ਐਕਸਾਈਜ਼ ਵਿਭਾਗ ਦੇ ਮੰਤਰੀ ਹੋਣ ਕਾਰਨ ਕੈਪਟਨ ਤੁਰੰਤ ਅਹੁਦੇ ਤੋਂ ਅਸਤੀਫਾ ਦੇਣ : ਬੀਰ ਦਵਿੰਦਰ
Sunday, Aug 02, 2020 - 11:18 PM (IST)
ਪਟਿਆਲਾ, (ਰਾਜੇਸ਼)- ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੋਈਆਂ 86 ਦਰਦਨਾਕ ਮੌਤਾਂ ਤੋਂ ਬਾਅਦ ਪੰਜਾਬੀ ਇਹ ਕਹਿਣ ਲਈ ਮਜਬੂਰ ਹੋ ਗਏ ਹਨ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਪੰਜਾਬ ਲਈ ਸ਼ਰਾਪ ਬਣ ਚੁੱਕੀ ਹੈ। ਪੰਜਾਬ ਦੇ ਲੋਕ ਮੁੱਖ ਮੰਤਰੀ ਤੋਂ ਜਵਾਬ ਮੰਗਦੇ ਹਨ ਕਿ ਅਸਲ ਮੁਜ਼ਰਿਮਾਂ ਨੂੰ ਬਚਾਉਣ ਲਈ ਮੁਅੱਤਲੀਆਂ ਦੀ ਗਾਜ਼ ਕੇਵਲ ਹੇਠਲੇ ਕਰਮਚਾਰੀਆਂ ’ਤੇ ਕਦੋਂ ਤੱਕ ਡਿੱਗਦੀ ਰਹੇਗੀ? ਕੀ ਇਹ ਦੁਖਾਂਤ ਮੁੱਖ ਮੰਤਰੀ ਦੀ ਨਜ਼ਰ ’ਚ ਇਨਾ ਹੀ ਛੋਟਾ ਹੈ ਕਿ ਦਰਦਨਾਕ ਮੌਤਾਂ ਤੋਂ ਬਾਅਦ 7 ਆਬਕਾਰੀ ਮਹਿਕਮੇ ਦੇ ਅਫਸਰ ਅਤੇ 6 ਪੁਲਸ ਕਰਮਚਾਰੀ ਮੁਅੱਤਲ ਕਰਨ ਨਾਲ ਮੌਤ ਦਾ ਤਾਂਡਵ ਸ਼ਾਂਤ ਹੋ ਜਾਵੇਗਾ? ਮੁੱਖ ਮੰਤਰੀ ਖੁਦ ਆਪਣੀ ਬਣਦੀ ਜ਼ਿੰਮੇਦਾਰੀ ਤੋਂ ਪੱਲਾ ਕਿਊਂ ਝਾਡ਼ ਰਹੇ ਹਨ? ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੋਲ ਐਕਸਾਈਜ਼ ਵਿਭਾਗ ਹੈ। ਲਿਹਾਜ਼ਾ ਉਨ੍ਹਾਂ ਨੂੰ ਤੁਰੰਤ ਇਸ ਅਹੁਦੇ ਤੋਂ ਨੈਤਿਕਤਾ ਦੇ ਆਧਾਰ ’ਤੇ ਅਸਤੀਫਾ ਦੇਣਾ ਚਾਹੀਦਾ ਹੈ।
ਮੁੱਖ ਮੰਤਰੀ ਨੇ ਆਪਣੀ ਕੈਬਨਿਟ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਸਥਾਨਕ ਸਰਕਾਰ ਵਿਭਾਗ ਸਿਰਫ ਇਸ ਲਈ ਬਦਲ ਦਿੱਤਾ ਸੀ ਕਿ 2019 ਦੀਆਂ ਲੋਕ ਸਭਾ ਚੋਣਾਂ ’ਚ ਸ਼ਹਿਰਾਂ ’ਚ ਕਾਂਗਰਸ ਪਾਰਟੀ ਦੀ ਹਾਰ ਹੋ ਚੁੱਕੀ ਸੀ। ਜਦੋਂ ਲੋਕ ਸਭਾ ਸੀਟਾਂ ਹਾਰਨ ਕਾਰਨ ਇਕ ਮੰਤਰੀ ਦਾ ਵਿਭਾਗ ਬਦਲਿਆ ਜਾ ਸਕਦਾ ਹੈ ਤਾਂ ਇਨੀਆਂ ਬੇਸ਼ਕੀਮਤੀ ਜਾਨਾਂ ਜਿਸ ਵਿਭਾਗ ਦੇ ਇੰਚਾਰਜ਼ ਮੰਤਰੀ ਦੇ ਕਾਰਜਕਾਲ ’ਚ ਚਲੀਆਂ ਗਈਆਂ ਹੋਣ, ਉਸ ਨੂੰ ਅਸਤੀਫਾ ਕਿਉਂ ਨਹੀਂ ਦੇਣਾ ਚਾਹੀਦਾ।
ਜੇਕਰ ਮੁੱਖ ਮੰਤਰੀ ਦਾ ਦਾਮਨ ਇਸ ਮਾਮਲੇ ’ਚ ਪਾਕ ਤੇ ਸਾਫ਼ ਹੈ ਤਾਂ ਤੁਰੰਤ ਪ੍ਰਭਾਵ ਨਾਲ ਨਕਲੀ ਸ਼ਰਾਬ ਦੇ ਕਾਰੋਬਾਰ, ਨਾਜਾਇਜ਼ ਸ਼ਰਾਬ ਫੈਕਟਰੀਆਂ ਅਤੇ ਜ਼ਹਿਰੀਲੀ ਨਕਲੀ ਸ਼ਰਾਬ ਪੀਣ ਕਾਰਨ ਹੋਈਆਂ 86 ਦਰਦਨਾਕ ਮੌਤਾਂ ਦੀ ਪਡ਼ਤਾਲ ਬਿਨ੍ਹਾਂ ਦੇਰੀ ਕੀਤਿਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮੁੱਖ ਜੱਜ ਦੀ ਮਨਜ਼ੂਰੀ ਨਾਲ ਇਹ ਪਡ਼ਤਾਲ ਤੁਰੰਤ ਕਿਸੇ ਵੀ ਮੁਕਾਮੀ ਜੱਜ ਦੇ ਹਵਾਲੇ ਕੀਤੀ ਜਾਵੇ।
ਆਖਿਰ ਇਸ ਗੱਲ ਦਾ ਕੈਪਟਨ ਅਮਰਿੰਦਰ ਸਿੰਘ ਪਾਸ ਕੀ ਜਵਾਬ ਹੈ ਕਿ ਮੁੱਖ ਮੰਤਰੀ ਦੇ ਗ੍ਰਹਿ ਜ਼ਿਲੇ ਅਤੇ ਉਨ੍ਹਾਂ ਦੀ ਧਰਮਪਤਨੀ ਪਰਨੀਤ ਕੌਰ ਦੇ ਲੋਕ ਸਭਾ ਹਲਕਾ ਪਟਿਆਲਾ ਦੇ ਹੀ 2 ਵਿਧਾਨ ਸਭਾ ਹਲਕੇ, ਰਾਜਪੁਰਾ ਅਤੇ ਘਨੌਰ ਹੀ ਸ਼ਰਾਬ ਮਾਫੀਏ ਦੇ ਅਤੇ ਅੰਤਰਰਾਜ਼ੀ ਜੂਏ ਦੇ ਅੱਡੇ ਕਿਊਂ ਬਣੇ ਹੋਏ ਹਨ? ਇਨ੍ਹਾਂ ਬਦਨਾਮ ਅੱਡਿਆਂ ਅਤੇ ਮਾਫੀਆ ਗਿਰੋਹਾਂ ਦੇ ਰਾਜਨੀਤਕ ਸਰਗੁਣਿਆਂ ਨੂੰ, ਜਿਨ੍ਹਾਂ ਦੀਆਂ ਤਾਰਾਂ ‘ਸਾਰਾਗਡ਼ੀ ਫਾਰਮ’ ਅਤੇ ਮੁੱਖ ਮੰਤਰੀ ਪਰਿਵਾਰ ਨਾਲ ਸਿੱਧੀਆਂ ਜੁਡ਼ੀਆਂ ਹੋਈਆਂ ਹਨ, ਲੋਕ ਜਾਨਣਾ ਚਾਹੁੰਦੇ ਹਨ ਕਿ ਉਹ ਕਥਿੱਤ ‘ਅਪਰਾਧੀ’ ਕਾਨੂੰਨ ਦੀ ਜ਼ੱਦ ਹੇਠ ਆ ਕੇ, ਜੇਲ ਦੀਆਂ ਸਲਾਖਾਂ ਪਿੱਛੇ ਕਦੋਂ ਜਾਣਗੇ।