ਕੈਪਟਨ ਸਰਕਾਰ ਸ਼ਹੀਦ ਹੋਏ ਕਿਸਾਨਾਂ ਨੂੰ ਵਿੱਤੀ ਸਹਾਇਤਾ ਦੇਣ ਲਈ ਨੀਤੀ ਬਣਾਵੇ : ਅਰੋੜਾ

12/22/2020 10:40:13 PM

ਚੰਡੀਗੜ੍ਹ, (ਰਮਨਜੀਤ)- ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕੈਪਟਨ ਸਰਕਾਰ ਤੋਂ ਮੰਗ ਕੀਤੀ ਕਿ ਅੱਜ ਪੰਜਾਬ ਦੀ ਹੋਂਦ ਦੀ ਲੜਾਈ ਲਈ ਚੱਲ ਰਹੇ ਕਿਸਾਨ ਅੰਦੋਲਨ ਦੇ ਸ਼ਹੀਦਾਂ ਵਾਸਤੇ ਵਿੱਤੀ ਮਦਦ, ਨੌਕਰੀ ਅਤੇ ਕਰਜ਼ਾ ਮੁਆਫੀ ਸਬੰਧੀ ਇਕ ਨੀਤੀ ਤਿਆਰ ਕਰਕੇ ਤੁਰੰਤ ਲਾਗੂ ਕਰੇ। ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਪੰਜਾਬ ਦੇ ਲੋਕਾਂ ਨਾਲ ਦੋਗਲੀ ਖੇਡ ਖੇਡ ਰਹੀ ਹੈ। ਸਰਕਾਰ ਆਪਣੇ ਚਹੇਤਿਆਂ ਨੂੰ ਤਾਂ ਨੌਕਰੀਆਂ ਦੇਣ ਲਈ ਸਾਰੇ ਕਾਨੂੰਨਾਂ ਵਿਚ ਬਦਲਾਅ ਕਰ ਸਕਦੀ ਹੈ ਪਰ ਪੰਜਾਬ ਦੀ ਕਿਸਾਨੀ ਤੇ ਖੇਤੀ ਬਚਾਉਣ ਲਈ ਲੜੇ ਜਾ ਰਹੇ ਅੰਦੋਲਨ ਦੇ ਸ਼ਹੀਦਾਂ ਲਈ ਨੀਤੀ ਤਿਆਰ ਨਹੀਂ ਕਰ ਸਕਦੀ, ਜਿਸ ਤੋਂ ਸਪੱਸ਼ਟ ਪਤਾ ਲੱਗਦਾ ਹੈ ਕਿ ਮੋਦੀ-ਕੈਪਟਨ ਕਿਸਾਨ ਵਿਰੋਧੀ ਹਨ।

ਅਰੋੜਾ ਨੇ ਕਿਹਾ ਕਿ ਇਸ ਸਮੇਂ ਪੰਜਾਬ ਦੀ ਕੈਪਟਨ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਕਿਸਾਨ ਅੰਦੋਲਨ ਦੇ ਸ਼ਹੀਦਾਂ ਦੇ ਪਰਿਵਾਰਾਂ ਦੀ ਬਾਂਹ ਫੜ੍ਹੇ । ਸਰਕਾਰ ਤੁਰੰਤ ਸ਼ਹੀਦਾਂ ਦੇ ਪਰਿਵਾਰਾਂ ਲਈ ਵਿੱਤੀ ਮਦਦ, ਨੌਕਰੀ ਅਤੇ ਸਾਰਾ ਕਰਜ਼ਾ ਮੁਆਫੀ ਦੀ ਨੀਤੀ ਬਣਾ ਕੇ ਉਸ ਨੂੰ ਤੁਰੰਤ ਲਾਗੂ ਕਰੇ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਾਰੇ ਨਿਯਮਾਂ ਨੂੰ ਛਿੱਕੇ ਟੰਗਦੇ ਹੋਏ ਨਿਯਮਾਂ ਵਿੱਚ ਬਦਲਾਅ ਕਰ ਕੇ ਤਰਸ ਦੇ ਆਧਾਰ ’ਤੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਅਤੇ ਕਾਂਗਰਸ ਦੇ ਐੱਮ. ਪੀ. ਰਵਨੀਤ ਸਿੰਘ ਬਿੱਟੂ ਦੇ ਭਰਾ ਨੂੰ ਡੀ. ਐੱਸ. ਪੀ. ਦੀ ਨੌਕਰੀ ਦੇ ਸਕਦੇ ਹਨ ਅਤੇ ਕਾਂਗਰਸ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਦੀ ਸਰਕਾਰੀ ਕੋਠੀ ਦਾ 80 ਲੱਖ ਰੁਪਏ ਦਾ ਕਿਰਾਇਆ ਵੀ ਮੁਆਫ਼ ਕਰ ਦਿੱਤਾ ਜਾਂਦਾ ਹੈ ਪਰ ਪੰਜਾਬ ਦੇ ਕਿਸਾਨਾਂ ਕਿਰਤੀਆਂ ਦਾ ਨਹੀਂ। ਪੰਜਾਬ ਦੀ ਹੋਂਦ ਬਚਾਉਣ ਲਈ ਲੜਨ ਵਾਲੇ ਸ਼ਹੀਦਾਂ ਦੇ ਨਾਲ ਸਰਕਾਰ ਇੰਨੀ ਬੇਰੁਖੀ ਕਿਉਂ ਕਰ ਰਹੀ ਹੈ?


Bharat Thapa

Content Editor

Related News