ਕੈਪਟਨ ਨੇ 8 ਮਹੀਨਿਆਂ ਵਿਚ ਅਸਫਲ ਤੇ ਗੈਰ-ਜਮਹੂਰੀ ਸਰਕਾਰ ਦਿੱਤੀ : ਤਰੁਣ ਚੁੱਘ

Thursday, Nov 23, 2017 - 05:15 AM (IST)

ਅੰਮ੍ਰਿਤਸਰ,   (ਵੜੈਚ)-  ਭਾਰਤੀ ਜਨਤਾ ਪਾਰਟੀ ਦੇ ਕੌਮੀ ਸਕੱਤਰ ਤਰੁਣ ਚੁੱਘ ਨੇ ਕੇਂਦਰੀ ਵਿਧਾਨ ਸਭਾ ਅਧੀਨ ਵਾਰਡਾਂ ਦੇ ਵਰਕਰਾਂ ਦੀ ਬੈਠਕ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਾਂਗਰਸ ਸਰਕਾਰ ਦੇ 8 ਮਹੀਨੇ ਪੂਰੇ ਹੋਣ ਦੇ ਬਾਅਦ ਕਾਂਗਰਸੀ ਨੇਤਾਵਾਂ ਦੀ ਗੁੰਡਾਗਰਦੀ ਦਿਨ ਪ੍ਰਤੀ ਦਿਨ ਵਧ ਰਹੀ ਹੈ, ਦਲਿਤਾਂ ਉਤੇ ਅੱਤਿਆਚਾਰ ਹੋ ਰਹੇ ਹਨ, ਸ਼ਹਿਰਾਂ ਵਿਚ ਗੈਂਗਵਾਰ ਹੋ ਰਹੀ ਹੈ,  ਬਿਜਲੀ ਬਿੱਲਾਂ ਦੇ ਵਾਧੇ ਨਾਲ ਜਨਤਾ 'ਚ ਹਾਹਾਕਾਰ ਮਚੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਵੀ. ਆਈ. ਪੀ. ਕਲਚਰ ਬਾਦਸਤੂਰ ਜਾਰੀ ਹੈ, ਵਿਰੋਧੀ ਧਿਰ ਦੀ ਆਵਾਜ਼ ਦਬਾ ਕੇ ਲੋਕਤੰਤਰ ਦਾ ਕਤਲ ਹੋਇਆ ਹੈ, ਨਿੱਜੀ ਸਕੂਲਾਂ ਵਿਚ ਫੀਸਾਂ ਵਧਾ ਕੇ ਵਿਦਿਆਰਥੀਆਂ-ਮਾਪਿਆਂ ਦੀ ਲੁੱਟ ਹੋ ਰਹੀ ਹੈ। 
ਚੁੱਘ ਨੇ ਕਿਹਾ ਕਿ ਕਾਂਗਰਸ ਦੇ ਵਿਧਾਇਕ ਪਿਛਲੀ ਗਠਜੋੜ ਸਰਕਾਰ ਦੇ ਵਿਕਾਸ ਕਾਰਜਾਂ ਦਾ ਝੂਠਾ ਸਿਹਰਾ ਲੈਣ ਦੀ ਹੋੜ ਲਾ ਰਹੇ ਹਨ। ਚੁੱਘ ਨੇ ਕਿਹਾ ਦੀ 8 ਮਹੀਨਿਆਂ ਵਿਚ ਕਾਂਗਰਸ ਦੇ ਨੇਤਾ ਅੰਮ੍ਰਿਤਸਰ ਸਮੇਤ ਵੱਡੇ ਸ਼ਹਿਰਾਂ, ਕਸਬਿਆਂ ਆਦਿ ਵਿਚ ਆਪਣੇ ਵਿਰੋਧੀਆਂ ਉਤੇ ਹਮਲੇ ਕਰ ਰਹੇ ਹਨ, ਕੱਚੇ ਕਰਮਚਾਰੀ ਪੱਕੇ ਹੋਣ ਦੀ ਰਾਹ ਤੱਕ ਰਹੇ ਹਨ। ਚੋਣ ਪ੍ਰਚਾਰ ਦੌਰਾਨ ਰਾਹੁਲ ਗਾਂਧੀ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਬਣਦੇ ਹੀ ਇਕ ਮਹੀਨੇ ਵਿਚ ਚਿੱਟਾ ਮੁਕਤ ਪੰਜਾਬ ਬਣਾਉਣ ਦਾ ਵਾਅਦਾ ਕੀਤਾ ਸੀ। ਅੱਜ ਵੀ ਹਰ ਮੁਹੱਲੇ ਵਿਚ ਚਿੱਟਾ ਸ਼ਰੇਆਮ ਮਿਲ ਰਿਹਾ ਹੈ। 
ਇਸ ਮੌਕੇ ਮੰਡਲ ਪ੍ਰਧਾਨ ਦਵਿੰਦਰ ਹੀਰਾ, ਸਾਬਕਾ ਕੌਂਸਲਰ ਦਿਲਬਾਗ ਸਿੰਘ, ਜਗਚਾਨਣ ਸਿੰਘ, ਗੋਪ ਚੰਦ, ਹਰਪਾਲ ਪੰਨੂ, ਟਹਿਲ ਸਿੰਘ, ਸ਼ੰਕਰ ਲਾਲ ਆਦਿ ਮੌਜੂਦ ਹਨ।


Related News