ਹਾਈਕਮਾਂਡ ਨਾਲ ਸਿੱਧਾ ਟੱਕਰ ਲੈਣ ਦੀ ਤਿਆਰੀ ''ਚ ''ਨਵਜੋਤ ਸਿੱਧੂ'', ਕੈਪਟਨ ਨਾਲ ਜੰਗ ਹੋਵੇਗੀ ਤੇਜ਼

Wednesday, Jun 23, 2021 - 10:18 AM (IST)

ਹਾਈਕਮਾਂਡ ਨਾਲ ਸਿੱਧਾ ਟੱਕਰ ਲੈਣ ਦੀ ਤਿਆਰੀ ''ਚ ''ਨਵਜੋਤ ਸਿੱਧੂ'', ਕੈਪਟਨ ਨਾਲ ਜੰਗ ਹੋਵੇਗੀ ਤੇਜ਼

ਪਟਿਆਲਾ (ਮਨਦੀਪ ਜੋਸਨ) : ‘ਪੰਜਾਬ ਦਾ ਕੈਪਟਨ ਕੌਣ’ ਹੋਵੇਗਾ, ਨੂੰ ਲੈ ਕੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ’ਚ ਕੁੱਝ ਸਮਾਂ ਚੁੱਪ ਰਹਿ ਕੇ ਸ਼ੁਰੂ ਹੋਈ ਆਰ-ਪਾਰ ਦੀ ਜੰਗ ਹੋਰ ਤੇਜ਼ ਹੁੰਦੀ ਨਜ਼ਰ ਆ ਰਹੀ ਹੈ। ਨਵਜੋਤ ਸਿੱਧੂ ਨੇ ਆਪਣੇ ਟਵੀਟ ’ਚ ਭਾਵੇਂ ਨਿਸ਼ਾਨਾ ਇਕ ਅੰਗਰੇਜ਼ੀ ਅਖ਼ਬਾਰ ’ਤੇ ਵਿੰਨ੍ਹਿਆ ਪਰ ਭਾਸ਼ਾ ਤੋਂ ਸਪੱਸ਼ਟ ਲੱਗ ਰਿਹਾ ਹੈ ਕਿ ਉਹ ਹਾਈਕਮਾਂਡ ਤੋਂ ਵੀ ਨਾਰਾਜ਼ ਹਨ ਅਤੇ ਸਿੱਧੀ ਲੜਾਈ ਕਰਨ ਦੀ ਤਿਆਰੀ ਕਰ ਚੁੱਕੇ ਹਨ। ਉੱਧਰ ਪੰਜਾਬ ਦਾ ਕੈਪਟਨ ਕੌਣ ਹੋਵੇਗਾ, ਨੂੰ ਲੈ ਕੇ ਦਿੱਲੀ ’ਚ ਜੰਗ ਜਾਰੀ ਰਹੀ। ਇੱਧਰ ਨਵਜੋਤ ਸਿੰਘ ਸਿੱਧੂ ਨੇ ਵੀ ਪਟਿਆਲਾ ’ਚ ਡੇਰੇ ਲਗਾਈ ਰੱਖੇ ਹਨ ਅਤੇ ਅੰਦਰ ਆਪਣੀ ਵਿਉਂਤਬੰਦੀ ਦੇ ਦਾਅ-ਪੇਚ ਤਿਆਰ ਕਰ ਰਹੇ ਹਨ। ‘ਜਗ ਬਾਣੀ’ ਨੂੰ ਮਿਲੀ ਰਿਪੋਰਟ ਮੁਤਾਬਕ ਨਵਜੋਤ ਸਿੰਘ ਸਿੱਧੂ ਜਿੱਥੇ ਕਿਸੇ ਵੀ ਤਰ੍ਹਾਂ ਝੁਕਣ ਲਈ ਤਿਆਰ ਨਹੀਂ ਹਨ, ਉੱਥੇ ਕੈਪਟਨ ਅਮਰਿੰਦਰ ਸਿੰਘ ਵੀ ਸਿੱਧੂ ਨੂੰ ਮੁੱਖ ਮੰਤਰੀ, ਕਾਂਗਰਸ ਪ੍ਰਧਾਨ ਜਾਂ ਡਿਪਟੀ ਸੀ. ਐੱਮ. ਦੇ ਅਹੁਦੇ ’ਤੇ ਲਾਉਣ ਲਈ ਤਿਆਰ ਨਹੀਂ ਹਨ। ਇਸ ਕਾਰਨ ਇਹ ਲੜਾਈ ਹਾਈਕਮਾਂਡ ਦੇ ਵਸ ’ਚੋਂ ਵੀ ਬਾਹਰ ਹੁੰਦੀ ਜਾ ਰਹੀ ਹੈ। ਯਾਦ ਰਹੇ ਕਿ ਨਵਜੋਤ ਸਿੱਧੂ ਨੇ ‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਉਨ੍ਹਾਂ ਨੂੰ ਦਿੱਲੀ ਕਾਂਗਰਸ ਹਾਈਕਮਾਂਡ ਤੋਂ ਕੋਈ ਵੀ ਬੁਲਾਵਾ ਨਹੀਂ ਆਇਆ।

