਸੀਂ ਜੋ ਗੜਬੜ ਕਰਨੀ ਹੈ, ਉਹ ਹਰਿਆਣਾ ਅਤੇ ਦਿੱਲੀ ’ਚ ਜਾ ਕੇ ਕਰੋ। ਇਹ ਇਕ ਮੁੱਖ ਮੰਤਰੀ ਦਾ ਕਹਿਣਾ ਬਹੁਤ ਹੀ ਗਲਤ ਗੱਲ ਹੈ ਕਿ ਮੇਰੇ ਇੱਥੇ ਨਾ ਕਰੋ, ਹਰਿਆਣਾ ਅਤੇ ਦਿੱਲੀ ’ਚ ਜਾ ਕੇ ਕਰੋ। ਵਿੱਜ ਨੇ ਕਿਹਾ ਕਿ ਇਹ ਬਹੁਤ ਹੀ ਗ਼ੈਰ-ਜ਼ਿੰਮੇਵਾਰਾਨਾ ਹੈ ਅਤੇ ਇਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਜੋ ਅੰਦੋਲਨ ਖ਼ੜ੍ਹਾ ਹੋਇਆ ਹੈ ਉਸ ਦੇ ਪਿੱਛੇ ਅਮਰਿੰਦਰ ਸਿੰਘ ਦਾ ਹੀ ਹੱਥ ਹੈ ਅਤੇ ਅਮਰਿੰਦਰ ਸਿੰਘ ਨੇ ਹੀ ਆਪਣੀਆਂ ਰਾਜਨੀਤਕ ਲਾਲਸਾ ਨੂੰ ਪੂਰਾ ਕਰਨ ਲਈ ਇਸ ਨੂੰ ਜ਼ਿੰਦਾ ਰੱਖਿਆ ਹੋਇਆ ਹੈ। ਇਕ ਹੋਰ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਕਿਸਾਨ ਪ੍ਰਦਰਸ਼ਨ ਜੇਕਰ ਉਨ੍ਹਾਂ ਦੇ ਇੱਥੇ (ਪੰਜਾਬ ’ਚ) ਕਰਦੇ ਹਨ ਤਾਂ ਉਨ੍ਹਾਂ ਨੂੰ (ਪੰਜਾਬ ਦੇ ਮੁੱਖ ਮੰਤਰੀ) ਤਕਲੀਫ ਕਿਉਂ ਹੁੰਦੀ ਹੈ।
ਇਹ ਵੀ ਪੜ੍ਹੋ : ਕੈਪਟਨ ਅਕਤੂਬਰ ਤੱਕ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਨੂੰ ਚੋਣ ਰੰਗ ’ਚ ਰੰਗਣਗੇ, ਕਰਨਗੇ ਵੱਡੇ ਐਲਾਨ
ਅਮਰਿੰਦਰ ਸਿੰਘ ਅੱਗ ਲਗਾਉਣ ਦਾ ਕੰਮ ਕਰ ਰਹੇ : ਮੂਲਚੰਦ ਸ਼ਰਮਾ
ਹਾਲ ਹੀ ’ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੰਦੋਲਨ ਪੰਜਾਬ ਦੀ ਬਜਾਏ ਹਰਿਆਣਾ ਅਤੇ ਦਿੱਲੀ ’ਚ ਕਰਨ ਦੇ ਬਿਆਨ ਤੋਂ ਬਾਅਦ ਸੂਬਾ ਭਾਜਪਾ ਪੂਰੀ ਤਰ੍ਹਾਂ ਹਮਲਾਵਰ ਰੁਖ਼ ’ਚ ਨਜ਼ਰ ਆ ਰਹੀ ਹੈ। ਇਸ ਮਾਮਲੇ ’ਚ ਹਰਿਆਣਾ ਸਰਕਾਰ ਦੇ ਟ੍ਰਾਂਸਪੋਰਟ ਅਤੇ ਮਾਈਨਿੰਗ ਮੰਤਰੀ ਮੂਲਚੰਦ ਸ਼ਰਮਾ ਨੇ ਪੰਜਾਬ ਦੇ ਮੁੱਖ ਮੰਤਰੀ ’ਤੇ ਤਲਖ ਟਿੱਪਣੀਆਂ ਕੀਤੀਆਂ ਹਨ। ਉਨ੍ਹਾਂ ਨੇ ਕਿਹਾ ਹੈ ਕਿ ਕਾਂਗਰਸ ਦੇ ਇਸ਼ਾਰੇ ’ਤੇ ਅੰਦੋਲਨਕਾਰੀ ਕੰਮ ਕਰ ਰਹੇ ਹਨ ਅਤੇ ਅਮਰਿੰਦਰ ਸਿੰਘ ਦੇ ਬਿਆਨ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਅੰਦੋਲਨ ਨੂੰ ਹੋਰ ਭੜਕਾਉਣਾ ਚਾਹੁੰਦੇ ਹਨ। ਅੱਜ ਸਾਡੇ ਸੂਬੇ ਦੇ ਜ਼ਿਆਦਾਤਰ ਜ਼ਿਲਿਆਂ ’ਚ ਵਪਾਰ ਪੂਰੀ ਤਰ੍ਹਾਂ ਬੰਦ ਹੈ। ਜੋ ਲੱਖਾਂ ਲੋਕ ਅੱਜ ਇਸ ਅੰਦੋਲਨ ਦੇ ਕਾਰਨ ਬੇਰੋਜ਼ਗਾਰ ਹੋਏ ਹਨ, ਉਨ੍ਹਾਂ ਦੀ ਪੂਰਤੀ ਅਖੀਰ ਕੌਣ ਕਰੇਗਾ? ਅੱਜ ਇਸ ਅੰਦੋਲਨ ਦੇ ਇਸ ਸਥਿਤੀ ’ਚ ਪੁੱਜਣ ਦਾ ਕਾਰਨ ਕਾਂਗਰਸ ਅਤੇ ਪੰਜਾਬ ਦੇ ਮੁੱਖ ਮੰਤਰੀ ਹੈ। ਪੰਜਾਬ ਦੇ ਮੁੱਖ ਮੰਤਰੀ ਆਪਣੇ ਕਿਸਾਨਾਂ ਲਈ ਕਿਸੇ ਵੀ ਕਿਸਮ ਦੀਆਂ ਯੋਜਨਾਵਾਂ ਨਹੀਂ ਲਿਆ ਸਕੇ। ਕਿਸਾਨਾਂ ਦੀ ਮੰਗ ਨੂੰ ਪੂਰਾ ਨਹੀਂ ਕਰ ਸਕੇ। ਕਿਸਾਨਾਂ ਦੀਆਂ ਫਸਲਾਂ ਨੂੰ ਰੇਟ ਨਹੀਂ ਦੇ ਪਾ ਰਹੇ। ਉਸ ਦੇ ਬਾਵਜੂਦ ਇਸ ਤਰ੍ਹਾਂ ਦੇ ਬਿਆਨ ਦੇਣਾ ਬਹੁਤ ਨਿੰਦਣਯੋਗ ਹੈ। ਮੂਲਚੰਦ ਸ਼ਰਮਾ ਨੇ ਕਿਹਾ ਕਿ ਹਰਿਆਣਾ ਪੰਜਾਬ ਦਾ ਛੋਟਾ ਭਰਾ ਹੈ। ਹਰਿਆਣਾ ’ਚ ਕਿਸਾਨ ਅੰਦੋਲਨ ਕਾਂਗਰਸ ਦਾ ਬਣਾਇਆ ਹੋਇਆ ਅੰਦੋਲਨ ਹੈ। ਜੇਕਰ ਅਸਲ ’ਚ ਕਿਸਾਨਾਂ ਨਾਲ ਹਮਦਰਦੀ ਹੈ ਤਾਂ ਪੰਜਾਬ ਤੋਂ ਹਰਿਆਣਾ ਦਾ ਹੱਕ ਦਿਵਾ ਦਿਓ। ਅਮਰਿੰਦਰ ਸਿੰਘ ਅੱਗ ਲਗਾਉਣ ਦਾ ਕੰਮ ਕਰ ਰਹੇ ਹਨ। ਉਨ੍ਹਾਂ ਦਾ ਇਹ ਵਤੀਰਾ ਸਹੀ ਨਹੀਂ ਹੈ। ਹਰਿਆਣਾ ਦੀ ਪਛਾਣ ਪੂਰੇ ਦੇਸ਼ ’ਚ ਹੈ।
ਇਹ ਵੀ ਪੜ੍ਹੋ : ਉਮਰਾਨੰਗਲ ਨੂੰ ਉਚਿਤ ਸੁਰੱਖਿਆ ਉਪਲੱਬਧ ਕਰਵਾਉਣ ਲਈ ਕੇਂਦਰ ਨੇ ਭੇਜਿਆ ਪੰਜਾਬ ਨੂੰ ਪੱਤਰ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