ਕੈਪਟਨ ਨੇ ਲਾਰੇ ਲਾ ਕੇ ਲੋਕਾਂ ਨੂੰ ਠੱਗਿਆ : ਸੁਖਬੀਰ

02/16/2018 7:26:04 AM

ਹੁਸ਼ਿਆਰਪੁਰ/ਸੈਲਾ ਖੁਰਦ (ਇਕਬਾਲ ਸਿੰਘ ਘੁੰਮਣ, ਅਰੋੜਾ) - ਕੈਪ. ਅਮਰਿੰਦਰ ਸਿੰਘ ਨੇ ਚੋਣਾਂ ਜਿੱਤਣ ਲਈ ਪੰਜਾਬ ਦੇ ਲੋਕਾਂ ਨੂੰ ਸਭ ਕੁਝ ਮੁਆਫ਼ ਕਰਨ ਦਾ ਵਾਅਦਾ ਕੀਤਾ ਤੇ ਝੂਠ ਦੇ ਸਹਾਰੇ ਬਣੀ ਸਰਕਾਰ ਨੇ ਹੁਣ ਹੱਥ ਖੜ੍ਹੇ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਨੇ ਲਾਰੇ ਲਾ ਕੇ ਲੋਕਾਂ ਨੂੰ ਠੱਗਿਆ। ਮਨਪ੍ਰੀਤ ਸਿੰਘ ਬਾਦਲ ਨੇ ਕਾਂਗਰਸ ਦਾ ਚੋਣ ਮੈਨੀਫੈਸਟੋ ਬਣਾਇਆ ਤੇ ਅੱਜ ਖਜ਼ਾਨਾ ਖਾਲੀ ਹੋਣ ਦਾ ਢਿੰਡੋਰਾ ਪਿੱਟ ਰਿਹਾ ਹੈ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੁਖਬੀਰ ਸਿੰਘ ਬਾਦਲ ਸਾਬਕਾ ਉਪ ਮੁੱਖ ਮੰਤਰੀ ਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਹਲਕਾ ਗੜ੍ਹਸ਼ੰਕਰ ਵਿਖੇ ਜ਼ਿਲਾ ਪ੍ਰਧਾਨ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਦੀ ਅਗਵਾਈ 'ਚ ਆਯੋਜਿਤ 'ਪੋਲ ਖੋਲ੍ਹ' ਰੈਲੀ ਦੌਰਾਨ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੇ ਕੈਪ. ਅਮਰਿੰਦਰ ਸਿੰਘ ਦਾ ਪਿਛਲਾ ਰਾਜ ਨਹੀਂ ਸੀ ਦੇਖਿਆ ਤੇ ਧੋਖੇ ਵਿਚ ਆ ਕੇ ਕਾਂਗਰਸ ਨੂੰ ਵੋਟਾਂ ਦੇ ਦਿੱਤੀਆਂ, ਜਿਸ ਦਾ ਖਮਿਆਜ਼ਾ ਹੁਣ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਦੂਜੀ ਆਮ ਆਦਮੀ ਪਾਰਟੀ, ਜਿਸ ਨੂੰ ਐੱਨ. ਆਰ. ਆਈਜ਼. ਸਮਰਥਨ ਦੇ ਰਹੇ ਸਨ, ਉਹੀ ਅੱਜ ਇਸ ਨੂੰ ਕੋਸ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਕਹਿਣੀ ਤੇ ਕਰਨੀ 'ਚ ਕਦੇ ਕੋਈ ਫਰਕ ਨਹੀਂ ਹੋਇਆ। ਕਿਸਾਨਾਂ ਦੇ ਮੋਟਰਾਂ ਦੇ ਬਿਜਲੀ ਬਿੱਲਾਂ ਦੀ ਅਸੀਂ 6-6 ਹਜ਼ਾਰ ਕਰੋੜ ਦੀ ਅਦਾਇਗੀ ਪਾਵਰਕਾਮ ਨੂੰ ਕਰਦੇ ਸੀ ਤੇ ਸੂਬੇ ਨੂੰ ਬਿਜਲੀ ਪੱਖੋਂ ਵੀ ਸਰਪਲੱਸ ਬਣਾਇਆ ਅਤੇ ਗਰੀਬ ਲੋਕਾਂ ਲਈ ਆਟਾ-ਦਾਲ ਸਕੀਮ 'ਤੇ 2 ਹਜ਼ਾਰ ਕਰੋੜ ਖਰਚਦੇ ਸੀ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਸੁਨੀਲ ਜਾਖੜ ਜੋ ਸਾਡੀ ਪੋਲ ਖੋਲ੍ਹਣ ਦੀ ਗੱਲ ਕਰਦੇ ਹਨ, ਉਨ੍ਹਾਂ ਨੂੰ ਖੁੱਲ੍ਹੀ ਦਾਅਵਤ ਹੈ ਕਿ ਉਨ੍ਹਾਂ ਦੀ ਹੀ ਸਰਕਾਰ ਹੈ ਤੇ ਉਹ ਇਸ ਦੀ ਜਾਂਚ ਕਰਵਾ ਲੈਣ। ਉਨ੍ਹਾਂ ਮਨਪ੍ਰੀਤ ਬਾਦਲ ਵੱਲੋਂ ਖੁੱਲ੍ਹੀ ਬਹਿਸ ਦੇ ਸੱਦੇ ਦੀ ਗੱਲ ਦਾ ਜਵਾਬ ਦਿੰਦਿਆਂ ਕਿਹਾ ਕਿ ਉਹ ਆਪਣਾ ਵਿਭਾਗ ਹੀ ਚਲਾ ਲੈਣ, ਉਹ ਕਾਫੀ ਹੈ। ਉਨ੍ਹਾਂ ਕਿਹਾ ਕਿ ਜੀ. ਐੱਸ. ਟੀ. ਟੈਕਸ ਤਾਂ ਲੋਕਾਂ 'ਤੇ ਲੱਗਾ ਹੈ ਪਰ ਮਨਪ੍ਰੀਤ ਬਾਦਲ ਨੇ ਬਠਿੰਡਾ 'ਤੇ ਜੇ. ਐੱਸ. ਟੀ. ਟੈਕਸ ਵੀ ਵੱਖਰਾ ਲਾਇਆ ਹੈ, ਤੁਸੀਂ ਉਥੋਂ ਦੇ ਪੱਤਰਕਾਰਾਂ ਕੋਲੋਂ ਇਸ ਸਬੰਧੀ ਪੁੱਛ ਸਕਦੇ ਹੋ। ਨਵਜੋਤ ਸਿੰਘ ਸਿੱਧੂ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਇਹੋ ਜਿਹੇ ਬੰਦੇ ਨਾਲ ਮੈਂ ਖੁੱਲ੍ਹੀ ਬਹਿਸ ਕਰਨ ਨੂੰ ਤਿਆਰ ਨਹੀਂ ਹਾਂ, ਕਿਉਂਕਿ ਜੋ ਲੋਕ ਵਿਰਾਸਤ-ਏ-ਖਾਲਸਾ ਨੂੰ ਚਿੱਟਾ ਹਾਥੀ ਕਹਿੰਦੇ ਹਨ, ਉਨ੍ਹਾਂ ਨਾਲ ਕੋਈ ਬਹਿਸ ਨਹੀਂ ਕੀਤੀ ਜਾ ਸਕਦੀ। ਪੰਜਾਬ ਦੇ ਲੋਕ ਜਲਦ ਉਨ੍ਹਾਂ ਨੂੰ ਜਵਾਬ ਦੇਣਗੇ।
ਇਸ ਮੌਕੇ ਬਿਕਰਮ ਸਿੰਘ ਮਜੀਠੀਆ ਸਾਬਕਾ ਕੈਬਨਿਟ ਮੰਤਰੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪੰਜਾਬ ਦੇ ਲੋਕਾਂ ਨੇ 77 ਸੀਟਾਂ 'ਤੇ ਕਾਂਗਰਸ ਨੂੰ ਜਿਤਾ ਕੇ ਉਨ੍ਹਾਂ ਵਿਚ ਵਿਸ਼ਵਾਸ ਦਰਸਾਇਆ ਪਰ ਇਹ ਸਰਕਾਰ ਅੱਜ ਉਨ੍ਹਾਂ ਦੀ ਸਾਰ ਕਿਉਂ ਨਹੀਂ ਲੈ ਰਹੀ। ਘਰ-ਘਰ ਨੌਕਰੀਆਂ ਦੇਣ ਦੇ ਵਾਅਦੇ ਕਿੱਥੇ ਗਏ ਹਨ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਸਰਕਾਰ ਦਾ ਸਭ ਤੋਂ ਵੱਡਾ ਚਿੱਟਾ ਹਾਥੀ ਹੈ, ਜੋ ਕੋਈ ਕੰਮ ਨਹੀਂ ਕਰਦਾ ਤੇ ਉਸ ਨੇ ਆਪਣੀ ਮਾਂ-ਪਾਰਟੀ ਨੂੰ ਵੀ ਧੋਖਾ ਦਿੱਤਾ।