ਇਹ ਵੀ ਪੜ੍ਹੋ : ਐਨਕਾਊਂਟਰ 'ਚ ਮਾਰੇ 'ਜੈਪਾਲ ਭੁੱਲਰ' ਦਾ ਅੱਜ ਹੋਵੇਗਾ ਅੰਤਿਮ ਸੰਸਕਾਰ, ਦੁਬਾਰਾ ਕਰਵਾਇਆ ਗਿਆ ਸੀ ਪੋਸਟਮਾਰਟਮ
ਆਪਣਾ ਪੰਜਾਬ ਮਾਡਲ ਲਾਗੂ ਕਰਾਉਣ ਲਈ ਨਵਾਂ ਰਸਤਾ ਵੀ ਚੁਣ ਸਕਦੇ ਹਨ 'ਸਿੱਧੂ'
ਨਵਜੋਤ ਸਿੱਧੂ ਨੇ ਲੰਘੇ ਦਿਨ ਅਤੇ ਪਰਸੋਂ ਜੋ ਪੰਜਾਬ ਸਰਕਾਰ ਅਤੇ ਕੈ. ਅਮਰਿੰਦਰ ਸਿੰਘ ਦੀ ਐਸੀ-ਤੈਸੀ ਫੇਰੀ ਹੈ। ਉਸ ਤੋਂ ਸਪੱਸ਼ਟ ਹੈ ਕਿ ਸਿੱਧੂ ਹੁਣ ਆਪਣਾ ਪੰਜਾਬ ਮਾਡਲ ਲਾਗੂ ਕਰਵਾਉਣ ਲਈ ਕੋਈ ਨਵਾਂ ਰਸਤਾ ਵੀ ਚੁਣ ਸਕਦੇ ਹਨ। ਉਨ੍ਹਾਂ ਨੇ ‘ਜਗ ਬਾਣੀ’ ਕੋਲ ਜਿਹੜੇ ਪੰਜਾਬ ਮਾਡਲ ਦੀ ਗੱਲ ਕੀਤੀ ਹੈ, ਉਸ ਨੂੰ ਲਾਗੂ ਕਰਨ ਲਈ ਸਿੱਧੂ ਨੂੰ ਹੀ ਮੁੱਖ ਮੰਤਰੀ ਬਣਾਉਣਾ ਪਵੇਗਾ ਕਿਉਂਕਿ ਉਹ ਜਿਹੜੇ ਪੰਜਾਬ ਮਾਡਲ ਦੀ ਗੱਲ ਕਰ ਰਹੇ ਹਨ, ਉਸ ਨੂੰ ਹੋਰ ਕੋਈ ਵੀ ਲਾਗੂ ਹੀ ਨਹੀਂ ਕਰ ਸਕਦਾ। ਸਿੱਧੂ ਹਰ ਕੰਮ ’ਚ ਪਾਰਦਰਸ਼ਤਾ ਬਣਾ ਕੇ ਸੂਬੇ ਨੂੰ ਅਮੀਰ ਬਣਾਉਣਾ ਚਾਹੁੰਦੇ ਹਨ ਪਰ ਇਸ ਤਰ੍ਹਾਂ ਤਾਂ ਹੀ ਹੋਵੇਗਾ। ਜੇਕਰ ਸਿੱਧੂ ਦੇ ਹੱਥ ਪੰਜਾਬ ਦੇ ਮੁੱਖ ਮੰਤਰੀ ਦਾ ਅਹੁਦਾ ਲੱਗੇਗਾ ਅਤੇ ਉਹ ਇਸੇ ਏਜੰਡੇ ’ਤੇ ਚੱਲ ਰਹੇ ਹਨ। ਪਿਛਲੇ 3 ਦਿਨਾਂ ਤੋਂ ਚੱਲ ਰਹੇ ਘਟਨਾਕ੍ਰਮ ਇਹ ਸਪੱਸ਼ਟ ਕਰਦੇ ਹਨ ਕਿ ਜੇਕਰ ਹਾਈਕਮਾਂਡ ਨੇ ਆਉਣ ਵਾਲੇ ਕੁੱਝ ਦਿਨਾਂ ’ਚ ਨਵਜੋਤ ਸਿੰਘ ਸਿੱਧੂ ਲਈ ਕੋਈ ਠੋਸ ਫ਼ੈਸਲਾ ਨਾ ਕੀਤਾ ਤਾਂ ਉਹ ਕੋਈ ਨਵਾਂ ਰਸਤਾ ਵੀ ਚੁਣ ਸਕਦੇ ਹਨ।

