ਗੁਰਦਾਸਪੁਰ ਉਪ ਚੋਣ ਨੂੰ ਧਿਆਨ ''ਚ ਰੱਖ ਕੇ ਕੈਪਟਨ ਸਰਕਾਰ ਤੈਅ ਕਰੇਗੀ ਨਗਰ ਨਿਗਮ ਚੋਣਾਂ ਦੀਆਂ ਤਰੀਕਾਂ

Wednesday, Aug 09, 2017 - 04:32 PM (IST)

ਜਲੰਧਰ/ਗੁਰਦਾਸਪੁਰ(ਧਵਨ)— ਪੰਜਾਬ ਸਰਕਾਰ ਵੱਲੋਂ ਗੁਰਦਾਸਪੁਰ ਉਪ ਚੋਣ ਨੂੰ ਧਿਆਨ 'ਚ ਰੱਖ ਕੇ ਹੀ ਜਲੰਧਰ, ਅੰਮ੍ਰਿਤਸਰ, ਪਟਿਆਲਾ ਅਤੇ ਲੁਧਿਆਣਾ 'ਚ ਨਗਰ ਨਿਗਮ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਜਾਵੇਗਾ। ਇਨ੍ਹਾਂ ਮਹਾਨਗਰਾਂ 'ਚ ਨਗਰ ਨਿਗਮਾਂ ਦਾ ਕਾਰਜਕਾਲ ਖਤਮ ਹੋਣ ਵੱਲ ਵਧ ਰਿਹਾ ਹੈ। ਕੇਂਦਰੀ ਚੋਣ ਕਮਿਸ਼ਨ ਨੇ ਅਕਤੂਬਰ ਮਹੀਨੇ ਦੇ ਖਤਮ ਹੋਣ ਤੋਂ ਪਹਿਲਾਂ ਗੁਰਦਾਸਪੁਰ ਉਪ ਚੋਣ ਨੂੰ ਸੰਪੰਨ ਕਰਨਾ ਹੈ। ਫਿਲਮ ਅਭਿਨੇਤਾ ਅਤੇ ਭਾਜਪਾ ਸੰਸਦ ਮੈਂਬਰ ਵਿਨੋਦ ਖੰਨਾ ਦੇ ਦਿਹਾਂਤ ਕਾਰਨ ਗੁਰਦਾਸਪੁਰ ਸੀਟ ਦੀ ਉਪ ਚੋਣ ਕਰਵਾਈ ਜਾ ਰਹੀ ਹੈ।
ਦੂਜੇ ਪਾਸੇ ਰਾਜ ਦੀ ਕਾਂਗਰਸ ਸਰਕਾਰ ਇਹ ਚਾਹੁੰਦੀ ਹੈ ਕਿ ਪਹਿਲਾਂ ਗੁਰਦਾਸਪੁਰ ਸੀਟ ਦੀ ਉਪ ਚੋਣ ਸੰਪੰਨ ਕਰਵਾ ਲਈ ਜਾਵੇ, ਉਸ ਤੋਂ ਬਾਅਦ ਹੀ ਨਗਰ ਨਿਗਮਾਂ ਦੀਆਂ ਚੋਣਾਂ ਦਾ ਐਲਾਨ ਕੀਤਾ ਜਾਵੇ। ਇਸ ਨਾਲ ਕਾਂਗਰਸੀ ਨੇਤਾ ਗੁਰਦਾਸਪੁਰ ਤੋਂ ਫ੍ਰੀ ਹੋ ਜਾਣਗੇ। ਉਂਝ ਵੀ ਅਜੇ ਨਗਰ ਨਿਗਮਾਂ 'ਚ ਵਾਰਡਬੰਦੀ ਦਾ ਕੰਮ ਚੱਲ ਰਿਹਾ ਹੈ ਅਤੇ ਇਹ ਕੰਮ ਅਗਸਤ ਦੇ ਅਖੀਰ ਤੱਕ ਪੂਰਾ ਹੋਣਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਣਨੀਤੀ ਇਹ ਹੈ ਕਿ ਪੁਹਿਲਾਂ ਗੁਰਦਾਸਪੁਰ ਜਿੱਤੋ ਅਤੇ ਉਸ ਦੇ ਤੁਰੰਤ ਬਾਅਦ ਨਗਰ ਨਿਗਮ ਚੋਣਾਂ ਕਰਵਾ ਦਿੱਤੀਆਂ ਜਾਣ। ਇਸ ਲਈ ਗੁਰਦਾਸਪੁਰ ਦਾ ਚੋਣ ਨਤੀਜਾ ਆਉਣ ਦੇ ਤੁਰੰਤ ਬਾਅਦ ਨਗਰ ਨਿਗਮ ਚੋਣਾਂ ਦੀਆਂ ਤਰੀਕਾਂ ਤੈਅ ਹੋ ਜਾਣਗੀਆਂ।
ਇਨ੍ਹਾਂ ਚਾਰ ਵੱਡੇ ਮਹਾਨਗਰਾਂ 'ਚ ਵਾਰਡਾਂ ਦੀ ਗਿਣਤੀ ਵਧਾਈ ਜਾ ਰਹੀ ਹੈ। ਜਲੰਧਰ 'ਚ ਵਾਰਡਾਂ ਦੀ ਗਿਣਤੀ ਵਧਾ ਕੇ 75, ਪਟਿਆਲਾ 'ਚ 60, ਅੰਮ੍ਰਿਤਸਰ 'ਚ 85 ਅਤੇ ਲੁਧਿਆਣਾ 'ਚ 95 ਕੀਤੀ ਜਾ ਰਹੀ ਹੈ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਨਗਰ ਨਿਗਮ ਚੋਣਾਂ ਨਵੰਬਰ ਤੱਕ ਮੁਲਤਵੀ ਹੋ ਸਕਦੀਆਂ ਹਨ।
ਵਾਰਡਬੰਦੀ ਦਾ ਕੰਮ ਪੂਰਾ ਹੋਣ ਤੋਂ ਬਾਅਦ ਹੀ ਰਾਜ ਚੋਣ ਕਮਿਸ਼ਨ ਨੂੰ ਰਿਪੋਰਟ ਭੇਜੀ ਜਾਵੇਗੀ। ਉਸ ਤੋਂ ਬਾਅਦ ਚੋਣਾਂ ਨਾਲ ਸੰਬੰਧਤ ਹੋਰ ਪ੍ਰਕਿਰਿਆਵਾਂ ਨੂੰ ਪੂਰਾ ਕੀਤਾ ਜਾਵੇਗਾ। ਨਗਰ ਨਿਗਮ ਚੋਣਾਂ ਦੇ ਨਾਲ-ਨਾਲ ਰਾਜ ਚੋਣ ਕਮਿਸ਼ਨ ਨੂੰ 36 ਨਗਰ ਕੌਂਸਲਾਂ 'ਚ ਹੀ ਚੋਣਾਂ ਨੂੰ ਸੰਪੰਨ ਕਰਵਾਉਣਾ ਹੈ। ਨਗਰ ਨਿਗਮ ਚੋਣਾਂ ਤੋਂ ਪਹਿਲਾਂ ਗੁਰਦਾਸਪੁਰ 'ਚ ਸਿਆਸੀ ਪਾਰਟੀਆਂ 'ਚ ਸ਼ਕਤੀ ਪ੍ਰੀਖਣ ਹੋਵੇਗਾ ਅਤੇ ਉਸ ਤੋਂ ਬਾਅਦ ਨਗਰ ਨਿਗਮ ਚੋਣਾਂ 'ਚ।


Related News