ਕੈਪਟਨ ਦੀ ਰਿਹਾਇਸ਼ ਘੇਰਨ ਜਾ ਰਹੇ ਭਾਜਯੁਮੋ ਵਰਕਰਾਂ 'ਤੇ ਪੁਲਸ ਵੱਲੋਂ ਪਾਣੀ ਦੀਆਂ ਵਾਛੜਾਂ, ਅੱਥਰੂ ਗੈਸ ਵੀ ਛੱਡੀ
Tuesday, Jul 06, 2021 - 09:49 AM (IST)
ਚੰਡੀਗੜ੍ਹ (ਸ਼ਰਮਾ) : ਪੰਜਾਬ ਦੀ ਕਾਂਗਰਸ ਸਰਕਾਰ ਖ਼ਿਲਾਫ਼ ਫ਼ੈਸਲਾਕੁੰਨ ਲੜਾਈ ਦਾ ਬਿਗੁਲ ਵਜਾਉਂਦਿਆਂ ਸੂਬਾ ਭਾਜਯੁਮੋ ਸੂਬਾ ਪ੍ਰਧਾਨ ਭਾਨੂ ਪ੍ਰਤਾਪ ਰਾਣਾ ਦੀ ਪ੍ਰਧਾਨਗੀ ਹੇਠ ਹਜ਼ਾਰਾਂ ਵਰਕਰਾਂ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਖ਼ਿਲਾਫ਼ ਰੋਸ-ਪ੍ਰਦਰਸ਼ਨ ਕੀਤਾ। ਇਸ ਮੌਕੇ ਸੂਬਾ ਭਾਜਪਾ ਦੇ ਜਨਰਲ ਸਕੱਤਰ ਡਾ. ਸੁਭਾਸ਼ ਸ਼ਰਮਾ ਅਤੇ ਸੂਬਾ ਸਕੱਤਰ ਅਤੇ ਭਾਜਯੁਮੋ ਦੇ ਸੂਬਾ ਇੰਚਾਰਜ ਰਾਜੇਸ਼ ਹਨੀ ਦੀ ਅਗਵਾਈ ਹੇਠ ਜਦੋਂ ਭਾਜਯੁਮੋ ਵਰਕਰ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਲਈ ਅੱਗੇ ਵਧੇ ਤਾਂ ਪੁਲਸ ਨੇ ਉਨ੍ਹਾਂ ਨੂੰ ਬੈਰੀਕੇਡ ਲਾ ਕੇ ਰੋਕਣ ਦੀ ਕੋਸ਼ਿਸ਼ ਕੀਤੀ। ਬੈਰੀਕੇਡ ਤੋੜਨ ’ਤੇ ਪੁਲਸ ਨੇ ਪਾਣੀ ਦੀਆਂ ਵਾਛੜਾਂ ਅਤੇ ਅੱਥਰੂ ਗੈਸ ਦੀ ਵਰਤੋਂ ਕੀਤੀ ਪਰ ਪਾਰਟੀ ਵਰਕਰਾਂ ਦੇ ਉਤਸ਼ਾਹ ਸਾਹਮਣੇ ਇਹ ਕੋਸ਼ਿਸ਼ ਅਸਫ਼ਲ ਸਾਬਿਤ ਹੋਈ।
ਪੁਲਸ ਨੇ ਮਾਮਲਾ ਸ਼ਾਂਤ ਨਾ ਹੁੰਦੇ ਵੇਖ ਆਖ਼ਰਕਾਰ ਭਾਜਯੁਮੋ ਆਗੂਆਂ ਅਤੇ ਵਰਕਰਾਂ ਨੂੰ ਗ੍ਰਿਫ਼ਤਾਰ ਕਰ ਲਿਆ, ਜਿਨ੍ਹਾਂ ਨੂੰ ਬਾਅਦ ਵਿਚ ਰਿਹਾਅ ਕਰ ਦਿੱਤਾ ਗਿਆ। ਭਾਨੂ ਪ੍ਰਤਾਪ ਨੇ ਕਿਹਾ ਕਿ ਸੂਬੇ ਵਿਚ ਪੁਲਸ ਦੀ ਨੱਕ ਹੇਠ ਨਸ਼ਿਆਂ ਦਾ ਕਾਰੋਬਾਰ ਪ੍ਰਫੁੱਲਿਤ ਹੋ ਚੁੱਕਾ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਨੂੰ ਰੋਕਣ ਵਿਚ ਪੂਰੀ ਤਰ੍ਹਾਂ ਅਸਫ਼ਲ ਸਾਬਿਤ ਹੋਏ ਹਨ। ਮੁੱਖ ਮੰਤਰੀ ਨੇ ਪੰਜਾਬ ਨੂੰ ਨਸ਼ਾ ਵੇਚਣ ਵਾਲਿਆਂ ਦੇ ਹੱਥ ਵੇਚ ਦਿੱਤਾ ਹੈ। ਸ਼ਰਾਬ ਕਾਰੋਬਾਰੀ ਪੁਲਸ ਅਤੇ ਨਿਯਮਾਂ ਦੀਆਂ ਧੱਜੀਆਂ ਉਡਾਉਂਦਿਆਂ 24 ਘੰਟੇ ਠੇਕੇ ਖੋਲ੍ਹ ਕੇ ਸ਼ਰਾਬ ਵੇਚਦੇ ਹਨ। ਡਰੱਗ ਮਾਫੀਆ ਨਿਡਰ ਹੋ ਕੇ ਆਪਣਾ ਕੰਮ ਪੁਲਸ ਦੀ ਨੱਕ ਹੇਠ ਕਰ ਰਹੇ ਹਨ ਅਤੇ ਪੁਲਸ ਉਨ੍ਹਾਂ ਨੂੰ ਹੱਥ ਨਹੀਂ ਪਾ ਸਕਦੀ, ਕਿਉਂਕਿ ਇਹ ਸਭ ਕਾਂਗਰਸੀ ਆਗੂਆਂ ਦੀ ਸਰਪ੍ਰਸਤੀ ਹੇਠ ਹੋ ਰਿਹਾ ਹੈ।
