ਕੈਪਟਨ ਸਰਕਾਰ ਸੂਬੇ ਦੇ ਹਰੇਕ ਨੌਜਵਾਨ ਨੂੰ ਰੋਜ਼ਗਾਰ ਦੇਣ ਦੀ ਵਚਨਬੱਧਤਾ ਪੁਗਾਏਗੀ : ਪ੍ਰਨੀਤ ਕੌਰ
Thursday, Sep 05, 2019 - 08:12 PM (IST)

ਪਟਿਆਲਾ,(ਰਾਜੇਸ਼): ਪਟਿਆਲਾ ਤੋਂ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਨੇ ਇਕ ਨਿਵੇਕਲੀ ਪਹਿਲ ਕਰਦਿਆਂ ਨੌਜਵਾਨਾਂ ਨੂੰ ਨੌਕਰੀਆਂ ਦੇ ਯੋਗ ਬਣਾਉਣ ਦੇ ਮਕਸਦ ਨਾਲ ਉਨ੍ਹਾਂ ਦੇ ਹੁਨਰ ਵਿਕਾਸ ਲਈ ਇਕ ਵਿਸ਼ੇਸ਼ ਵਰਕਸ਼ਾਪ ਕਰਵਾਈ। ਇੱਥੇ ਫੂਲ ਥੀਏਟਰ ਵਿਖੇ ਅੱਜ 'ਅਧਿਆਪਕ ਦਿਵਸ' ਮੌਕੇ ਕਰਵਾਈ ਵਰਕਸ਼ਾਪ 'ਚ ਜ਼ਿਲੇ ਦੇ ਸਕੂਲਾਂ, ਕਾਲਜਾਂ ਤੇ ਹੋਰ ਤਕਨੀਕੀ ਸਿੱਖਿਆ ਸੰਸਥਾਵਾਂ ਤੋਂ ਪੁੱਜੇ ਵੱਡੀ ਗਿਣਤੀ 'ਚ ਵਿਦਿਆਰਥੀ ਤੇ ਸਿਖਿਆਰਥੀਆਂ ਨੇ ਮਾਹਰਾਂ ਤੇ ਉਦਯੋਗਪਤੀਆਂ ਨਾਲ ਸਿੱਧਾ ਰਾਬਤਾ ਕਾਇਮ ਕਰ ਕੇ ਨੌਕਰੀਆਂ ਲਈ ਇੰਟਰਵਿਊ ਦੇਣ ਦੀ ਕਲਾ ਸਮੇਤ ਆਪਣੇ ਹੁਨਰ ਨੂੰ ਨਿਖਾਰ ਕੇ ਪੇਸ਼ ਕਰਨ ਤੇ ਆਤਮ-ਵਿਸ਼ਵਾਸ ਵਧਾਉਣ ਦੇ ਬਹੁਤ ਸਾਰੇ ਦਿਲਚਸਪ ਗੁਰ ਸਿੱਖੇ। ਲੋਕ ਸਭਾ ਮੈਂਬਰ ਨੇ ਜ਼ਿਲੇ ਦੇ ਤਿੰਨ ਅਧਿਆਪਕਾਂ ਸਰਕਾਰੀ ਹਾਈ ਸਕੂਲ ਭੜੀ ਪਨੈਚਾਂ ਦੇ ਮੁੱਖ ਅਧਿਆਪਕ ਕਮਲਜੀਤ ਸਿੰਘ, ਸਰਕਾਰੀ ਫੀਲਖਾਨਾ ਸਕੂਲ ਦੀ ਹਿੰਦੀ ਅਧਿਆਪਕਾ ਮੀਨਾਕਸ਼ੀ ਸ਼ਰਮਾ ਅਤੇ ਸਰਕਾਰੀ ਹਾਈ ਸਕੂਲ ਬੀਨਾਹੇੜੀ ਦੇ ਕੰਪਿਊਟਰ ਅਧਿਆਪਕ ਮਨਜੀਤ ਸਿੰਘ ਚੱਠਾ ਨੂੰ ਸਿੱਖਿਆ ਦੇ ਖੇਤਰ 'ਚ ਪਾਏ ਵਿਲੱਖਣ ਯੋਗਦਾਨ ਬਦਲੇ ਸਨਮਾਨਤ ਵੀ ਕੀਤਾ।
