ਕਾਂਗਰਸ ’ਚ ਵਾਪਸੀ ਦੇ ਦਾਅਵਿਆਂ ਨੂੰ ਕੈਪਟਨ ਨੇ ਕੀਤਾ ਖਾਰਿਜ, ਕਿਹਾ-ਗਾਂਧੀ ਪਰਿਵਾਰ ਨੂੰ ਨਹੀਂ ਮਿਲਾਂਗਾ

Sunday, Nov 14, 2021 - 11:27 PM (IST)

ਚੰਡੀਗੜ੍ਹ (ਹਰੀਸ਼ਚੰਦਰ)-ਸਾਬਕਾ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਪੰਜਾਬ ਦੇ ਮੰਤਰੀ ਡਾ. ਰਾਜਕੁਮਾਰ ਵੇਰਕਾ ਵੱਲੋਂ ਕੀਤੇ ਗਏ ਇਸ ਦਾਅਵੇ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ ਹੈ ਕਿ ਉਹ ਕਾਂਗਰਸ ਦੀ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨਗੇ ਅਤੇ ਵਾਪਸ ਕਾਂਗਰਸ ’ਚ ਆਉਣਗੇ। ਇਥੇ ਜਾਰੀ ਬਿਆਨ ’ਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਮੰਦਭਾਗੀਆਂ ਅਤੇ ਸ਼ਰਾਰਤੀ ਧਾਰਨਾਵਾਂ ਹਨ, ਜੋ ਸਾਫ਼ ਤੌਰ ’ਤੇ ਕਿਸੇ ਉਲਟੇ ਮਕਸਦ ਨਾਲ ਬਣਾਈਆਂ ਗਈਆਂ ਹਨ।

ਇਹ ਵੀ ਪੜ੍ਹੋ : ਮੀਤ ਹੇਅਰ ਦਾ CM ਚੰਨੀ ’ਤੇ ਵੱਡਾ ਹਮਲਾ, ਕਿਹਾ-ਬੇਰੁਜ਼ਗਾਰ ਅਧਿਆਪਕ ਦਲਜੀਤ ਦਾ ਹੋਇਆ ‘ਸਰਕਾਰੀ ਕਤਲ’

ਉਨ੍ਹਾਂ ਨੇ ਨਾਲ ਹੀ ਦੁਹਰਾਇਆ ਕਿ ਵਾਰ-ਵਾਰ ਪਿੱਛੇ ਮੁੜ ਕੇ ਦੇਖਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਹ ਇਸ ਸਮੇਂ ਆਪਣੀ ਨਵੀਂ ਪਾਰਟੀ ਨੂੰ ਆਕਾਰ ਦੇਣ ’ਚ ਰੁੱਝੇ ਹੋਏ ਹਨ ਅਤੇ ਸੰਗਠਨਾਤਮਕ ਢਾਂਚੇ ਨੂੰ ਅੰਤਿਮ ਰੂਪ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਚੋਣ ਕਮਿਸ਼ਨ ਵੱਲੋਂ ਆਪਣੀ ਪਾਰਟੀ ‘ਪੰਜਾਬ ਲੋਕ ਕਾਂਗਰਸ’ ਦੀ ਰਜਿਸਟ੍ਰੇਸ਼ਨ ਅਤੇ ਚੋਣ ਨਿਸ਼ਾਨ ਦੀ ਅਲਾਟਮੈਂਟ ਦਾ ਇੰਤਜ਼ਾਰ ਕਰ ਰਹੇ ਹਾਂ। ਜ਼ਿਕਰਯੋਗ ਹੈ ਕਿ ਡਾ. ਵੇਰਕਾ ਨੇ ਕਿਹਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ’ਚ ਵਾਪਸ ਲਿਆਂਦਾ ਜਾ ਸਕਦਾ ਹੈ। ਇੰਨਾ ਹੀ ਨਹੀਂ, ਵੇਰਕਾ ਨੇ ਆਖਿਆ ਸੀ ਕਿ ਕੈਪਟਨ ਦੀ ਵਾਪਸੀ ਲਈ ਕੰਮ ਵੀ ਕੀਤਾ ਜਾ ਰਿਹਾ ਹੈ।  

ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ


Manoj

Content Editor

Related News