ਕੈਪਟਨ ਸਰਕਾਰ ਸੂਬੇ ਦੀ ਇੰਡਸਟਰੀ ਦੇ ਵੈਟ ਰਿਫੰਡ ਦਸੰਬਰ ਤੱਕ ਨਿਬੇੜ ਦੇਵੇਗੀ : ਅਰੋੜਾ

06/08/2018 6:25:17 AM

ਜਲੰਧਰ(ਚੋਪੜਾ)-ਪੰਜਾਬ ਸਰਕਾਰ ਇੰਡਸਟਰੀਲਿਸਟਾਂ ਦੇ ਵੈਟ ਰਿਫੰਡ ਦੇ ਮਾਮਲਿਆਂ ਨੂੰ ਨਿਬੇੜਨ ਲਈ ਹਰ ਮਹੀਨੇ 300 ਕਰੋੜ ਜਾਰੀ ਕਰੇਗੀ ਅਤੇ ਦਸੰਬਰ ਮਹੀਨੇ ਤੱਕ ਇੰਡਸਟਰੀਲਿਸਟਾਂ ਦਾ ਸਾਰਾ ਬਕਾਇਆ ਨਿਬੇੜ ਦਿੱਤਾ ਜਾਵੇਗਾ। ਇਹ ਜਾਣਕਾਰੀ ਪੰਜਾਬ ਦੇ ਉਦਯੋਗ ਅਤੇ ਵਪਾਰ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਅੱਜ ਜਲੰਧਰ ਦੀਆਂ ਵੱਖ-ਵੱਖ ਇੰਡਸਟਰੀ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨਾਲ ਇਕ ਬੈਠਕ ਦੌਰਾਨ ਦਿੱਤੀ। ਅਰੋੜਾ ਨੇ ਦੱਸਿਆ ਕਿ ਉਨ੍ਹਾਂ ਨੇ ਵੈਟ ਰਿਫੰਡ ਦਾ ਮਾਮਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਾਹਮਣੇ ਉਠਾਇਆ ਸੀ, ਜਿਸ ਨੂੰ ਪੰਜਾਬ ਦੇ ਵਿੱਤ ਵਿਭਾਗ ਨੇ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਪੰਜਾਬ ਦੇ ਉਦਯੋਗ ਵਿਭਾਗ ਦੇ ਬਿਜ਼ਨੈੱਸ ਫਸਟ ਪੋਰਟਲ ਨੂੰ ਲਾਂਚ ਕਰਨ ਮੌਕੇ ਕਿਹਾ ਕਿ ਇਹ ਪੋਰਟਲ ਇੰਡਸਟਰੀ ਅਤੇ ਇੰਡਸਟਰੀਲਿਸਟਾਂ ਲਈ ਵਰਦਾਨ ਸਾਬਿਤ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਪੋਰਟਲ ਰਾਹੀਂ ਹੋਰ ਵਿਭਾਗਾਂ ਨਾਲ ਸਬੰਧਤ ਮਨਜ਼ੂਰੀਆਂ ਵੀ ਦਿੱਤੀਆਂ ਜਾਣਗੀਆਂ। ਅਰੋੜਾ ਨੇ ਦੱਸਿਆ ਕਿ ਕੈਪਟਨ ਸਰਕਾਰ ਵਲੋਂ ਨਵੀਂ ਉਦਯੋਗ ਨੀਤੀ ਨੂੰ ਆਖਰੀ ਰੂਪ ਦਿੱਤਾ ਜਾ ਰਿਹਾ ਹੈ ਅਤੇ ਅਗਲੇ 15 ਦਿਨਾਂ ਤੱਕ ਇਸ ਨੂੰ ਲਾਗੂ ਕਰ ਦਿੱਤਾ ਜਾਵੇਗਾ।  ਉਨ੍ਹਾਂ ਕਿਹਾ ਕਿ ਨਵੀਂ ਨੀਤੀ ਨਾਲ ਇੰਡਸਟਰੀ ਦੀਆਂ 80 ਫੀਸਦੀ ਸਮੱਸਿਆਵਾਂ ਦੂਰ ਹੋ ਜਾਣਗੀਆਂ।  ਉਦਯੋਗ ਮੰਤਰੀ ਨੇ ਦੱਸਿਆ ਕਿ ਜ਼ਿਲਾ ਪੱਧਰੀ ਕਮੇਟੀਆਂ ਵਲੋਂ 10 ਕਰੋੜ ਰੁਪਏ ਵਾਲੇ ਉਦਯੋਗਾਂ ਨੂੰ ਮਨਜ਼ੂਰੀ ਦੇਣ ਲਈ ਕ੍ਰਾਂਤੀਕਾਰੀ ਕਦਮ ਚੁੱਕੇ ਗਏ ਹਨ, ਜਿਸ ਨਾਲ  ਉਦਯੋਗਪਤੀਆਂ ਨੂੰ ਹਰ ਕੰਮ ਲਈ ਚੰਡੀਗੜ੍ਹ ਨਹੀਂ ਜਾਣਾ ਪਵੇਗਾ। ਉਨ੍ਹਾਂ ਕਿਹਾ ਕਿ ਫੋਕਲ ਪੁਆਇੰਟ ਦੀਆਂ ਸਮੱਸਿਆਵਾਂ ਬਾਰੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਵੀ ਗੱਲਬਾਤ ਕੀਤੀ ਗਈ ਹੈ ਅਤੇ ਛੇਤੀ ਹੀ ਇਨ੍ਹਾਂ ਦਾ ਹੱਲ ਲੱਭ ਲਿਆ ਜਾਵੇਗਾ। ਅਰੋੜਾ ਨੇ ਦੱਸਿਆ ਕਿ ਫੋਕਲ ਪੁਆਇੰਟਾਂ ਦੇ ਵਿਕਾਸ ਲਈ ਸਰਕਾਰ ਨੇ 742 ਕਰੋੜ ਰੁਪਏ ਦੇ ਟੈਂਡਰ ਜਾਰੀ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇੰਡਸਟਰੀ ਨੂੰ 5 ਰੁਪਏ ਯੂਨਿਟ ਬਿਜਲੀ ਮੁਹੱਈਆ ਕਰਵਾਉਣ ਸਬੰਧੀ ਸਰਕਾਰ ਨੇ ਬਿਜਲੀ ਬੋਰਡ ਨੂੰ 1450 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਹੈ ਪਰ ਅਜੇ ਵੀ ਇੰਡਸਟਰੀ ਨੂੰ ਮਹਿੰਗੀ ਬਿਜਲੀ ਮਿਲਣ ਦੀਆਂ ਜੋ ਸ਼ਿਕਾਇਤਾਂ ਆ ਰਹੀਆਂ ਹਨ, ਦਾ ਵੀ ਛੇਤੀ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਉਦਯੋਗਪਤੀਆਂ ਅਤੇ ਸਬੰਧਤ ਅਧਿਕਾਰੀਆਂ ਦੀ ਇਕ ਕਮੇਟੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ, ਜੋ ਹਰ ਮਹੀਨੇ ਮੀਟਿੰਗ ਕਰੇਗੀ। ਅਰੋੜਾ ਨੇ ਕਿਹਾ ਕਿ ਉਹ ਹਰ ਤਿੰਨ ਮਹੀਨਿਆਂ ਬਾਅਦ ਖੁਦ ਇਨ੍ਹਾਂ ਮੀਟਿੰਗਾਂ ਦੀ ਸਮੀਖਿਆ ਕਰਿਆ ਕਰਨਗੇ। ਇਸ ਮੌਕੇ ਸੰਸਦ ਮੈਂਬਰ ਸੰਤੋਖ ਚੌਧਰੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਦਯੋਗਪਤੀਆਂ ਦੀ ਹਰ ਮੁਸ਼ਕਲ ਦਾ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ।  ਉਦਯੋਗ ਵਿਭਾਗ ਦੇ ਡਾਇਰੈਕਟਰ ਡੀ. ਪੀ. ਐੱਸ. ਖਰਬੰਦਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ 22 ਉਦਯੋਗਿਕ ਕਲੱਸਟਰਾਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਨੂੰ ਛੇਤੀ ਹੀ ਵਿਕਸਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਲੰਧਰ ਵਿਚ ਆਟੋ ਪਾਰਟਸ ਕਲੱਸਟਰ, ਪ੍ਰਿੰਟਿੰਗ ਤੇ ਪੈਕੇਜਿੰਗ ਕਲੱਸਟਰ ਅਤੇ ਸਰਜੀਕਲ ਕਲੱਸਟਰ ਵੀ ਇਨ੍ਹਾਂ ਵਿਚ ਸ਼ਾਮਲ ਹਨ। ਇਸ ਮੌਕੇ ਵਿਧਾਇਕ ਅਵਤਾਰ ਹੈਨਰੀ ਜੂਨੀਅਰ, ਸੁਸ਼ੀਲ ਰਿੰਕੂ, ਸੁਰਿੰਦਰ ਚੌਧਰੀ, ਲਾਡੀ ਸ਼ੇਰੋਵਾਲੀਆ, ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ, ਦਲਜੀਤ ਸਿੰਘ ਆਹਲੂਵਾਲੀਆ, ਅਸ਼ੋਕ ਗੁਪਤਾ, ਬੱਬੂ ਨੀਲਕੰਠ ਤੇ ਹੋਰ ਵੀ ਮੌਜੂਦ ਸਨ। 


Related News