ਨੌਜਵਾਨਾਂ ਦੀ ਵਿਸ਼ਾਲ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਪ੍ਰਨੀਤ ਕੌਰ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੂਬੇ 'ਚ ਬੇਰੋਜ਼ਗਾਰੀ ਸਬੰਧੀ ਬੇਹੱਦ ਚਿੰਤਤ ਹਨ। ਇਸੇ ਲਈ ਉਨ੍ਹਾਂ ਨੇ ਮੌਜੂਦਾ ਸਮੇਂ ਦੇਸ਼ ਦੀ ਡਾਵਾਂਡੋਲ ਆਰਥਿਕਤਾ 'ਚ ਜਦੋਂ ਨੌਜਵਾਨਾਂ ਨੂੰ ਆਪਣੇ ਹੁਨਰ ਮੁਤਾਬਕ ਨੌਕਰੀਆਂ ਦੇ ਮੌਕੇ ਹਾਸਲ ਕਰਨ 'ਚ ਵੱਡੀ ਸਮੱਸਿਆ ਦਰਪੇਸ਼ ਹੈ ਤਾਂ ਬੇਰੋਜ਼ਗਾਰਾਂ ਨੂੰ ਸਰਕਾਰੀ ਤੇ ਗ਼ੈਰ-ਸਰਕਾਰੀ ਖੇਤਰ 'ਚ ਨੌਕਰੀਆਂ ਦੇ ਮੌਕੇ ਮੁਹੱਈਆ ਕਰਨ ਲਈ ਘਰ-ਘਰ ਰੋਜ਼ਗਾਰ ਪ੍ਰੋਗਰਾਮ ਤਹਿਤ ਰੋਜ਼ਗਾਰ ਮੇਲੇ ਲਾਉਣੇ ਸ਼ੁਰੂ ਕੀਤੇ ਹਨ। ਕੈਪਟਨ ਸਰਕਾਰ ਸੂਬੇ ਦੇ ਹਰ ਇਕ ਨੌਜਵਾਨ ਨੂੰ ਲੋੜੀਂਦੀ ਯੋਗਤਾ ਮੁਤਾਬਕ ਰੋਜ਼ਗਾਰ, ਕਾਰੋਬਾਰ ਅਤੇ ਸਵੈ-ਰੋਜ਼ਗਾਰ ਦੇਣ ਦੀ ਆਪਣੀ ਵਚਨਬੱਧਤਾ ਨੂੰ ਹਰ ਹਾਲ ਪੂਰਾ ਕਰੇਗੀ। ਹੁਣ ਤੱਕ 8 ਲੱਖ ਨੌਜਵਾਨਾਂ ਨੂੰ ਸਰਕਾਰੀ ਅਤੇ ਗ਼ੈਰ-ਸਰਕਾਰੀ ਖੇਤਰਾਂ 'ਚ ਨੌਕਰੀਆਂ, ਸਵੈ-ਰੋਜ਼ਗਾਰ ਅਤੇ ਕਾਰੋਬਾਰ ਦੇ ਮੌਕੇ ਮੁਹੱਈਆ ਕਰਵਾਏ ਹਨ।
ਪ੍ਰਨੀਤ ਕੌਰ ਨੇ ਦੱਸਿਆ ਕਿ ਜ਼ਿਲੇ ਅੰਦਰ 20 ਸਤੰਬਰ ਨੂੰ ਸਰਕਾਰੀ ਆਈ. ਟੀ. ਆਈ. ਲੜਕੇ ਪਟਿਆਲਾ, 24 ਨੂੰ ਸਰਕਾਰੀ ਬਹੁ-ਤਕਨੀਕੀ ਕਾਲਜ ਲੜਕੀਆਂ, 26 ਨੂੰ ਆਰੀਅਨ ਗਰੁੱਪ ਆਫ਼ ਕਾਲਜਜ਼ ਰਾਜਪੁਰਾ, 27 ਨੂੰ ਸਰਕਾਰੀ ਆਈ. ਟੀ. ਆਈ. ਰਾਜਪੁਰਾ ਅਤੇ 28 ਸਤੰਬਰ ਨੂੰ ਚਿਤਕਾਰਾ ਯੂਨੀਵਰਸਿਟੀ ਰਾਜਪੁਰਾ ਵਿਖੇ ਮੈਗਾ ਰੋਜ਼ਗਾਰ ਮੇਲੇ ਲੱਗ ਰਹੇ ਹਨ।
