ਸਿੱਧੂ ਦੇ ਸਲਾਹਕਾਰਾਂ ਖ਼ਿਲਾਫ਼ ਬੋਲਣ ਤੋਂ ਪਹਿਲਾਂ ਕੈਪਟਨ ਪੰਜਾਬ ਦੀ ਜਨਤਾ ਨੂੰ ਆਪਣੇ ਸਲਾਹਕਾਰਾਂ ਦਾ ਹਿਸਾਬ ਦੇਵੇ : ਬੀਰ ਦਵਿੰਦਰ
Tuesday, Aug 24, 2021 - 11:47 AM (IST)

ਪਟਿਆਲਾ (ਰਾਜੇਸ਼ ਪੰਜੌਲਾ) : ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਹਮਲਾ ਬੋਲਦਿਆਂ ਕਿਹਾ ਕਿ ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰਾਂ ਖ਼ਿਲਾਫ਼ ਬੋਲਣ ਤੋਂ ਪਹਿਲਾਂ ਆਪਣੇ ਸਲਾਹਕਾਰਾਂ, ਓ. ਐੱਸ. ਡੀ. ਅਤੇ ਹੋਰ ਅਮਲੇ ਦਾ ਪੰਜਾਬ ਦੀ ਜਨਤਾ ਨੂੰ ਹਿਸਾਬ ਦੇਣ। ਉਨ੍ਹਾਂ ਕਿਹਾ ਕਿ ਇਕ ਪਾਸੇ ਖਜ਼ਾਨਾ ਖਾਲੀ ਹੋਣ ਦੀ ਗੱਲ ਕੀਤੀ ਜਾ ਰਹੀ ਹੈ, ਜਦੋਂ ਕਿ ਦੂਜੇ ਪਾਸੇ ਮੁੱਖ ਮੰਤਰੀ ਨੇ ਆਪਣੇ ਨਾਲ ਸਲਾਹਕਾਰ, ਸੀਨੀਅਰ ਸਲਾਹਕਾਰ, ਓ. ਐੱਸ. ਡੀ., ਸਕੱਤਰ ਅਤੇ ਹੋਰ ਕਈ ਤਰ੍ਹਾਂ ਦੀਆਂ ਪੋਸਟਾਂ ’ਤੇ ਰਾਜਨੀਤਕ ਬੰਦੇ ਭਰਤੀ ਕਰ ਕੇ ਪੰਜਾਬ ਦਾ ਖਜ਼ਾਨਾ ਆਪਣੇ ਚਹੇਤਿਆਂ ਨੂੰ ਲੁਟਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਤੇ ਉਨ੍ਹਾਂ ਦੀ ਟੀਮ ਖ਼ਿਲਾਫ਼ ਦੇਸ਼ ਧ੍ਰੋਹ ਦਾ ਮੁਕੱਦਮਾ ਦਰਜ ਕੀਤਾ ਜਾਵੇ : ਬਿਕਰਮ ਮਜੀਠੀਆ
ਸਿੱਧੂ ਦੇ ਸਲਾਹਕਾਰਾਂ ਡਾ. ਪਿਆਰੇ ਲਾਲ ਗਰਗ ਅਤੇ ਮਾਲਵਿੰਦਰ ਸਿੰਘ ਮਾਲੀ ਦੇ ‘ਤਰਕਸ਼ੀਲ’ ਬਿਆਨਾਂ ਖ਼ਿਲਾਫ਼ ਮੁੱਖ ਮੰਤਰੀ ਨੇ ਜੋ ਬਿਆਨਬਾਜ਼ੀ ਕੀਤੀ ਹੈ, ਉਹ ਕਾਂਗਰਸ ਦਾ ਅੰਦਰੂਨੀ ਮਸਲਾ ਹੈ, ਉਸ ਦਾ ਪੰਜਾਬ ਜਾਂ ਦੇਸ਼ ਨਾਲ ਕੋਈ ਸਬੰਧ ਨਹੀਂ। ਕਿਉਂਕਿ ਅਜਿਹਾ ਕਰ ਕੇ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਹਾਈਕਮਾਂਡ ਵੱਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਥਾਪੇ ਗਏ ਸਿੱਧੂ ਨੂੰ ਥੱਲੇ ਲਾਉਣ ਲਈ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਕਿਸੇ ਨੂੰ ਕੈਬਨਿਟ ਰੈਂਕ, ਕਿਸੇ ਨੂੰ ਰਾਜ ਮੰਤਰੀ ਰੈਂਕ ਦੇ ਕੇ ਆਪਣੇ ਚਹੇਤਿਆਂ ਦੀ ਇਕ ਫੌਜ ਖਡ਼੍ਹੀ ਕੀਤੀ ਹੈ, ਜਿਨ੍ਹਾਂ ’ਤੇ ਹਰ ਸਾਲ ਪੰਜਾਬ ਦੇ ਖਜ਼ਾਨੇ ਦਾ ਲਗਭਗ 100 ਕਰੋਡ਼ ਰੁਪਏ ਖਰਚ ਹੁੰਦੇ ਹਨ। ਜੇਕਰ ਕੈ. ਅਮਰਿੰਦਰ ਸਿੰਘ ਹਕੀਕਤ ’ਚ ਪੰਜਾਬ ਦੇ ਹਮਦਰਦ ਹਨ ਤਾਂ ਉਹ ਤੁਰੰਤ ਮੁੱਖ ਮੰਤਰੀ ਦਫ਼ਤਰ ’ਚ ਰਿਟਾਇਰ ਅਫਸਰਾਂ, ਸਲਾਹਕਾਰਾਂ, ਸੀਨੀਅਰ ਸਲਾਹਕਾਰਾਂ, ਓ. ਐੱਸ. ਡੀ., ਸਕੱਤਰਾਂ ਨੂੰ ਤੁਰੰਤ ਡਿਊਟੀ ਤੋਂ ਫਾਰਗ ਕਰ ਕੇ ਹਰ ਸਾਲ ਪੰਜਾਬ ਦਾ 100 ਕਰੋੜ ਰੁਪਿਆ ਬਚਾਉਣ।
ਇਹ ਵੀ ਪੜ੍ਹੋ : ਕੈਪਟਨ ਵਰਗਾ ਝੂਠਾ ਨਹੀਂ ਵੇਖਿਆ, ਅਕਾਲੀ ਦਲ ਪੰਜਾਬ ਤੇ ਪੰਜਾਬੀਆਂ ਦੀ ਪਾਰਟੀ : ਸੁਖਬੀਰ ਬਾਦਲ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