ਇਸ ਸਮੇਂ ਬੀਬੀ ਜਗੀਰ ਕੌਰ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਤੇ ਸਾਬਕਾ ਕੈਬਨਿਟ ਮੰਤਰੀ, ਡਾ. ਦਲਜੀਤ ਸਿੰਘ ਚੀਮਾ ਸਾਬਕਾ ਕੈਬਨਿਟ ਮੰਤਰੀ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਮੈਂਬਰ ਪਾਰਲੀਮੈਂਟ, ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਜ਼ਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਬੀਬੀ ਮਹਿੰਦਰ ਕੌਰ ਜੋਸ਼ ਸਾਬਕਾ ਮੁੱਖ ਪਾਰਲੀਮਾਨੀ ਸਕੱਤਰ, ਦੇਸ ਰਾਜ ਸਿੰਘ ਧੁੱਗਾ ਸਾਬਕਾ ਮੁੱਖ ਪਾਰਲੀਮਾਨੀ ਸਕੱਤਰ, ਅਵਿਨਾਸ਼ ਰਾਏ ਖੰਨਾ ਕੌਮੀ ਮੀਤ ਪ੍ਰਧਾਨ ਭਾਜਪਾ, ਸਰਬਜੋਤ ਸਿੰਘ ਸਾਬੀ ਚੇਅਰਮੈਨ ਜ਼ਿਲਾ ਪ੍ਰੀਸ਼ਦ, ਅਵਤਾਰ ਸਿੰਘ ਜੌਹਲ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਸੋਹਣ ਸਿੰਘ ਠੰਡਲ ਸਾਬਕਾ ਕੈਬਨਿਟ ਮੰਤਰੀ, ਅਰਵਿੰਦਰ ਸਿੰਘ ਰਸੂਲਪੁਰ ਹਲਕਾ ਇੰਚਾਰਜ ਉੜਮੁੜ ਟਾਂਡਾ, ਜਸਵਿੰਦਰ ਸਿੰਘ ਬਿੱਟੂ ਚੇਅਰਮੈਨ ਮਾਰਕੀਟ ਕਮੇਟੀ ਮੁਕੇਰੀਆਂ, ਕੰਵਲਜੀਤ ਸਿੰਘ ਤੁਲੀ, ਬਰਿੰਦਰ ਸਿੰਘ ਪਰਮਾਰ ਜ਼ਿਲਾ ਪ੍ਰਧਾਨ ਆਈ. ਟੀ. ਵਿੰਗ, ਰਜਿੰਦਰ ਸਿੰਘ ਨੰਗਲ ਖੂੰਗਾ, ਕਮਲਜੀਤ ਸਿੰਘ ਕੁਲਾਰ, ਸਤਵਿੰਦਰਪਾਲ ਸਿੰਘ ਢੱਟ ਚੇਅਰਮੈਨ, ਅਨਿਲ ਹੈਪੀ ਅਗਰਵਾਲ, ਹਰਜੀਤ ਸਿੰਘ ਭਾਂਤਪੁਰੀ, ਇਕਬਾਲ ਸਿੰਘ ਖੇੜਾ, ਹਰਪ੍ਰੀਤ ਸਿੰਘ ਰਿੰਕੂ ਬੇਦੀ, ਅਮਰਜੀਤ ਸਿੰਘ ਮੋਰਾਂਵਾਲੀ, ਰਵਿੰਦਰ ਠੰਡਲ, ਬੂਟਾ ਸਿੰਘ ਅਲੀਪੁਰ ਸਮੇਤ ਵੱਡੀ ਗਿਣਤੀ 'ਚ ਅਕਾਲੀ ਦਲ ਦੇ ਅਹੁਦੇਦਾਰ ਤੇ ਵਰਕਰ ਮੌਜੂਦ ਸਨ।


Related News