ਕੈਪਟਨ ਸਰਕਾਰ ਦੀ 'ਨਾਲਾਇਕੀ' ਹੈ ਅੰਮ੍ਰਿਤਸਰ ਬਲਾਸਟ: ਹਰਸਿਮਰਤ
Friday, Nov 23, 2018 - 10:51 AM (IST)
ਦਿੱਲੀ/ਚੰਡੀਗੜ੍ਹ(ਕਮਲ)— ਅੰਮ੍ਰਿਤਸਰ ਦੇ ਨਿਰੰਕਾਰੀ ਭਵਨ ਵਿਚ ਹੋਏ ਹਮਲੇ 'ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਇਸ ਘਟਨਾ ਲਈ ਪੰਜਾਬ ਸਰਕਾਰ ਜ਼ਿੰਮੇਦਾਰ ਹੈ। ਸੁਰੱਖਿਆ ਦੀ ਗੱਲ ਕਰਨ ਵਾਲੀ ਸਰਕਾਰ ਨੇ ਹੀ ਬੇਕਸੂਰ ਲੋਕਾਂ ਦੀ ਜਾਨ ਲੈ ਲਈ ਹੈ। ਹਰਸਿਮਰਤ ਕੌਰ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਨੇ ਹਮਲਾ ਕੀਤਾ ਹੈ, ਉਨ੍ਹਾਂ ਨੂੰ ਕਾਂਗਰਸ ਪਾਰਟੀ ਨੇ ਹੀ ਹਵਾ ਦਿੱਤੀ ਹੈ ਪਰ ਹੁਣ ਉਹ ਬਿਨਾਂ ਕਾਂਗਰਸ ਤੋਂ ਪੁੱਛੇ ਇਹ ਸਭ ਹਮਲੇ ਕਰ ਰਹੇ ਹਨ।
ਇਸ ਦੌਰਾਨ ਬੀਬਾ ਬਾਦਲ ਨੇ ਨਿਰੰਕਾਰੀ ਭਵਨ 'ਤੇ ਹਮਲਾ ਕਰਨ ਵਾਲੇ ਹਮਲਾਵਰਾਂ ਦੀ 72 ਘੰਟਿਆਂ ਵਿਚ ਹੋਈ ਗ੍ਰਿਫਤਾਰੀ 'ਤੇ ਬੋਲਦੇ ਹੋਏ ਕਿਹਾ ਕਿ ਜਿਸ ਵਿਕਰਮਜੀਤ ਸਿੰਘ ਨਾਂ ਦੇ ਦੋਸ਼ੀ ਨੂੰ ਫੜਿਆ ਗਿਆ ਹੈ ਉਸ ਦੇ ਪਰਿਵਾਰ ਵਾਲੇ ਕੁੱਝ ਕਹਿ ਰਹੇ ਹਨ ਅਤੇ ਸਰਕਾਰ ਕੁੱਝ ਕਹਿ ਰਹੀ ਹੈ। ਉਨ੍ਹਾਂ ਕਿਹਾ ਕਿ ਇੰਟੈਲੀਜੈਂਟਸ ਵਲੋਂ ਇਨਪੁੱਟ ਮਿਲਣ ਦੇ ਬਾਵਜੂਦ ਵੀ ਸਰਕਾਰ ਸੁੱਤੀ ਰਹੀ। ਲੋਕਾਂ ਦੀ ਸੁਰੱਖਿਆ ਲਈ ਕੁੱਝ ਨਹੀਂ ਕੀਤਾ, ਜਿਸ ਕਾਰਨ ਇਹ ਹਾਦਸਾ ਹੋਇਆ ਹੈ। ਅਸਲ ਵਿਚ ਹਕੀਕਤ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਕਦੇ ਦਫਤਰ ਗਏ ਹੀ ਨਹੀਂ। ਉਨ੍ਹਾਂ ਦੀ ਸਰਕਾਰ ਇਕ ਸੇਵਾ ਮੁਕਤ ਅਫਸਰ ਚਲਾ ਰਿਹਾ ਹੈ। ਪੁਲਸ ਪੈਸੇ ਬਣਾਉਣ ਵਿਚ ਲੱਗੀ ਹੋਈ ਅਤੇ ਪੰਜਾਬ ਵਿਚ ਅੱਤਵਾਦ ਵੀ ਵਧ ਰਿਹਾ ਹੈ।