ਇਸ ਮੌਕੇ ਨਗਰ ਨਿਗਮ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ, ਸ਼ਹਿਰੀ ਕਾਂਗਰਸ ਪ੍ਰਧਾਨ ਕੇ. ਕੇ. ਮਲਹੋਤਰਾ, ਮੁੱਖ ਮੰਤਰੀ ਦੇ ਓ. ਐੱਸ. ਡੀ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਰਾਜੇਸ਼ ਕੁਮਾਰ, ਕੇ.ਕੇ. ਸਹਿਗਲ, ਰਾਮ ਕੁਮਾਰ ਸਿੰਗਲਾ, ਡਿਪਟੀ ਕਮਿਸ਼ਨਰ ਕੁਮਾਰ ਅਮਿਤ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪੂਨਮਦੀਪ ਕੌਰ, ਪੰਜਾਬ ਰਾਜ ਉਦਯੋਗਿਕ ਵਿਕਾਸ ਨਿਗਮ ਦੇ ਡਾਇਰੈਕਟਰ ਰਾਜੇਸ਼ ਘਾਰੂ, ਰਾਮ ਕੁਮਾਰ ਸਿੰਗਲਾ, ਪਟਿਆਲਾ ਫੋਕਲ ਪੁਆਇੰਟ ਇੰਡਸਟਰੀ ਐਸੋਸੀਏਸ਼ਨ ਦੇ ਚੇਅਰਮੈਨ ਪਰਮਜੀਤ ਸਿੰਘ, ਪ੍ਰਧਾਨ ਅਸ਼ਵਨੀ ਗੁਪਤਾ, ਜਨਰਲ ਸਕੱਤਰ ਅਰਸ਼ਪਾਲ ਸਿੰਘ ਸੋਢੀ, ਪਟਿਆਲਾ ਚੈਂਬਰ ਆਫ਼ ਇੰਡਸਟਰੀਜ਼ ਦੇ ਪ੍ਰਧਾਨ ਐੱਨ. ਐੱਸ. ਖੁਰਾਣਾ, ਪਟਿਆਲਾ ਇੰਡਸਟਰੀਜ਼ ਐਸੋਸੀਏਸ਼ਨ ਦੇ ਪ੍ਰਧਾਨ ਰਾਜਿੰਦਰ ਗੁਪਤਾ ਅਤੇ ਜਨਰਲ ਸਕੱਤਰ ਹਰਜਿੰਦਰ ਸਿੰਘ ਲਾਂਬਾ, ਫੂਲ ਥੀਏਟਰ ਵੱਲੋਂ ਰਾਜੀਵ ਕੁਮਾਰ, ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਅਫ਼ਸਰ ਸੰਪੀ ਸਿੰਗਲਾ ਅਤੇ ਡਿਪਟੀ ਸੀ. ਈ. ਓ. ਸੁਖਮਨ ਬਾਠ ਵੀ ਹਾਜ਼ਰ ਸਨ।