ਥਰਮਲ ਬੰਦ ਕਰਨ ਦੇ ਵਿਰੋਧ ''ਚ ਕੈਪਟਨ ਸਰਕਾਰ ਦੀ ਅਰਥੀ ਸਾੜੀ

01/01/2018 7:12:39 AM

ਸਰਦੂਲਗੜ੍ਹ, (ਚੋਪੜਾ)- ਬਠਿੰਡਾ ਥਰਮਲ ਪਲਾਂਟ ਤੇ ਰੋਪੜ ਥਰਮਲ ਦੇ ਦੋ ਯੂਨਿਟ ਪੱਕੇ ਤੌਰ 'ਤੇ ਬੰਦ ਕਰਨ ਦੇ ਪੰਜਾਬ ਸਰਕਾਰ ਦੇ ਫੈਸਲੇ ਦੇ ਵਿਰੋਧ ਵਿਚ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਸਟੇਟ ਕਮੇਟੀ ਦੇ ਸੱਦੇ 'ਤੇ ਪਾਰਟੀ ਦੀ ਸਥਾਨਕ ਇਕਾਈ ਵੱਲੋਂ ਰੋੜਕੀ ਚੌਕ ਵਿਚ ਕੈਪਟਨ ਸਰਕਾਰ ਦੀ ਅਰਥੀ ਸਾੜੀ ਗਈ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਪਾਰਟੀ ਦੇ ਜ਼ਿਲਾ ਸਕੱਤਰ ਕਾਮਰੇਡ ਲਾਲ ਚੰਦ ਨੇ ਕਿਹਾ ਕਿ ਕਾਰਪੋਰੇਟ ਘਰਾਣਿਆਂ ਦੇ ਪ੍ਰਾਈਵੇਟ ਥਰਮਲਾਂ ਅਤੇ ਸੋਲਰ ਪਲਾਂਟਾਂ ਦੀ ਮਹਿੰਗੀ ਬਿਜਲੀ ਖਰੀਦ ਕਰ ਕੇ ਉਨ੍ਹਾਂ ਨੂੰ ਆਰਥਕ ਲਾਭ ਪਹੁੰਚਾਉਣ ਲਈ ਇਹ ਲੋਕ ਵਿਰੋਧੀ ਫੈਸਲਾ ਲਿਆ ਗਿਆ ਹੈ।
ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਇਸ ਫੈਸਲੇ ਨੂੰ ਜਾਇਜ਼ ਠਹਿਰਾਉਣ ਲਈ ਝੂਠ ਦਾ ਸਹਾਰਾ ਲਿਆ ਜਾ ਰਿਹਾ ਹੈ, ਜਦੋਂ ਕਿ ਬਠਿੰਡਾ ਥਰਮਲ ਪੂਰੇ ਲੋਡ 'ਤੇ ਚਲਾਉਣ ਨਾਲ ਸਾਢੇ ਚਾਰ ਰੁਪਏ ਪ੍ਰਤੀ ਯੂਨਿਟ ਪੈਦਾ ਕਰਦਾ ਹੈ ਅਤੇ ਦੂਜੇ ਪਾਸੇ ਪ੍ਰਾਈਵੇਟ ਸੋਲਰਾਂ ਤੋਂ ਬਿਜਲੀ 18 ਰੁਪਏ 72 ਪੈਸੇ ਪ੍ਰਤੀ ਯੂਨਿਟ ਖਰੀਦੀ ਜਾ ਰਹੀ ਹੈ। ਇਸ ਫੈਸਲੇ ਨਾਲ ਜਿੱਥੇ ਲੋਕਾਂ ਨੂੰ ਮਹਿੰਗੀ ਬਿਜਲੀ ਮਿਲਣੀ ਹੈ, ਉੱਥੇ ਥਰਮਲਾਂ 'ਚ ਕੰਮ ਕਰਦੇ ਕਾਮਿਆਂ ਦੇ ਰੁਜ਼ਗਾਰ ਨੂੰ ਭਾਰੀ ਸੱਟ ਵੱਜਣੀ ਹੈ। ਬਾਦਲ ਸਰਕਾਰ ਵੱਲੋਂ ਬਿਜਲੀ ਦੇ ਪਬਲਿਕ ਅਦਾਰਿਆਂ ਨੂੰ ਖਤਮ ਕਰਨ, ਥਰਮਲ ਬਠਿੰਡਾ ਦੀ 2200 ਏਕੜ ਜ਼ਮੀਨ ਅਤੇ ਰਿਹਾਇਸ਼ੀ ਕਾਲੋਨੀਆਂ ਨੂੰ ਵੇਚਣ ਵਰਗੇ ਫੈਸਲਿਆਂ 'ਤੇ ਮੋਹਰ ਲਾ ਕੇ ਕੈਪਟਨ ਸਰਕਾਰ ਉਨ੍ਹਾਂ ਹੀ ਨੀਤੀਆਂ ਦੀ ਝੰਡਾ ਬਰਦਾਰ ਬਣ ਗਈ ਹੈ। ਹਰ ਘਰ ਵਿਚ ਇਕ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕਰ ਕੇ ਸੱਤਾ ਵਿਚ ਆਈ ਕਾਂਗਰਸ ਦੀ ਇਹ ਸਰਕਾਰ ਲੋਕਾਂ ਤੋਂ ਰੁਜ਼ਗਾਰ ਖੋਹਣ ਦੇ ਰਾਹ ਤੁਰ ਪਈ ਹੈ। ਇਸ ਮੌਕੇ ਥਰਮਲ ਕਾਮਿਆਂ ਵੱਲੋਂ ਲੜੇ ਜਾ ਰਹੇ ਘੋਲ ਨੂੰ ਪੁਰਜ਼ੋਰ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪਾਰਟੀ ਦੇ ਤਹਿਸੀਲ ਕਮੇਟੀ ਦੇ ਆਗੂ ਗੁਰਦੇਵ ਸਿੰਘ ਲੋਹਗੜ੍ਹ, ਨੌਜਵਾਨ ਆਗੂ ਬੰਸੀ ਲਾਲ, ਮਨਪ੍ਰੀਤ ਸਿੰਘ, ਪੰਜਾਬ ਨਿਰਮਾਣ ਯੂਨੀਅਨ ਦੇ ਸਾਥੀ ਦਰਸ਼ਨ ਸਿੰਘ, ਗਣੇਸ਼ ਕੁਮਾਰ ਰਾਮੂ, ਜੋਗਿੰਦਰ ਪਾਲ, ਤਾਰਾ ਸਿੰਘ, ਦਿਹਾਤੀ ਮਜ਼ਦੂਰ ਸਭਾ ਦੇ ਸੁਖਦੇਵ ਸਿੰਘ, ਕਸ਼ਮੀਰ ਸਿੰਘ, ਕੇਵਲ ਸਿੰਘ ਆਦਿ ਹਾਜ਼ਰ ਸਨ।


Related News