ਇਹ ਵੀ ਪੜ੍ਹੋ : ਖੰਨਾ 'ਚ ਤੜਕੇ ਸਵੇਰੇ ਵਾਪਰਿਆ ਭਿਆਨਕ ਹਾਦਸਾ, 2 ਲੋਕਾਂ ਦੀ ਮੌਕੇ 'ਤੇ ਹੀ ਮੌਤ
ਅਮਰਿੰਦਰ ਨੂੰ ਵੀ ਨਾਰਾਜ਼ ਕਰ ਕੇ ਕੋਈ ਫ਼ੈਸਲਾ ਨਹੀਂ ਲੈਣਾ ਚਾਹੁੰਦੀ ਹਾਈਕਮਾਂਡ
ਕਾਂਗਰਸ ਦੀ ਦਿੱਲੀ ਹਾਈਕਮਾਂਡ ਨਵਜੋਤ ਸਿੱਧੂ ਵੱਲੋਂ ਪਟਿਆਲਾ ’ਚ ਕੀਤੀਆਂ ਵੱਡੀਆਂ-ਵੱਡੀਆਂ ਇੰਟਰਵਿਊਜ਼ ਤੋਂ ਬੇਹੱਦ ਪਰੇਸ਼ਾਨ ਹੈ ਪਰ ਹਾਈਕਮਾਂਡ ਸੂਬੇ ਦੀ ਚੋਣ ਸਿਰ ’ਤੇ ਹੋਣ ਕਾਰਨ ਕਿਸੇ ਵੀ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੀ। ਇਸ ਲਈ ਦਿੱਲੀ ’ਚ ਕੋਈ ਨਤੀਜਾ ਨਹੀਂ ਨਿਕਲ ਸਕਿਆ। ਆਉਣ ਵਾਲੇ ਦਿਨਾਂ ’ਚ ਇਹ ਲੜਾਈ ਵਧਣ ਦੀ ਸੰਭਾਵਨਾ ਬਣ ਗਈ ਹੈ।

