ਮੋਦੀ ਦੇ ਇਸ਼ਾਰਿਆਂ ’ਤੇ ਕੈਪਟਨ ਨੇ ਕੀਤਾ ਸੀ ਵਿਧਾਨਸਭਾ ’ਚ ਖ਼ੇਤੀ ਕਾਨੂੰਨਾਂ ਸਬੰਧੀ ਨਾਟਕ : ਮਾਨ
Saturday, Jan 09, 2021 - 02:04 PM (IST)
ਚੰਡੀਗੜ੍ਹ (ਰਮਨਜੀਤ) : ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਵਿਧਾਨਸਭਾ ਵਲੋਂ ਸਰਵਸੰਮਤੀ ਨਾਲ ਖ਼ੇਤੀ ਕਾਨੂੰਨ ਪਾਸ ਨਾ ਕਰ ਸਕਣਾ ਅਤੇ ਉਸ ਨੂੰ ਰਾਸ਼ਟਰਪਤੀ ਕੋਲ ਨਾ ਭੇਜ ਸਕਣਾ ਪੰਜਾਬ ਸਰਕਾਰ ਦੀ ਨਾਕਾਮੀ ਹੈ। ਅਜਿਹਾ ਕੈਪਟਨ ਅਤੇ ਰਾਜਪਾਲ ਨੇ ਮਿਲ ਕੇ ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਸ਼ਾਹ ਦੇ ਇਸ਼ਾਰੇ ’ਤੇ ਕੀਤਾ ਹੈ। ਹੁਣ ਇਹ ਸਾਬਤ ਹੋ ਗਿਆ ਹੈ ਕਿ ਇੰਨੇ ਦਿਨਾ ਤੋਂ ਕੈਪਟਨ ਮੋਦੀ ਨਾਲ ਮਿਲ ਕੇ ਖੇਤੀ ਕਾਨੂੰਨਾਂ ’ਤੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਸਾਜਿਸ਼ ਰਚ ਰਹੇ ਸਨ। ਇਹ ਗੱਲ ਇੱਥੇ ਜਾਰੀ ਇਕ ਬਿਆਨ ਵਿਚ ‘ਆਪ’ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਕਹੀ।
ਇਹ ਵੀ ਪੜ੍ਹੋ : ਕਿਸਾਨੀ ਘੋਲ : ਟਵਿੱਟਰ ਦੇ ਇਤਿਹਾਸ 'ਚ ਪਹਿਲੇ ਨੰਬਰ 'ਤੇ ਟਰੈਂਡ ਕੀਤਾ ਗੁਰਮੁਖੀ ਹੈਸ਼ਟੈਗ 'ਜਾਂ ਮਰਾਂਗੇ, ਜਾਂ ਜਿੱਤਾਂਗੇ'
ਭਗਵੰਤ ਮਾਨ ਨੇ ਕਿਹਾ, ਮੁੱਖ ਮੰਤਰੀ ਨੇ ਵਿਧਾਨਸਭਾ ਵਿਚ ਕਾਲੇ ਖ਼ੇਤੀ ਕਾਨੂੰਨਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਕਹੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਇਸ ਬਾਰੇ ਰਾਜ ਦੇ ਐਡਵੋਕੇਟ ਜਨਰਲ ਨਾਲ ਗੱਲ ਕੀਤੀ ਹੈ ਪਰ ਹੈਰਾਨੀ ਦੀ ਗੱਲ ਹੈ ਇੰਨੇ ਸਾਰੇ ਵਕੀਲਾਂ ਦੀ ਫੌਜ ਹੁੰਦੇ ਹੋਏ ਵੀ ਏ. ਜੀ. ਨੇ ਹਾਲੇ ਤੱਕ ਕੁਝ ਵੀ ਨਹੀਂ ਕੀਤਾ ਹੈ। ਮੁੱਖ ਮੰਤਰੀ ’ਤੇ ਕਿਸਾਨਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਉਂਦੇ ਹੋਏ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਨੇ ਆਪਣੇ ਬੇਟੇ ਨੂੰ ਈ. ਡੀ. ਤੋਂ ਬਚਾਉਣ ਲਈ ਮੋਦੀ ਸਰਕਾਰ ਨਾਲ ਕਿਸਾਨਾਂ ਦੇ ਹਿੱਤਾਂ ਦਾ ਸਮਝੌਤਾ ਕਰ ਲਿਆ ਹੈ ਅਤੇ ਹੁਣ ਕਿਸਾਨਾਂ ਨੂੰ ਗੁੰਮਰਾਹ ਕਰਨ ਲਈ ਕੇਂਦਰ ਨਾਲ ਵਾਦ-ਵਿਵਾਦ ਕਰਨ ਦਾ ਡਰਾਮਾ ਰਚ ਰਹੇ ਹਨ। ਮਾਨ ਨੇ ਕਿਹਾ ਕਿ ਖੇਤੀ ਕਾਨੂੰਨਾਂ ’ਤੇ ਵਿਸ਼ੇਸ਼ ਸੈਸ਼ਨ ਤੋਂ ਪਹਿਲਾਂ ਕਿਸੇ ਵੀ ਵਿਧਾਇਕ ਨੂੰ ਪ੍ਰਸਤਾਵ ਦੀ ਕਾਪੀ ਨਹੀਂ ਦਿੱਤੀ ਗਈ ਤਾਂ ਕਿ ਉਹ ਕਾਨੂੰਨ ’ਤੇ ਉਚਿਤ ਚਰਚਾ ਕਰ ਸਕਣ। ਅਜਿਹਾ ਉਨ੍ਹਾਂ ਨੇ ਇਸ ਲਈ ਕੀਤਾ ਕਿਉਂਕਿ ਉਨ੍ਹਾਂ ਦੀ ਪਹਿਲਾਂ ਹੀ ਮੋਦੀ ਸਰਕਾਰ ਨਾਲ ਡੀਲ ਹੋ ਚੁੱਕੀ ਸੀ।
ਇਹ ਵੀ ਪੜ੍ਹੋ : ਬਰਡ ਫਲੂ ਦੇ ਖਤਰੇ ਨੂੰ ਦੇਖਦਿਆਂ ਪੰਜਾਬ ’ਚ ਪੰਛੀਆਂ ’ਤੇ ਸਖ਼ਤ ਨਿਗਰਾਨੀ ਦੇ ਹੁਕਮ
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