ਮੁੱਖ ਮੰਤਰੀ ਖੁਦ ਆਪਣੇ ਕਾਂਗਰਸੀਆਂ ਨੂੰ ਫੜ੍ਹੇ ਜਾਣ ’ਤੇ ਕਲੀਨ ਚਿੱਟ ਦੇ ਕੇ ਉਨ੍ਹਾਂ ਨੂੰ ਹੱਲਾਸ਼ੇਰੀ ਦਿੰਦੇ ਹਨ। ਭਾਜਪਾ ਦੇ ਸੂਬਾ ਜਨਰਲ ਸਕੱਤਰ ਡਾ. ਸੁਭਾਸ਼ ਸ਼ਰਮਾ ਨੇ ਕਿਹਾ ਕਿ ਕੈਪਟਨ ਨੇ ਚੋਣਾਂ ਤੋਂ ਪਹਿਲਾਂ ਪਵਿੱਤਰ ਗੁਟਕਾ ਸਾਹਿਬ ਹੱਥ ਵਿਚ ਲੈ ਕੇ ਚਾਰ ਹਫ਼ਤਿਆਂ ਵਿਚ ਨਸ਼ਿਆਂ ਨੂੰ ਖਤਮ ਕਰਨ ਦੀ ਸਹੁੰ ਖਾਧੀ ਸੀ ਪਰ ਅੱਜ ਤੱਕ ਸੂਬੇ ਵਿਚ ਨਸ਼ਾ ਖ਼ਤਮ ਕਰਨਾ ਤਾਂ ਬਹੁਤ ਦੂਰ, ਉਲਟਾ ਬਹੁਤ ਸਾਰੇ ਨੌਜਵਾਨ ਹਰ ਰੋਜ ਨਸ਼ਿਆਂ ਕਾਰਨ ਮਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਹੁਣ ਚੁੱਪ ਨਹੀਂ ਬੈਠੇਗੀ ਅਤੇ ਕੈਪਟਨ ਨੂੰ ਕੁੰਭਕਰਨੀ ਨੀਂਦ ਤੋਂ ਜਗਾਉਣ ਅਤੇ ਕਾਂਗਰਸ ਦੇ ਭ੍ਰਿਸ਼ਟਾਚਾਰ ਖ਼ਿਲਾਫ਼ ਲਹਿਰ ਜਾਰੀ ਰੱਖੇਗੀ।
ਰਾਜੇਸ਼ ਹਨੀ ਨੇ ਕਿਹਾ ਕਿ ਇਨ੍ਹਾਂ ਸਾਰੇ ਮਾਮਲਿਆਂ ਦੇ ਸਬੰਧ ਵਿਚ, ਭਾਰਤੀ ਜਨਤਾ ਯੁਵਾ ਮੋਰਚਾ ਦੇ ਵਰਕਰਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕੁੰਭਕਰਨੀ ਨੀਂਦ ਤੋਂ ਜਗਾਉਣ, ਉਨ੍ਹਾਂ ਨੂੰ ਨਸ਼ਿਆਂ ਖ਼ਿਲਾਫ਼ ਕੀਤੇ ਵਾਅਦੇ ਦੀ ਯਾਦ ਦਿਵਾਉਣ ਅਤੇ ਇਸ ਨਸ਼ੇ ਤੋਂ ਨੌਜਵਾਨਾਂ ਦੀਆਂ ਜਾਨਾਂ ਬਚਾਉਣ ਲਈ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਣਾ ਸੀ ਪਰ ਮੁੱਖ ਮੰਤਰੀ ਪੁਲਸ ਦੀ ਤਾਕਤ ਦਿਖਾ ਕੇ ਭਾਜਯੁਮੋ ਵਰਕਰਾਂ ਨੂੰ ਡਰਾਉਣਾ ਚਾਹੁੰਦੇ ਹਨ ਪਰ ਮੁੱਖ ਮੰਤਰੀ ਸ਼ਾਇਦ ਇਹ ਨਹੀਂ ਜਾਣਦੇ ਇਹ ਭਾਜਪਾ ਵਰਕਰ ਹਨ, ਜੋ ਨਾ ਤਾਂ ਡਰਨਗੇ ਅਤੇ ਨਾ ਹੀ ਝੁਕਣਗੇ। ਇਸ ਮੌਕੇ ਯੁਵਾ ਮੋਰਚਾ ਦੇ ਸੂਬਾ ਜਨਰਲ ਸਕੱਤਰ ਦੀਪਾਂਸ਼ੂ ਘਈ, ਸੂਬਾਈ ਮੀਤ ਪ੍ਰਧਾਨ ਅਸ਼ੋਕ ਸਰੀਨ ਹਿੱਕੀ, ਸਲਿਲ ਕਪੂਰ, ਅਭਿਸ਼ੇਕ ਧਵਨ, ਸੀਨੂੰ ਗੋਇਲ, ਸੈਕਟਰੀ ਆਸ਼ੂਤੋਸ਼ ਤਿਵਾੜੀ, ਦਿਲੇਸ਼ ਸ਼ਰਮਾ, ਸਮੂਹ ਰਾਜ ਟੀਮ ਅਤੇ ਜ਼ਿਲ੍ਹਾ ਪ੍ਰਧਾਨ ਸਮੇਤ ਯੁਵਾ ਵਰਕਰ ਮੌਜੂਦ ਸਨ।