ਕੈਪਟਨ-ਸਿੱਧੂ ਦੇ ਸਮਰਥਕਾਂ ਵਿਚਾਲੇ ਹੁਣ ਨਵੀਂ ਜੰਗ! ਦਿਲਚਸਪ ਗੱਲ ਆਈ ਸਾਹਮਣੇ
Thursday, Jun 10, 2021 - 08:51 AM (IST)
ਪਟਿਆਲਾ (ਰਾਜੇਸ਼ ਪੰਜੌਲਾ) : ਟਵੀਟ ਤੇ ਸ਼ਬਦੀ ਜੰਗ ਤੋਂ ਬਾਅਦ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਸਮਰਥਕਾਂ ’ਚ ਪੋਸਟਰ ਜੰਗ ਸ਼ੁਰੂ ਹੋ ਗਈ ਹੈ। ਜਿੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਮਰਥਕਾਂ ਨੇ ‘ਕੈਪਟਨ ਇੱਕੋ ਹੀ ਹੁੰਦੈ, ਪੰਜਾਬ ਦਾ ਕੈਪਟਨ ਅਮਰਿੰਦਰ ਸਿੰਘ’ ਅਤੇ ‘ਸਾਡਾ ਸਾਂਝਾ ਨਾਅਰਾ, ਕੈਪਟਨ ਹੀ ਦੁਬਾਰਾ’ ਦੇ ਜਗ੍ਹਾ-ਜਗ੍ਹਾ ਪੋਸਟਰ ਅਤੇ ਹੋਰਡਿੰਗ ਲਾਏ ਹਨ, ਉੱਥੇ ਹੀ ਨਵਜੋਤ ਸਿੰਘ ਸਿੱਧੂ ਸਮਰਥਕਾਂ ਨੇ ਨਵਜੋਤ ਸਿੰਘ ਸਿੱਧੂ ਦੇ ਹੱਕ ’ਚ ਪੋਸਟਰ ਤੇ ਹੋਰਡਿੰਗ ਲਾ ਕੇ ਇਕ ਨਵੀਂ ਜੰਗ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : 'ਮਾਝਾ ਬ੍ਰਿਗੇਡ' ਦੇ ਮੁਕਾਬਲੇ ਲਈ ਕੈਪਟਨ ਨੇ ਘੜੀ ਰਣਨੀਤੀ, ਇਕ ਤੀਰ ਨਾਲ ਲਾਏ 2 ਨਿਸ਼ਾਨੇ
ਸਿੱਧੂ ਸਮਰਥਕ ਯੂਥ ਆਗੂ ਸ਼ੈਰੀ ਰਿਆੜ ਨੇ ਸੀ. ਐੱਮ. ਸਿਟੀ ’ਚ ‘ਸਾਰਾ ਪੰਜਾਬ ਸਿੱਧੂ ਦੇ ਨਾਲ, ਕਿਸਾਨਾਂ ਦੀ ਆਵਾਜ਼, ਮੰਗਦਾ ਹੈ ਪੰਜਾਬ ਗੁਰੂ ਦੀ ਬੇਅਦਬੀ ਦਾ ਹਿਸਾਬ’ ਦੇ ਪੋਸਟਰ ਲਾਏ ਹਨ। ਇਸ ਦੌਰਾਨ ਦਿਲਚਸਪ ਗੱਲ ਇਹ ਸਾਹਮਣੇ ਆਈ ਕਿ ਸਿੱਧੂ ਸਮਰਥਕ ਦੇ ਇਨ੍ਹਾਂ ਪੋਸਟਰਾਂ ’ਤੇ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਧਰਮ ਪਤਨੀ ਨਵਜੋਤ ਕੌਰ ਸਿੱਧੂ ਨੂੰ ਹਾਈਲਾਈਟ ਕੀਤਾ ਗਿਆ ਹੈ, ਜਦੋਂ ਕਿ ਇਸ ਪੋਸਟਰ ’ਚੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਸਵੀਰ ਗਾਇਬ ਕੀਤੀ ਗਈ ਹੈ।
ਤਸਵੀਰ ’ਚ ਸਾਬਕਾ ਪ੍ਰਧਾਨ ਡਾ. ਮਨਮੋਹਨ ਸਿੰਘ, ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਆਲ ਇੰਡੀਆ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਦੀਆਂ ਤਸਵੀਰਾਂ ਲਾਈਆਂ ਗਈਆਂ ਹਨ।
ਇਨ੍ਹਾਂ ਪੋਸਟਰਾਂ ’ਚ ਪੰਜਾਬ ਦੇ ਹੋਰ ਕਿਸੇ ਕਾਂਗਰਸੀ ਆਗੂ ਦੀ ਤਸਵੀਰ ਨਹੀਂ ਲਾਈ ਗਈ। ਦੂਜੇ ਪਾਸੇ ਕੈਪਟਨ ਸਮਰਥਕਾਂ ਨੇ ਵੀ ਆਪਣੇ ਹੋਰਡਿੰਗਾਂ ’ਤੇ ਸਿਰਫ ਕੈਪਟਨ ਪਰਿਵਾਰ ਦੀਆਂ ਤਸਵੀਰਾਂ ਲਾਈਆਂ ਹਨ। ਹਰ ਹਲਕੇ ਦੇ ਕੈਪਟਨ ਸਮਰਥਕ ਨੇ ਆਪਣੇ ਹਲਕੇ ਦੇ ਵਿਧਾਇਕ ਦੀ ਤਸਵੀਰ ਲਾ ਕੇ ਅਜਿਹੇ ਪੋਸਟਰ ਲਾਏ ਹਨ। ਇਹ ਜੰਗ ਕੀ ਰੂਪ ਧਾਰਨ ਕਰੇਗੀ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