ਇਹ ਵੀ ਪੜ੍ਹੋ : ਐਨਕਾਊਂਟਰ ਤੋਂ ਪਹਿਲਾਂ ਜੈਪਾਲ ਤੇ ਜੱਸੀ ਨਾਲ ਸੀ ਕੋਈ ਤੀਜਾ, ਪੁਲਸ ਨੂੰ ਫਲੈਟ 'ਚੋਂ ਮਿਲੇ ਅਹਿਮ ਸੁਰਾਗ
ਧੜੇਬੰਦੀ ਕਾਰਨ ਹੀ ਹਰਿਆਣਾ ’ਚ ਸਭ ਤੋਂ ਵੱਧ ਸੀਟਾਂ ਲੈ ਕੇ ਵਿਰੋਧੀ ਧਿਰ ’ਚ ਬੈਠੀ ਹੈ ਕਾਂਗਰਸ
ਕਾਂਗਰਸ ਦੀ ਧੜੇਬੰਦੀ ਕਾਰਨ ਗੁਆਂਢੀ ਸੂਬੇ ਹਰਿਆਣਾ ’ਚ ਵੀ ਕੁੱਝ ਸਮਾਂ ਪਹਿਲਾਂ ਹੋਈਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਸਭ ਤੋਂ ਵੱਧ ਸੀਟਾਂ ਲੈ ਕੇ ਵੀ ਸੱਤਾ ਤੋਂ ਬਾਹਰ ਬੈਠੀ ਹੈ, ਜਿੱਥੇ ਭਾਜਪਾ ਨੇ ਆਪਣੀ ਹਮਖਿਆਲੀ ਪਾਰਟੀ ਨੂੰ ਨਾਲ ਜੋੜ ਕੇ ਆਪਣੀ ਸਰਕਾਰ ਬਣਾ ਲਈ ਸੀ। ਕਾਂਗਰਸ ਦੇ ਮੰਥਨ ’ਚ ਇਹ ਵੀ ਸਪੱਸ਼ਟ ਆਇਆ ਸੀ ਕਿ ਹਰਿਆਣਾ ’ਚ 2 ਧੜਿਆਂ ਦੀ ਲੜਾਈ ਕਾਰਨ ਕੁੱਝ ਸੀਟਾਂ ਦੇ ਫਾਸਲੇ ’ਤੇ ਸਰਕਾਰ ਗੁਆਣੀ ਪਈ ਹੈ। ਕਾਂਗਰਸ ਹਾਈਕਮਾਂਡ ਪੰਜਾਬ ’ਚ ਹੁਣ ਕਿਸੇ ਤਰ੍ਹਾਂ ਦਾ ਖ਼ਤਰਾ ਲੈਣਾ ਨਹੀਂ ਚਾਹੁੰਦੀ।
ਪਟਿਆਲਾ ਰਹਿ ਕੇ 25 ਕਿੱਲੋ ਭਾਰ ਘਟਾ ਚੁੱਕੇ ਹਨ ਸਿੱਧੂ
ਨਵਜੋਤ ਸਿੰਘ ਸਿੱਧੂ ਲਗਭਗ 2 ਮਹੀਨਿਆਂ ਤੋਂ ਪਟਿਆਲਾ ਸ਼ਹਿਰ ’ਚ ਆਪਣੇ ਪਿਤਾ ਦੇ ਪੁਸ਼ਤੈਨੀ ਘਰ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਪਣੀ ਬੀਮਾਰੀ ਨੂੰ ਠੀਕ ਕਰਨ ਆਏ ਹਨ। ਜਦੋਂ ਇਹ ਠੀਕ ਹੋ ਗਈ ਤਾਂ ਉਹ ਅੰਮ੍ਰਿਤਸਰ ਵੱਲ ਕੂਚ ਕਰਨਗੇ। ਸਿੱਧੂ ਮੁਤਾਬਕ ਉਹ ਆਪਣਾ 25 ਕਿਲੋ ਦੇ ਕਰੀਬ ਭਾਰ ਘਟਾ ਚੁੱਕੇ ਹਨ। ਉਨ੍ਹਾਂ ਦਾ ਲੀਵਰ ਗ੍ਰੇਡ-3 ’ਤੇ ਚਲਾ ਗਿਆ ਸੀ। ਹੁਣ 2 ਮਹੀਨਿਆਂ ’ਚ ਠੀਕ ਹੋਣ ਤੋਂ ਬਾਅਦ ਤਕਰੀਬਨ ਗ੍ਰੇਡ-1 ’ਤੇ ਆ ਰਿਹਾ ਹੈ। ਇਸ ਲਈ ਉਹ 2 ਮਹੀਨੇ ਬਾਅਦ ਇਸ ਮਘਦੀ ਲੜਾਈ ’ਚ ਮੁੜ ਅੰਮ੍ਰਿਤਸਰ ਜਾ ਸਕਦੇ ਹਨ।
ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀਆਂ ਦੇਣ ਦੇ ਮਾਮਲੇ ’ਚ ਵੀ ਅਮਰਿੰਦਰ ਬੁਰੀ ਤਰ੍ਹਾਂ ਘਿਰੇ
ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀਆਂ ਦੇਣ ਦੇ ਮਾਮਲੇ ’ਚ ਵੀ ਕੈਪਟਨ ਅਮਰਿੰਦਰ ਸਿੰਘ ਬੁਰੀ ਤਰ੍ਹਾਂ ਘਿਰੇ ਹੋਏ ਹਨ। ਕਾਂਗਰਸ ਦੇ ਅੰਦਰੋਂ ਵੀ ਜਿੱਥੇ ਇਸ ਦਾ ਜ਼ਬਰਦਸਤ ਵਿਰੋਧ ਹੋਇਆ ਹੈ, ਉੱਥੇ ਸੂਬੇ ਦੀਆਂ 2 ਪ੍ਰਮੁੱਖ ਪਾਰਟੀਆਂ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੇ ਵੀ ਅਮਰਿੰਦਰ ਨੂੰ ਘੇਰਿਆ ਹੈ। ਜਾਣਕਾਰੀ ਅਨੁਸਾਰ ਦਿੱਲੀ ਹਾਈਕਮਾਂਡ ਕੋਲ ਵੀ ਇਸ ਗੱਲ ਨੂੰ ਲੈ ਕੇ ਕਾਫੀ ਗਰਮਾ-ਗਰਮੀ ਹੋਈ ਹੈ। ਹੁਣ ਦੇਖਣਾ ਇਹ ਹੈ ਕਿ ਆਉਣ ਵਾਲੇ ਦਿਨਾਂ ’ਚ ਇਸ ਦੇ ਨਤੀਜੇ ਕੀ ਨਿਕਲਦੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Babita

Content Editor

Related News